What is the origin and enforcement of the caste system among Sikhs, and how were its supporters accepted as Sikhs without consequences?
What is the origin and enforcement of the caste system among Sikhs, and how were its supporters accepted as Sikhs without consequences?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਸਾਰਾ ਜਗਤ ਅਕਾਲਪੁਰਖ ਦੀ ਜੋਤ ਤੋਂ ਬਣਿਆ ਹੈ ਤੇ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਹੀਂ ਸਮਝਣਾ ਚਾਹੀਦਾ:-
ਪ੍ਰਭਾਤੀ ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ {ਪੰਨਾ 1349-1350}
ਅਰਥ: ਹੇ ਲੋਕੋ! ਹੇ ਭਾਈ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ।1। ਰਹਾਉ।
ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ। ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ।1।
ਇਹ ਜਾਤਪਾਤ ਬ੍ਰਾਹਮਣ ਨੇ ਆਪਣੇ ਸੁਆਰਥ ਲਈ ਬਣਾਈ ਗਈ ਹੈ ਪਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਹੇ ਜਾਣ ਵਾਲੇ ਚਾਰਾਂ ਵਰਣਾਂ ਲਈ ਸਾਂਝਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ:-
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ {ਪੰਨਾ 747}
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।੪।੩।੫੦।
ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੇ ਛੋਟੀ ਉਮਰ ਵਿਚ ਹੀ ਜਾਤਪਾਤ ਨੂੰ ਉਦੋਂ ਰੱਦ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੇ ਜਨੇਊ ਨਹੀਂ ਪਾਇਆ। ਅੱਗੇ ਲੰਗਰ ਦੀ ਪ੍ਰਥਾ ਨੇ ਬਿਲਕੁਲ ਹੀ ਭੋਗ ਪਾ ਦਿੱਤਾ ਸੀ। ਗੁਰੂ ਸਾਹਿਬ ਨੇ ਮਲਕ ਭਾਗੋ ਦੇ ਮਾਹਲ ਪੂੜਿਆਂ ਨੂੰ ਪ੍ਰਵਾਨ ਕਰਨ ਦੀ ਬਜਾਏ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਪ੍ਰਵਾਨ ਕੀਤਾ। ਛੋਟੀ ਜਾਤ ਦਾ ਮਰਾਸੀ ਮਰਦਾਨਾ ਉਨ੍ਹਾਂ ਦਾ ਸਾਰਾ ਜੀਵਨ ਸਾਥੀ ਰਿਹਾ। ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ {ਪੰਨਾ 15}
