Respectfully, I would like to inquire whether Guru Gobind Singhji, the revered Sikh Guru, originated from Sachkhand. Could you kindly provide further details or background information regarding this matter? Thank you for your assistance.
Respectfully, I would like to inquire whether Guru Gobind Singhji, the revered Sikh Guru, originated from Sachkhand. Could you kindly provide further details or background information regarding this matter? Thank you for your assistance.
Share
ਸਤਿਕਾਰ ਯੋਗ ਪ੍ਰਿੰਸ ਕੁਮਾਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਸਚਖੰਡ ਕੋਈ ਜਗ੍ਹਾ ਨਹੀਂ ਹੈ ਜਿਥੋਂ ਕੋਈ ਆਉਂਦਾ ਹੈ ਜਾਂ ਜਿੱਥੇ ਕੋਈ ਜਾਂਦਾ ਹੈ। ਇਹ ਤਾਂ ਇੱਕ ਮਾਨਸਿਕ ਅਵਸਥਾ ਹੈ, ਜਿਸ ਵਿਚ ਮਨੁੱਖ ਆਪਣੇ ਔਗੁਣਾਂ ਤੋਂ ਛੁਟਕਾਰਾ ਪਾ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿੱਚ ਪਹੁੰਚ ਕੇ ਅਕਾਲਪੁਰਖ ਨਾਲ ਇੱਕ ਮਿੱਕ ਹੋ ਜਾਂਦਾ ਹੈ। ਜਪੁ ਬਾਣੀ ਦੀਆਂ 34ਵੀਂ ਤੋਂ 37ਵੀਂ ਪਉੜੀਆਂ ਵਿਚ ਗੁਰੂ ਸਾਹਿਬ ਨੇ ਪੰਜ ਖੰਡਾਂ ਦੀ ਵਿਚਾਰ ਦਿੱਤੀ ਹੈ, ਤੇ ਸਚਖੰਡ ਪੰਜਵੀਂ ਤੇ ਆਖ਼ਰੀ ਅਵਸਥਾ ਹੈ।
ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ (ਅਰਥ) ਕੀਤਾ ਹੈ, ਲਿੱਖਦੇ ਹਨ ਕਿ ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਿਸ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਉਹ ਇਸ ਧਰਤੀ ‘ਤੇ ਕੋਈ ਖ਼ਾਸ ਫਰਜ਼ ਨਿਬਾਹੁਣ ਆਇਆ ਹੈ। ਜਦੋਂ ਮਨੁੱਖ ਇਸ ਆਪਣੇ ਫ਼ਰਜ਼ ਨੂੰ ਪਛਾਣਦਾ ਹੈ ਤਾਂ ‘ਧਰਮ ਖੰਡ’ ਦੀ ਅਵਸਥਾ ਵਿਚ ਦਾਖ਼ਲ ਹੁੰਦਾ ਹੈ। ਫ਼ਿਰ ਮਨੁੱਖ ਦੁਨੀਆ ਦੇ ਵਿਸ਼ੇ-ਵਿਕਾਰਾਂ ਵਲੋਂ ਪਰਤ ਕੇ ‘ਆਤਮਾ’ ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀ ਮਨੋਰਥ ਹੈ, ਮੈਂ ਸੰਸਾਰ ਵਿਚ ਕਿਉਂ ਆਇਆ ਹਾਂ, ਮੇਰਾ ਕੀਹ ਫ਼ਰਜ਼ ਹੈ। ਇਸ ਅਵਸਥਾ ਵਿਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਉਹ ਧਰਮ ਕਮਾਉਣ ਲਈ ਆਇਆ ਹੈ।
