How can I let go of my dream and accept reality, and stop the constant hoping and wishing that has been going on for months?
How can I let go of my dream and accept reality, and stop the constant hoping and wishing that has been going on for months?
Share
ਸਤਿਕਾਰ ਯੋਗ ਪਰਮਜੀਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਕੁੱਝ ਵੀ ਪ੍ਰਾਪਤ ਕਰਨ ਲਈ ਅਸੀਂ ਸਿਰਫ਼ ਤੇ ਸਿਰਫ਼ ਆਪਣੀ ਕੋਸ਼ਿਸ਼ ਕਰ ਸਕਦੇ ਹਾਂ ਤੇ ਉਹ ਅਸੀਂ ਆਪਣੇ ਮਨ ਨਾਲ ਕਰਨੀ ਹੈ। ਨਾਲ ਹੀ ਸਫ਼ਲਤਾ ਵਾਸਤੇ ਅਰਦਾਸ ਕਰਨੀ ਹੈ। ਜੇਕਰ ਉਹ ਪ੍ਰਾਪਤੀ ਸਾਡੇ ਭਲੇ ਲਈ ਹੋਵੇਗੀ ਤਾਂ ਹੋ ਜਾਵੇਗੀ। ਜੇ ਨਹੀਂ ਹੁੰਦੀ ਤਾਂ ਰੋਸ ਨਹੀਂ ਕਰਨਾ ਹੈ ਬਲਕਿ ਇਹ ਸਮਝ ਲੈਣਾ ਹੈ ਕਿ ਸ਼ਾਇਦ ਪ੍ਰਾਪਤੀ ਨਾਂਹ ਹੋਣ ਵਿਚ ਹੀ ਸਾਡਾ ਭਲਾ ਹੈ।
ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਸਾਹਿਬ ਦਾ ਹੇਠਾਂ ਦਿੱਤਾ ਸ਼ਬਦ ਪੱਲੇ ਬੰਨ੍ਹ ਲੈਣਾ ਹੈ ਕਿ ਸਾਡੇ ਜੀਵਾਂ ਦੀ ਕੋਈ ਸਮਰੱਥਾ ਨਹੀਂ ਹੈ ਤੇ ਹੇ ਅਕਾਲਪੁਰਖ ਜਿਵੇਂ ਤੁਹਾਨੂੰ ਚੰਗਾ ਲੱਗੇ, ਉਸ ਵਿਚ ਹੀ ਸਾਡਾ ਭਲਾ ਹੈ। ਤੁਸੀਂ ਸਾਡੀਆਂ ਕੰਮੀਆਂ ਨਾ ਚਿਤਾਰਣਾ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਸਾਡੇ ਸਿਰ ਤੇ ਰੱਖਣਾ ਤਾਂ ਜੋ ਅਸੀਂ ਮਨਮੁਖ ਨਾਂਹ ਬਣ ਕੇ ਗੁਰਮੁਖ ਬਣ ਸਕੀਏ ਤੇ ਹਮੇਸ਼ਾਂ ਚੜ੍ਹਦੀ ਕਲ੍ਹਾ ਵਿਚ ਰਹਿ ਕੇ, ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣ ਲਾਇਕ ਹੋ ਸਕੀਏ ਤੇ ਜੀਵਨ ਮੁਕਤ ਹੋਣ ਦੀ ਮੰਜ਼ਿਲ ਪ੍ਰਾਪਤ ਕਰ ਸਕੀਏ। ਇਹ ਅਰਦਾਸ ਆਪਣੇ ਮਨ ਵਿਚ ਹਮੇਸ਼ਾਂ ਰੱਖਣੀ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————
ਸੂਹੀ ਮਹਲਾ ੪ ॥ ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥ ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥ ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥ ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥ ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥ {ਪੰਨਾ 736}
ਅਰਥ: ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ। ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ।੧।ਰਹਾਉ।
ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ। ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ।੧।
ਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ। ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ।੨।
ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ। ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ।੩।
ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ। ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ।੪।੪।੧੫।੨੪।
ਸਤਿਕਾਰ ਯੋਗ ਪਰਮਜੀਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਗੁਰੂ ਸਾਹਿਬ ਦੀ ਹੇਠ ਲਿੱਖੀ ਸਿੱਖਿਆ ਵੀ ਤੁਹਾਡੇ ਵਿਚਾਰ ਗੋਚਰੇ ਹੈ:-