ਅਰਥ: (ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ (ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ।4।3।।
ਪਰ ਸਿੱਖਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਪੱਲੇ ਬੰਨ੍ਹਿਆ ਨਹੀਂ ਤੇ ਜਾਤਪਾਤ ਦਾ ਕੋਹੜ ਹੁਣ ਤੱਕ ਮੋਢਿਆਂ ਤੇ ਚੁੱਕਿਆ ਹੋਇਆ ਹੈ। ਨਤੀਜਾ ਹੇਠ ਲਿੱਖਿਆ ਹੈ:-
2011 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 12581 ਪਿੰਡ ਸਨ, ਜਿਨ੍ਹਾਂ ਵਿਚੋਂ 413 ਪਿੰਡਾਂ ਵਿਚ ਕੋਈ ਰਹਿੰਦਾ ਨਹੀਂ ਹੈ। ਇਸ ਲਈ ਬਾਕੀ 12168 ਪਿੰਡ ਰਹਿ ਜਾਂਦੇ ਹਨ।
ਥੋੜ੍ਹੇ ਦਿਨ ਪਹਿਲਾਂ ਇੱਕ ਖ਼ਬਰ ਆਈ ਸੀ ਕਿ ਜਟਾਂ ਤੇ ਕਹੀਆਂ ਜਾਂਦੀਆਂ ਨੀਵੀਆਂ ਜਾਤੀਆਂ ਵਿਚ ਵਖਰੇਵੇਂ ਕਰਕੇ 12168 ਪਿੰਡਾਂ ਵਿਚੋਂ 8000 ਪਿੰਡਾਂ ਵਿਚ ਈਸਾਈ ਮਿਸ਼ਨਰੀਆਂ ਦੀ ਸਮੱਸਿਆ ਵੱਡੀ ਹੋ ਚੁੱਕੀ ਹੈ। ਜੇ ਅਸੀਂ ਹੁਣ ਵੀ ਕੁੱਝ ਨਾਂਹ ਕੀਤਾ ਤਾਂ ਸਮੱਸਿਆ ਬਾਕੀ ਰਹਿੰਦੇ 4168 ਪਿੰਡਾਂ ਵਿਚ ਵੀ ਫ਼ੈਲ ਜਾਵੇਗੀ।
2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁਲ ਜਨਸੰਖਿਆ 2.77 ਕਰੋੜ ਸੀ, ਜਿਸ ਵਿਚੋਂ 88.60 ਲੱਖ ਕਹੀਆਂ ਜਾਂਦੀਆਂ ਨੀਵੀਆਂ ਜਾਤੀਆਂ ਸਨ।
ਪੰਜਾਬ ਵਿਚ ਸਿੱਖਾਂ ਦੀ ਜਨਸੰਖਿਆ ਕੁਲ ਜਨਸੰਖਿਆ ਦਾ 57.69% ਸੀ ਅਰਥਾਤ ਸਿੱਖਾਂ ਦੀ ਜਨਸੰਖਿਆ 1.60 ਕਰੋੜ ਸੀ ਜਿਸ ਵਿਚੋ 51.04 ਲੱਖ ਕਹੀਆਂ ਜਾਂਦੀਆਂ ਨੀਵੀਆਂ ਜਾਤੀਆਂ ਸਨ।
ਹਾਲਾਂ ਕਿ ਗੁਰਬਾਣੀ ਵਰਣ ਵੰਡ ਨੂੰ ਨਹੀਂ ਮੰਨਦੀ ਤੇ ਇਹ ਇੱਕ ਹਿੰਦੂ ਧਰਮ ਦਾ ਸਿਧਾਂਤ ਹੈ ਪਰ ਖ਼ਾਸ ਕਰਕੇ ਪੰਜਾਬ ਦੇ ਪਿੰਡਾਂ ਵਿਚ ਵਸਦੇ ਸਿੱਖਾਂ ਨੇ ਸ਼ਬਦ ਗੁਰੂ ਦਾ ਉਪਦੇਸ਼, (‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।।’) ਨੂੰ ਮੰਨਿਆ ਨਹੀਂ ਹੈ ਜਿਸ ਕਰਕੇ ਇਹ ਪਰਿਵਾਰ ਸਿੱਖੀ ਤੋਂ ਟੁੱਟ ਰਹੇ ਹਨ। ਰਵਿਦਾਸਈਏ ਅੱਗੇ ਹੀ ਟੁੱਟ ਚੁੱਕੇ ਹਨ ਤੇ ਉਨ੍ਹਾਂ ਨੇ ਆਪਣਾ ਗ੍ਰੰਥ ਵੀ ਬਣਾ ਲਿਆ ਹੈ। ਬਾਕੀ ਵੀ ਟੁੱਟ ਰਹੇ ਹਨ ਜਾਂ ਟੁੱਟਣ ਦੀ ਤਿਆਰੀ ਵਿਚ ਹਨ। ਈਸਾਈ ਮਿਸ਼ਨਰੀਆਂ ਦਾ ਪ੍ਰਭਾਵ ਇਨ੍ਹਾਂ ਵਰਗਾਂ ਤੇ ਸਭ ਤੋਂ ਜ਼ਿਆਦਾ ਹੈ।
