After someone takes Amrit, what kind of worship and lifestyle should they follow?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਸੁਖ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਪੰਜਾਂ ਪਿਆਰਿਆਂ ਕੋਲੋਂ ਪਾਹੁਲ ਲੈਣਾ, ਜਿਸ ਨੂੰ ਆਮ ਤੌਰ ਤੇ ਅੰਮ੍ਰਿਤ ਛੱਕਣਾ ਕਿਹਾ ਜਾਂਦਾ ਹੈ, ਦਾ ਅਰਥ ਹੈ ਕਿ ਗੁਰੂ ਦੇ ਘਰ ਵਿਚ ਨਵਾਂ ਜਨਮ ਲੈਣਾ। ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁ ਮਨੁ ਲਾਇਆ ॥ ਮਨਸਾ ਆਸਾ ਸਬਦਿ ਜਲਾਈ ॥ ਗੁਰਮੁਖਿ ਜੋਤਿ ਨਿਰੰਤਰਿ ਪਾਈ ॥ ਤ੍ਰੈ ਗੁਣ ਮੇਟੇ ਖਾਈਐ ਸਾਰੁ ॥ ਨਾਨਕ ਤਾਰੇ ਤਾਰਣਹਾਰੁ ॥੨੦॥ {ਪੰਨਾ 940}
ਅਰਥ: (ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ। ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ। ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ, ਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ। (ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ। (ਪਰ) ਹੇ ਨਾਨਕ! (ਇਸ ‘ਦੁਤਰ ਸਾਗਰ’ ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ। 20।
ਇਸ ਗੁਰਬਾਣੀ ਦੇ ਤੁੱਕ ਤੇ ਇਸ ਦੇ ਅਰਥਾਂ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਘਰ ਵਿਚ ਆਪਣਾ ਨਵਾਂ ਜਨਮ ਲੈਣ ਤੋਂ ਬਾਅਦ ਆਪਣਾ ਜੀਵਨ ਸ਼ਬਦ ਗੁਰੂ (ਗਿਆਨ ਗੁਰੂ) ਦੀ ਸਿੱਖਿਆ ਅਨੁਸਾਰ ਹੀ ਬਤੀਤ ਕਰਨਾ ਹੈ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ ਨੂੰ ਹਮੇਸ਼ਾਂ ਅੰਗ ਸੰਗ ਸਮਝਣਾ ਹੈ ਤੇ ਕੁੱਝ ਵੀ ਇਹੋ ਜਿਹਾ ਨਹੀਂ ਕਰਨਾ ਹੈ ਕਿ ਜਿਸ ਨਾਲ ਗੁਰੂ ਨੂੰ ਲਾਜ ਲੱਗੇ। ਜੋ ਪੰਜ ਕਕਾਰ ਸਿੱਖ ਪਾਹੁਲ ਲੈਣ ਤੋਂ ਬਾਅਦ ਪਹਿਨਦਾ ਹੈ, ਉਹ ਇੱਕ ਅਨੁਸ਼ਾਸਨ ਦਾ ਪ੍ਰਤੀਕ ਹਨ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਅਰਥਾਤ ਅਰਥ ਕਰਨ ਤੋਂ ਬਾਅਦ ਇੱਕ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ। ਇਸ ਦੇ ਅੰਤ ਵਿਚ ਆਪਣੀ ਸਮਝ ਅਨੁਸਾਰ ਉਨ੍ਹਾਂ ਨੇ ਸੰਖੇਪ ਵਿਚ ‘ਗੁਰਮਤਿ ਦੀ ਪਟੜੀ’ ਦੇ ਸਿਰਲੇਖ ਹੇਠਾਂ ਦੱਸਿਆ ਹੈ ਕਿ ਸਿੱਖ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਪ੍ਰੋਫੈਸਰ ਸਾਹਿਬ ਅਨੁਸਾਰ ‘ਗੁਰਮਤਿ ਦੀ ਪਟੜੀ’ ਇਹ ਹੈ:-