“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥”
ਅਰਥ: ਹੇ ਮਨ! ਤੇਰੀ ਆਹਰ ਦੇ ਪ੍ਰਬੰਧ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ ਚਿੰਤਾ-ਫ਼ਿਕਰ ਕਰਦਾ ਰਹਿੰਦਾ ਹੈਂ? ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਜੀਵ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ ਉਹਨਾਂ ਦੇ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਰਖਿਆ ਹੈ।੧।
ਇੱਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ‘ਉਦਮ ਚਿਤਵਨ’ ਅਤੇ ‘ਉਦਮ ਕਰਨ’ ਵਿਚ ਫਰਕ ਹੈ। ਰੋਜ਼ੀ ਕਮਾਣ ਲਈ ਉਦਮ ਕਰਨਾ ਹਰੇਕ ਮਨੁੱਖ ਦਾ ਫਰਜ ਹੈ ਅਤੇ ਅਸੀਂ ਸੱਚੀ ਸੁੱਚੀ ਕਿਰਤ ਜ਼ਰੂਰ ਕਰਨੀ ਹੈ। ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੇ ਤਿੰਨ ਸੁਨਹਿਰੀ ਸਿਧਾਂਤਾਂ ਵਿਚੋਂ ਪਹਿਲਾ ਸਿਧਾਂਤ ਹੈ ਹੀ ਇਹੀ “ਕਿਰਤ ਕਰੋ”। ਪਰ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਲੋਕੀਂ ਆਪਣੀ ਕਿਰਤ ਪ੍ਰਤੀ ਮਨ ਵਿਚ ਤੌਖਲੇ (ਫਿਕਰ) ਰੱਖਦੇ ਹਨ ਕਿ ਸਾਡੀ ਕੀਤੀ ਕਿਰਤ ਵਿਚ ਬਰਕਤ ਪਵੇਗੀ ਕਿ ਨਹੀਂ, ਕਿ ਸਾਡਾ ਕੰਮ ਚਲੇਗਾ ਕਿ ਨਹੀਂ ਆਦਿ।
ਉਪਰ ਲਿਖੀਆਂ ਪੰਕਤੀਆਂ “ਕਾਹੇ ਰੇ ਮਨ ਚਿਤਵਹਿ ਉਦਮੁ ……” ਵਿਚ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਸਾਨੂੰ ਇਹੀ ਸਮਝਾ ਰਹੇ ਹਨ ਕਿ ਹੇ ਬੰਦਿਆ! ਤੂੰ ਕਿਉਂ ਚਿੰਤਾ, ਫਿਕਰਾਂ ਕਰਦਾ ਹੈਂ ? ਜਿਹੜੇ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕੀਤਾ ਹੈ ਉਸ ਨੇ ਸਾਰੇ ਜੀਵਾਂ ਦੇ ਰਿਜ਼ਕ ਦਾ ਇੰਤਜ਼ਾਮ ਪਹਿਲਾਂ ਹੀ ਕਰ ਰੱਖਿਆ ਹੈ। ਇਸ ਸੰਬੰਧ ਵਿਚ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਦਾ ਉਚਾਰਨ ਕੀਤਾ ਹੋਇਆ ਸਲੋਕ ਵੀ ਸਾਨੂੰ ਇਹੀ ਗੱਲ ਸਮਝਾਉਂਦਾ ਹੈ:
“ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥” (ਪੰਨਾ: 955)
ਅਰਥ: ਹੇ ਨਾਨਕ! (ਆਪਣੀ ਰੋਜ਼ੀ ਲਈ) ਫ਼ਿਕਰ ਚਿੰਤਾ ਨਾ ਕਰੋ, ਇਹ ਫ਼ਿਕਰ ਉਸ ਪ੍ਰਭੂ ਨੂੰ ਆਪ ਹੀ ਹੈ। ਉਸ ਨੇ ਪਾਣੀ ਵਿਚ ਜੀਵ ਪੈਦਾ ਕੀਤੇ ਹਨ ਉਹਨਾਂ ਨੂੰ ਭੀ ਰਿਜ਼ਕ ਦੇਂਦਾ ਹੈ; ਪਾਣੀ ਵਿਚ ਨਾ ਕੋਈ ਦੁਕਾਨ ਚੱਲਦੀ ਹੈ ਨਾ ਓਥੇ ਕੋਈ ਵਾਹੀ ਕਰਦਾ ਹੈ, ਨਾ ਓਥੇ ਕੋਈ ਸਉਦਾ-ਸੂਤ ਹੋ ਰਿਹਾ ਹੈ ਨਾ ਕੋਈ ਲੈਣ-ਦੇਣ ਦਾ ਵਪਾਰ ਹੈ; ਪਰ ਓਥੇ ਇਹ ਖ਼ੁਰਾਕ ਬਣਾ ਦਿੱਤੀ ਹੈ ਕਿ ਜੀਵਾਂ ਦਾ ਖਾਣਾ ਜੀਵ ਹੀ ਹਨ। ਸੋ, ਜਿਨ੍ਹਾਂ ਨੂੰ ਸਮੁੰਦਰਾਂ ਵਿਚ ਉਸ ਨੇ ਪੈਦਾ ਕੀਤਾ ਹੈ ਉਹਨਾਂ ਦੀ ਭੀ ਸੰਭਾਲ ਕਰਦਾ ਹੈ। ਹੇ ਨਾਨਕ! (ਰੋਜ਼ੀ ਲਈ) ਚਿੰਤਾ ਨਾ ਕਰੋ, ਉਸ ਪ੍ਰਭੂ ਨੂੰ ਆਪ ਹੀ ਫ਼ਿਕਰ ਹੈ।
ਇਸ ਤੋਂ ਇਹ ਸਿੱਖਿਆ ਲੈਣੀ ਹੈ ਕਿ ਅਸੀਂ ਕਿਰਤ ਪੂਰੇ ਉਦਮ ਅਤੇ ਉਪਰਾਲੇ ਦੁਆਰਾ ਕਰਨੀ ਹੈ, ਨਿਕੰਮੇ ਨਹੀਂ ਰਹਿਣਾ ਅਤੇ ਕਿਰਤ ਕਰਨ ਲਗਿਆਂ ਆਪਣੀ ਜੀਅ ਜਾਨ ਲਗਾ ਕੇ ਕਰਨੀ ਹੈ ਪਰ ਕਿਰਤ ਕਰਨ ਤੋਂ ਬਾਅਦ ਇਸ ਦੇ ਫਲ ਨੂੰ ਕਰਨਹਾਰ ਪਰਮੇਸ਼ਰ ਤੇ ਹੀ ਛੱਡਣਾ ਲੋੜੀਦਾ ਹੈ ਯਥਾ:
“ਕਰਮ ਕਰਤ ਹੋਵੈ ਨਿਹਕਰਮ॥
ਤਿਸੁ ਬੈਸਨੋ ਕਾ ਨਿਰਮਲ ਧਰਮ॥” (ਪੰਨਾ: 274)
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਪੂਰਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Bahut bahut thank you🙏