ਸਿੱਖ ਧਰਮ ਵਿੱਚ ਧਰਤੀ ਦੀ ਰਚਨਾ ਦਾ ਕੀ ਮਕਸਦ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਜਸਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ‘ਸਿੱਖ ਧਰਮ ਵਿੱਚ ਧਰਤੀ ਦੀ ਰਚਨਾ ਦਾ ਕੀ ਮਕਸਦ ਹੈ?’ ਦੇ ਜਵਾਬ ਵਿਚ ਦਾਸ ਤੁਹਾਨੂੰ ਗੁਰਬਾਣੀ ਵਿਚੋਂ ਹੇਠ ਲਿੱਖੀ ਤੁੱਕ ਤੇ ਉਸ ਦੇ ਅਰਥ ਪੜ੍ਹਨ ਲਈ ਬੇਨਤੀ ਕਰਦਾ ਹੈ:-
ਸਾਚਾ ਖੇਲੁ ਤੁਮ੍ਹ੍ਹਾਰਾ ॥ ਸਚੁ ਖੇਲੁ ਤੁਮ੍ਹ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥ {ਪੰਨਾ 764}
ਅਰਥ: ਹੇ ਪ੍ਰਭੂ! ਤੂੰ ਸੰਸਾਰ ਦੀ ਜਿੰਦ-ਜਾਨ ਹੈਂ, ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ (ਭਾਵ, ਹੈ ਤਾਂ ਇਹ ਸੰਸਾਰ ਇਕ ਖੇਡ ਹੀ, ਹੈ ਤਾਂ ਨਾਸਵੰਤ, ਪਰ ਮਨ ਦਾ ਭਰਮ ਨਹੀਂ, ਸਚ-ਮੁਚ ਮੌਜੂਦ ਹੈ) ।
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ (ਇਹ ਅਸਲੀਅਤ) ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ।
ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਹ ਸੰਸਾਰ ਪਰਮਾਤਮਾ ਦੀ ਰਚੀ ਹੋਈ ਖੇਡ ਹੈ ਤੇ ਇਸ ਲੀਲਾ ਬਾਰੇ ਸਿਵਾਏ ਪਰਮਾਤਮਾ ਦੇ ਹੋਰ ਕੋਈ ਦਸਣ ਦੇ ਸਮਰਥ ਨਹੀਂ ਹੈ।
ਅੱਗੇ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਪਰਮਾਤਮਾ ਨੇ ਆਪ ਹੀ ਸਾਰੇ ਜਗਤ ਦੀ ਰਚਨਾ ਕਰਕੇ ਫਿਰ ਆਪ ਹੀ ਕੰਮ ਉਤੇ ਲਗਾਇਆ ਹੋਇਆ ਹੈ:-
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ।। (ਪੰਨਾ 138)
ਅਰਥ: (ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ।
ਹੋਰ ਅੱਗੇ ਗੁਰੂ ਸਾਹਿਬ ਫੁਰਮਾਉਂਦੇ ਹਨ :-
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ। ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ।। (ਪੰਨਾ 433)
ਅਰਥ: ਪਰਮੇਸਰ (ਇਸ ਬਾਰੇ ਸੰਸਾਰ ਦਾ) ਪਾਤਿਸ਼ਾਹ ਹੈ, ਉਸ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ। ਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਸਮਝਦਾ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ। (ਪਰ ਹੇ ਮਨ! ਤੂੰ ਉਸ ਪ੍ਰਭੂ ਦਾ ਦਰਸਨ ਕਰਨ ਦੇ ਥਾਂ ਆਪਣੀ ਵਿੱਦਿਆ ਵਿਚ ਹੀ ਅਹੰਕਾਰੀ ਹੋਇਆ ਬੈਠਾ ਹੈਂ) ।।
ਗੁਰਬਾਣੀ ਅਨੁਸਾਰ ਪਰਮਾਤਮਾ ਸ੍ਰਿਸ਼ਟੀ ਦਾ ਕਾਰਣ ਅਤੇ ਕਰਤਾ ਦੋਵੇਂ ਹੈ ਅਰਥਾਤ ਪ੍ਰਕ੍ਰਿਤੀ (ਕੁਦਰਤ) ਜਾਂ ਮਾਇਆ ਸਭ ਪਰਮਾਤਮਾ ਦੇ ਅਧੀਨ ਹਨ। ਇਸ ਤਰ੍ਹਾਂ ਗੁਰਬਾਣੀ ਸ੍ਰਿਸ਼ਟੀ ਨੂੰ ਈਸ਼ਵਰੀ ਇੱਛਾ ਦਾ ਸਿੱਟਾ ਮੰਨਦੀ ਹੈ ਤੇ ਇਸ ਰਚਨਾ ਦਾ ਮਕਸਦ ਪਰਮਾਤਮਾ ਆਪ ਹੀ ਜਾਣਦਾ ਹੈ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