ਜਿਉਂ ਜਿਉਂ ਮਨੁੱਖ ਦੀ ਸੁਰਤਿ ਇਹੋ ਜਿਹੇ ਖ਼ਿਆਲਾਂ ਵਿਚ ਜੁੜਦੀ ਹੈ, ਤਿਉਂ ਤਿਉਂ ਉਸ ਅੰਦਰੋਂ ‘ਸੁਆਰਥ’ ਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪ੍ਰਵਾਰ ਨੂੰ ਹੀ ‘ਆਪਣਾ’ ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿਚ ਨਹੀਂ ਸੀ ਪੈਂਦਾ, ਹੁਣ ਆਪਣਾ ‘ਧਰਮ’ ਸਮਝਣ ਤੇ ਆਪਣੀ ਵਾਕਫ਼ੀਅਤ ਨੂੰ ਵਧਾਣ ਦਾ ਜਤਨ ਕਰਦਾ ਹੈ। ਵਿੱਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਲਿਆਉਣ ਲੱਗ ਪੈਂਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ, ਜਿਸ ਦੇ ਅੱਗੇ ਸਭ ਭਰਮ ਵਹਿਮ ਉੱਡ ਜਾਂਦੇ ਹਨ। ਜਿਉਂ ਜਿਉਂ ਅੰਦਰ ਵਿੱਦਿਆ ਦੁਆਰਾ ਸਮਝ ਵਧਦੀ ਹੈ, ਤਿਉਂ ਤਿਉਂ ਉਹ ਆਨੰਦ ਮਿਲਦਾ ਹੈ, ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿਚ ਨਹੀਂ ਸੀ ਮਿਲਦਾ। ਆਤਮਕ ਪੈਂਡੇ ਵਿਚ ਇਸ ਅਵਸਥਾ ਦਾ ਨਾਮ ‘ਗਿਆਨ ਖੰਡ’ ਹੈ।
ਪਰ ਇਸ ਰਾਹੇ ਪੈ ਕੇ ਮਨੁੱਖ ਨਿਰਾ ਇਥੇ ਹੀ ਬੱਸ ਨਹੀਂ ਕਰ ਦੇਂਦਾ। ਬਾਣੀ ਦੀ ਵਿਚਾਰ ਉਸ ਨੂੰ ਉੱਦਮ ਵੱਲ ਪ੍ਰੇਰਦੀ ਹੈ। ਨਿਰਾ ਅਕਲ ਨਾਲ ਸਮਝ ਲੈਣਾ ਕਾਫੀ ਨਹੀਂ। ਮਨ ਦਾ ਪਹਿਲਾ ਸੁਭਾਉ, ਪਹਿਲੀਆਂ ਭੈੜੀਆਂ ਵਾਦੀਆਂ ਨਿਰੀ ‘ਸਮਝ’ ਨਾਲ ਨਹੀਂ ਹਟ ਸਕਦੀਆਂ। ਇਸ ਪਹਿਲੀ ਘਾੜਤ ਨੂੰ, ਇਹਨਾਂ ਪਹਿਲੇ ਸੰਸਕਾਰਾਂ ਨੂੰ ਤੋੜ ਕੇ, ਅੰਦਰ ਨਵੀਂ ਘਾੜਤ ਘੜਨੀ ਹੈ, ਅੰਦਰ ਉੱਚੀ ਸੁਰਤ ਵਾਲੇ ਸੰਸਕਾਰ ਜਮਾਉਣੇ ਹਨ। ਅੰਮ੍ਰਿਤ ਵੇਲੇ ਜਾਗਣ ਆਦਿਕ, ਇਹ ਮਿਹਨਤ ਕਰਨੀ ਹੈ। ਗਿਆਨ ਖੰਡ ਵਿਚ ਅੱਪੜਿਆ ਹੋਇਆ ਮਨੁੱਖ ਜਿਉਂ ਜਿਉਂ ਇਹ ਮਿਹਨਤ ਕਰਦਾ ਹੈ, ਜਿਉਂ ਜਿਉਂ ਗੁਰਮਤਿ ਵਾਲੀ ਨਵੀਂ ਘਾਲ ਘਾਲਦਾ ਹੈ, ਤਿਉਂ ਤਿਉਂ ਉਹਦੇ ਮਨ ਨੂੰ , ਮਾਨੋ, ਸੋਹਣਾ ਰੂਪ ਚੜ੍ਹਦਾ ਹੈ, ਕਾਇਆਂ ਕੰਚਨ ਵਰਗੀ ਹੋਣ ਲੱਗ ਪੈਂਦੀ ਹੈ, ਚਵੱਗਣ ਵੰਨ ਚੜ੍ਹਨ ਲੱਗ ਜਾਂਦਾ ਹੈ। ਉੱਚੀ ਸੁਰਤ ਤੇ ਉੱਚੀ ਅਕਲ ਹੋ ਜਾਂਦੀ ਹੈ, ਮਨ ਵਿਚ ਜਾਗ ਆ ਜਾਂਦੀ ਹੈ। ਮਨੁੱਖ ਨੂੰ ਦੇਵਤਿਆਂ ਤੇ ਸਿੱਧਾਂ ਵਾਲੀ ਸੋਝੀ ਪੈ ਜਾਂਦੀ ਹੈ। ਇਹ ‘ਸਰਮ ਖੰਡ’ ਹੈ।