“ਗ੍ਰਿਹਸਤ ਵਿਚ ਰਹਿੰਦਿਆਂ, ਕਿਰਤ-ਕਾਰ ਕਰਦਿਆਂ ਮਨੁੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਯਾਦ ਵਿਚ ਨਿੱਤ ਜੁੜਨਾ ਹੈ। ਕਿਰਤ-ਕਾਰ ਵਿਚ ਕਮਾਈ ਸਦਾ ਹੱਕ ਦੀ ਕਰਨੀ ਹੈ, ਤੇ, ਉਸ ਵਿਚ ਲੋੜਵੰਦਿਆਂ ਦੀ ਸੇਵਾ ਭੀ ਕਰਦੇ ਰਹਿਣਾ ਹੈ, ਸੇਵਾ ਭੀ ਕਰਨੀ ਹੈ ਨਿਰਮਾਣ ਰਹਿ ਕੇ। ਦਿਨ ਵੇਲੇ ਭੀ ਜਦੋਂ ਸਬੱਬ ਬਣੇ, ਭਲੇ ਮਨੁੱਖਾਂ ਦੀ ਸੁਹਬਤ ਕਰਨੀ ਹੈ। ਕੁਸੰਗ ਤੋਂ ਬਚਣਾ ਹੈ। ਕਿਸੇ ਨੂੰ ਕੋਈ ਤਕਲੀਫ਼ ਦੇਣੀ ਜਾਂ ਕਿਸੇ ਦਾ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਦਾ ਦਿਲ ਭੀ ਕਦੇ ਕੋਈ ਖਰ੍ਹਵਾ ਬੋਲ ਵਰਤ ਕੇ ਨਹੀਂ ਦੁਖਾਣਾ। ਦੂਜੇ ਵਲੋਂ ਹੋਈ ਵਧੀਕੀ ਨੂੰ ਜਰਨਾ ਹੈ, ਬੁਰਾਈ ਕਰਨ ਵਾਲੇ ਭੀ ਭਲਾਈ ਹੀ ਕਰਨੀ ਹੈ। ਪਰਮਾਤਮਾ ਦੀ ਯਾਦ ਦੀ ਇਤਨੀ ਆਦਤ ਪਕਾਣੀ ਹੈ ਕਿ ਤੁਰਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਇਹ ਯਾਦ ਮਨ ਵਿਚ ਟਿਕੀ ਰਹੇ। ਇਸ ਯਾਦ ਦੀ ਬਰਕਤਿ ਨਾਲ ਮਨ ਨੂੰ ਸਦਾ ਵਿਕਾਰਾਂ ਵਲੋਂ ਰੋਕਦੇ ਰਹਿਣਾ ਹੈ। ਇਸ ਤਰ੍ਹਾਂ ਅੰਦਰ ਪੁਰਾਣੇ ਟਿਕੇ ਹੋਏ ਭੈੜੇ ਸੰਸਕਾਰ ਸਹਜੇ ਸਹਜੇ ਮਿਟਦੇ ਮਿਟਦੇ ਉੱਕਾ ਹੀ ਮਿਟ ਜਾਣਗੇ, ਆਚਰਨ ਇਤਨਾ ਉੱਚਾ ਹੋ ਜਾਏਗਾ ਕਿ ਜੀਵਾਤਮਾ ਤੇ ਪਰਮਾਤਮਾ ਇਕ-ਰੂਪ ਹੋ ਜਾਏਗਾ। ਬੱਸ! ਇਹ ਹੀ ਹੈ ਮੁਕਤੀ। ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ। ਜਿਹੜਾ ਮਨੁੱਖ ਇਸ ਅਵਸਥਾ ਤੇ ਅੱਪੜ ਗਿਆ, ਉਸ ਦੀ ਪਰਮਾਤਮਾ ਨਾਲੋਂ ਵਿੱਥ ਮੁਕ ਗਈ। ਉਸ ਨੂੰ ਆਪਣੇ ਅੰਦਰ ਤੇ ਬਾਹਰ ਹਰ ਥਾਂ ਹਰੇਕ ਜੀਵ ਵਿਚ ਉਹ ਸਿਰਜਣਹਾਰ ਪ੍ਰਭੂ ਹੀ ਦਿੱਸ ਪਿਆ। ਉਹ ਕਦੇ ਲੁਕ ਕੇ ਭੀ ਕੋਈ ਵਿਕਾਰ ਨਹੀਂ ਕਰ ਸਕਦਾ। ਲੁਕੇ ਕਿਸ ਤੋਂ? ਵੇਖਣ ਵਾਲਾ ਤਾਂ ਉਸ ਨੂੰ ਆਪਣੇ ਹੀ ਅੰਦਰ ਬੈਠਾ ਪ੍ਰਤੱਖ ਦਿੱਸਦਾ ਹੈ। ਸੁਖ ਆਵੇ ਚਾਹੇ ਦੁੱਖ ਆਵੇ, ਉਸ ਨੂੰ ਸਭ ਪਰਮਾਤਮਾ ਦੀ ਰਜ਼ਾ ਵਿਚ ਆਇਆ ਦਿੱਸਦਾ ਹੈ, ਤੇ ਰਜ਼ਾ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ।
ਜੀਵਨ -ਸਫਰ ਦੀ ਇਸ ਪਟੜੀ ਉਤੇ ਮਨੁੱਖ ਨੂੰ ਗੁਰੂ ਤੋਰਦਾ ਹੈ, ਆਪਣੇ ਉਪਦੇਸ਼ ਦੀ ਰਾਹੀਂ, ਆਪਣੀ ਬਾਣੀ ਦੀ ਰਾਹੀਂ, ਆਪਣੇ ਜੀਵਨ-ਪੂਰਨਿਆਂ ਦੀ ਰਾਹੀਂ। ਤੇ, ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ।”
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