2011ਦੀ ਜਨਗਣਨਾ (Census) ਦੇ ਅਨੁਸਾਰ 6 ਸਾਲ ਤੱਕ ਦੀ ਉਮਰ ਦੇ 30.76 ਲੱਖ ਬੱਚੇ (16.66 ਲੱਖ ਮੁੰਡੇ ਤੇ 14.10 ਲੱਖ ਕੁੜੀਆਂ) ਪੰਜਾਬ ਵਿਚ ਸਨ। ਪੰਜਾਬ ਵਿੱਚ ਸਿੱਖ ਜਨਸੰਖਿਆ, ਕੁਲ ਜਨਸੰਖਿਆ ਦਾ 57.69% ਹੈ। ਇਸ ਲਈ ਕੁਲ 30.76 ਲੱਖ ਬੱਚਿਆਂ ਵਿਚੋਂ ਸਿੱਖ ਬੱਚਿਆਂ ਦੀ ਗਿਣਤੀ 17.75 ਲੱਖ ਸੀ। ਇਨ੍ਹਾਂ ਬੱਚਿਆਂ ਲਈ ਚੰਗੀ ਵਿਦਿਆ ਦਾ ਪ੍ਰਬੰਧ ਕੌਣ ਕਰੇਗਾ? ਕੋਈ ਵੀਰ/ਭੈਣਾਂ ਬਹੁਤ ਆਰਾਮ ਨਾਲ ਕਹਿ ਸਕਦੇ ਹਨ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਬਹੁਤ ਖ਼ਰਚੇ ਵਾਲਾ ਕੰਮ ਹੈ। ਗੱਲ ਬਹੁਤ ਹੱਦ ਤੱਕ ਠੀਕ ਹੈ ਪਰ ਜੇ ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਕੁਤਾਹੀ ਕਰੇ ਤਾਂ ਕੀ ਸਿੱਖ਼ਾਂ ਨੂੰ, ਆਪਣੇ ਬੱਚਿਆਂ ਵਾਸਤੇ ਕੁੱਝ ਸੋਚਣਾ ਤੇ ਕਰਨਾ ਨਹੀਂ ਚਾਹੀਦਾ? ਸਿੱਖਾਂ ਨੂੰ, ਜੋ ਬਹੁਤ ਸਾਰੀ ਮਾਇਆ ਗੁਰਦੁਆਰਿਆਂ ਤੇ ਸੰਗਮਰਮਰ ਲਗਾਉਣ ਅਤੇ ਸੋਨੇ ਦੀਆਂ ਪਾਲਕੀਆਂ ਆਦਿ ਬਣਾਉਣ ਤੇ ਲੱਗਾ ਚੁੱਕੇ ਹਨ ਤੇ ਹੁਣ ਵੀ ਲੱਗਾ ਰਹੇ ਹਨ, ਜਾਂ ਬੈਂਕਾਂ ਵਿਚ ਰੱਖ ਕੇ ਬੈਠੇ ਹਨ, ਕੁੱਝ ਤਾਂ ਸੋਚਣਾ ਪਵੇਗਾ? ਦੁਨਿਆਵੀ ਵਿਦਿਆ ਦੇਣ ਦੇ ਨਾਲ ਨਾਲ ਗੁਰਮਤਿ ਗਿਆਨ ਦੇਣ ਦਾ ਪ੍ਰਬੰਧ ਕਿਵੇਂ ਹੋਵੇਗਾ? ਇਸ ਲਈ ਦੀਰਘ ਵਿਚਾਰ ਕਰਨ ਦੀ ਲੋੜ ਹੈ। ਜੇ ਅਸੀਂ ਸਾਰਿਆਂ ਨੇ ਮਿਲ ਕੇ ਜਲਦੀ ਕੁੱਝ ਨਾਂਹ ਕੀਤਾ ਤਾਂ ਜੋ ਪੰਜਾਬ ਵਿਚ ਹਾਲਾਤ ਚੱਲ ਰਹੇ ਹਨ, ਤਾਂ ਪੰਜਾਬ ਰੁੜ੍ਹ ਜਾਵੇਗਾ।
ਕੁੱਝ ਸੰਸਥਾਵਾਂ ਆਪਣੇ ਵਲੋਂ ਬਹੁਤ ਚੰਗਾ ਕੰਮ ਕਰ ਰਹੀਆਂ ਹਨ ਤੇ ਸਕੂਲ/ਅਕੈਡਮੀਆਂ ਬਣਾ ਰਹੀਆਂ ਹਨ ਪਰ 17.75 ਲੱਖ ਬੱਚਿਆਂ ਲਈ ਸਕੂਲ/ਅਕੈਡਮੀਆਂ ਬਣਾਉਣਾ ਤੇ ਉਨ੍ਹਾਂ ਨੂੰ ਚਲਾਉਣਾ ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਇਸ ਵਾਸਤੇ ਬਹੁਤ ਸਾਰੀ ਮਾਇਆ, ਪਹਿਲਾਂ ਬਣਾਉਣ ਤੇ ਫ਼ਿਰ ਚਲਾਉਣ ਲਈ ਚਾਹੀਦੀ ਹੋਵੇਗੀ, ਜਿਸ ਦਾ ਪ੍ਰਬੰਧ ਕਰਨਾ ਕੋਈ ਸੌਖਾ ਜਿਹਾ ਕੰਮ ਨਹੀਂ ਹੋਵੇਗਾ। ਇਸ ਲਈ ਸਵਾਲ ਇਹ ਉੱਠਦਾ ਹੈ ਕਿ ਪੰਜਾਬ, ਜੋ ਅੱਜ ਰੁੜ੍ਹ ਰਿਹਾ ਹੈ, ਉਸ ਨੂੰ ਬਚਾਇਆ ਕਿਵੇਂ ਜਾਵੇ?