ਬੱਸ, ਫੇਰ ਕੀਹ ਹੈ! ਮਾਲਕ ਦੀ ਮਿਹਰ ਹੋ ਜਾਂਦੀ ਹੈ। ਅੰਦਰ ਅਕਾਲ ਪੁਰਖ ਬਲ ਭਰ ਦੇਂਦਾ ਹੈ, ਆਤਮਾ ਵਿਕਾਰਾਂ ਵੰਨੀ ਡੋਲਦੀ ਨਹੀਂ। ਬਾਹਰ ਭੀ ਸਭ ਥਾਈਂ ਉਹੀ ਸਿਰਜਨਹਾਰ ਹੀ ਦਿੱਸਦਾ ਹੈ, ਮਨ ਸਦਾ ਨਿਰੰਕਾਰ ਦੀ ਯਾਦ ਵਿਚ ਪਰੋਤਾ ਰਹਿੰਦਾ ਹੈ। ਉਹਨਾਂ ਨੂੰ ਫੇਰ ਜੰਮਣ ਮਰਨ ਦਾ ਭਉ ਕਾਹਦਾ? ਉਹਨਾਂ ਦੇ ਮਨ ਵਿਚ ਸਦਾ ਖਿੜਾਉ ਹੀ ਖਿੜਾਉ ਰਹਿੰਦਾ ਹੈ। ਇਹ ‘ਕਰਮ ਖੰਡ’ਹੈ।
ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਕੇ ਆਖ਼ਰ ਪੰਜਵੇਂ ਖੰਡ ਵਿਚ ਜਾ ਨਿਵਾਸ ਹੁੰਦਾ ਹੈ, ਭਾਵ ਅਕਾਲ ਪੁਰਖ ਨਾਲ ਇਕ-ਮਿਕ ਹੋ ਜਾਂਦਾ ਹੈ ਅਰਥਾਤ ਧੁਰ ਉਸ ਜੋਤਿ ਦੀ ਹਜ਼ੂਰੀ ਵਿਚ ਅੱਪੜ ਜਾਂਦਾ ਹੋ, ਜੋ ਸਾਰੇ ਜੀਆਂ ਦੀ ਸੰਭਾਲ ਕਰ ਰਿਹਾ ਹੈ ਅਤੇ ਜਿਸ ਦਾ ਹੁਕਮ ਸਾਰੇ ਪਾਸੇ ਵਰਤ ਰਿਹਾ ਹੈ। ਪਰਮਾਤਮਾ ਨਾਲ ਇੱਕ-ਰੂਪ ਹੋ ਚੁਕਣ ਵਾਲੀ ਆਤਮਕ ਅਵਸਥਾ ਵਿਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਿਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜੀ ਰਹਿਂਦੀ ਹੈ, ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿਚ ਤੋਰ ਰਿਹਾ ਹੈ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। ਇਹ ਸਚਖੰਡ ਵਿਚ ਹੋਣ ਦੀ ਆਤਮਿਕ ਅਵਸਥਾ ਹੈ।
ਇਸ ਵਿਚਾਰ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਦਸਵੇਂ ਗੁਰੂ ਸਰੀਰ ਗੁਰੂ ਗੋਬਿੰਦ ਸਿੰਘ ਸਾਹਿਬ ਸਚਖੰਡ ਵਿਚੋਂ ਨਹੀਂ ਆਏ ਕਿਉਂਕਿ ਸਚਖੰਡ ਕੋਈ ਜਗ੍ਹਾ ਨਹੀਂ ਹੈ। ਉਹ ਸਚਖੰਡ ਦੀ ਮਾਨਸਿਕ ਅਵਸਥਾ ਵਿਚ ਰਹੇ ਤੇ ਅਕਾਲਪੁਰਖ ਕੋਲੋਂ ਜੋ ਮਿਸ਼ਨ ਮਿਲਿਆ ਸੀ, ਉਹ ਪੂਰਾ ਕੀਤਾ ਤੇ ਉਨ੍ਹਾਂ ਦੀ ਜੋਤ ਅਕਾਲਪੁਰਖ ਵਿਚ ਸਮਾ ਗਈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
great answer
ਬਹੁਤ ਬਹੁਤ ਧੰਨਵਾਦ, ਵੀਰ ਜੀ!