ਗਲੋਬਲ ਸਿੱਖ ਕੌਂਸਲ, ਬਹੁਤ ਕੁੱਝ ਚੰਗਾ ਸੋਚ ਰਹੀ ਹੈ ਤੇ ਆਪਣੇ ਵਲੋਂ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਕੰਮ ਬਹੁਤ ਵੱਡਾ ਹੈ ਤੇ ਸ਼ਾਇਦ ਕਿਸੇ ਇੱਕ ਸੰਸਥਾ ਦੇ ਵੱਸ ਦਾ ਨਹੀਂ ਹੈ। ਇਸ ਲਈ ਕਹੀ ਜਾਂਦੀ ਇਸਾਈਅਤ ਦੀ ਲਹਿਰ ਨੂੰ ਮੋੜਾ ਪਾਉਣ ਲਈ ਸਾਨੂੰ ਵੀ ਕੋਈ ਸਿੰਘ ਸਭਾ ਲਹਿਰ ਵਰਗੀ ਕਿਸੇ ਲਹਿਰ ਦਾ ਮੁੱਢ ਬੰਨ੍ਹਣਾ ਪਵੇਗਾ?
ਕੁੱਝ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ, ਸਤਨਾਮ ਟ੍ਰਸਟ ਤੇ ਸੁਕ੍ਰਿਤ ਸੰਸਥਾ (ਸਰਦਾਰ ਜਸਵਿੰਦਰ ਸਿੰਘ ਯੂ.ਕੇ. ਤੇ ਡਾਕਟਰ ਸਰਬਜੀਤ ਸਿੰਘ ਰੇਣੂਕਾ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ) ਨੇ ਮਿਲ ਕੇ ਪੰਜਾਬ ਵਿਚ ਸਹਿਜ ਪਾਠ ਦੀ ਲਹਿਰ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਚਲਾਇਆ ਸੀ। ਵਿਚਾਰ ਕਰਕੇ ਤੇ ਸਾਰਿਆਂ ਨੂੰ ਮਿਲ ਕੇ ਉਹੋ ਜਿਹੀ ਲਹਿਰ ਦਾ ਮੁੱਢ ਬੰਨ੍ਹਣਾ ਪਵੇਗਾ ਜੀ ਤਾਂ ਜੋ ਈਸਾਈਅਤ ਦੀ ਲਹਿਰ ਨੂੰ ਮੋੜਾ ਦਿੱਤਾ ਜਾ ਸਕੇ।
ਨਾਲ ਹੀ ਕੁੱਝ ਇਸ ਤਰ੍ਹਾਂ ਕਰਨ ਦੀ ਲੋੜ ਹੈ ਕਿ ਮਿਸ਼ਨਰੀ ਲੱਗਾ ਕੇ ਵੱਡੇ ਬੱਚਿਆਂ ਨੂੰ ਵੀ ਗੁਰਮਤਿ ਦਾ ਗਿਆਨ ਤਾਂ ਦੇਈਏ ਹੀ ਪਰ ਨਾਲ ਹੀ ਉਨ੍ਹਾਂ ਦੀ ਵਿਦਿਆ ਵੱਲ ਵੀ ਧਿਆਨ ਕਰੀਏ। ਇਸ ਦੇ ਨਾਲ ਨਾਲ ਟ੍ਰੇਨਿੰਗ ਦੇ ਕੇ ਵੱਡੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਯੋਗ ਬਣਾਈਏ ਤਾਂ ਜੋ ਬੱਚੇ ਨਸ਼ਿਆਂ ਤੇ ਹੋਰ ਬੀਮਾਰੀਆਂ ਤੋਂ ਬੱਚ ਸਕਣ। ਪਰਿਵਾਰਾਂ ਦੇ ਦਵਾ ਦਾਰੂ ਦਾ ਵੀ ਧਿਆਨ ਕਰੀਏ ਤਾਂ ਜੋ ਇਹ ਈਸਾਈ ਮਿਸ਼ਨਰੀ ਲੋੜਵੰਦ ਪਰਿਵਾਰਾਂ ਨੂੰ ਆਪਣੇ ਘੇਰੇ ਵਿਚ ਨਾਂਹ ਲੈ ਸੱਕਣ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇਕਰ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਤੁਹਾਡਾ ਵੀਰ