ਮੈਂ ਆਪਣੇ ਨਾਸਤਿਕ ਭਰਾ ਨੂੰ ਕਿਵੇਂ ਯਕੀਨ ਦਿਵਾ ਸਕਦਾ ਹਾਂ, ਜੋ ਹੁਣੇ ਹਸਪਤਾਲ ਤੋਂ ਬਾਹਰ ਆਇਆ ਹੈ ਅਤੇ ਬਹੁਤ ਦੁੱਖ ਝੱਲ ਰਿਹਾ ਹੈ, ਕਿ ਰੱਬ ਮੌਜੂਦ ਹੈ? ਕਿਰਪਾ ਕਰਕੇ ਮਦਦ ਕਰੋ।
How can I convince my atheist brother, who just got out of the hospital and has suffered a lot, that God exists? Help please.
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੇ ਸੋਰਠਿ ਰਾਗ ਵਿਚ ਦੋ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 619 ਤੇ ਸੁਸ਼ੋਭਿਤ ਹਨ, ਤੇ ਉਨ੍ਹਾਂ ਦੇ ਅਰਥ ਹੇਠਾਂ ਦੇ ਰਿਹਾ ਹੈ। ਇਹ ਇੱਕ ਅਰਦਾਸ ਹੈ ਜੋ ਤੁਸੀਂ ਆਪਣੇ ਭਰਾ ਵਾਸਤੇ ਕਰ ਸਕਦੇ ਹੋ। ਅਕਾਲਪੁਰਖ ਮਿਹਰ ਕਰਣ!
ਆਦਰ ਸਹਿਤ,
ਆਪ ਦਾ ਵੀਰ
——————-
ਸੋਰਠਿ ਮਃ ੫ ॥ ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥ ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥੧॥ ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥ ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥ ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥ ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥ {ਪੰਨਾ 619}
ਅਰਥ: ਹੇ ਪ੍ਰਭੂ ਜੀ! ਤੂੰ ਹੀ ਮੈਨੂੰ ਆਤਮਕ ਆਨੰਦ ਦਾ ਧਨ-ਸਰਮਾਇਆ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਨੂੰ (ਕਲੇਸ਼ਾਂ ਅੰਦੇਸਿਆਂ ਤੋਂ) ਬਚਾ ਲੈ। ਹੇ ਪ੍ਰਭੂ! ਮੇਰੀ ਤੇਰੇ ਅੱਗੇ ਹੀ ਅਰਜ਼ੋਈ ਹੈ।ਰਹਾਉ।
ਹੇ ਭਾਈ! ਜਿਸ ਭੀ ਮਨੁੱਖ ਉੱਤੇ ਪਿਆਰੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਸਾਰੇ ਕਲੇਸ਼ ਤੇ ਰੋਗ ਦੂਰ ਹੋ ਗਏ। (ਹੇ ਭਾਈ!) ਮਾਲਕ-ਪ੍ਰਭੂ ਨੂੰ ਅੱਠੇ ਪਹਿਰ ਯਾਦ ਕਰਦੇ ਰਿਹਾ ਕਰੋ, ਅਸਾਂ ਜੀਵਾਂ ਦੀ (ਇਹ) ਮੇਹਨਤ (ਜ਼ਰੂਰ) ਸਫਲ ਹੁੰਦੀ ਹੈ।੧।
ਹੇ ਭਾਈ! ਮੈਂ ਤਾਂ ਜੋ ਕੁਝ (ਪ੍ਰਭੂ ਪਾਸੋਂ) ਮੰਗਦਾ ਹਾਂ, ਉਹੀ ਕੁਝ ਪ੍ਰਾਪਤ ਕਰ ਲੈਂਦਾ ਹਾਂ। ਮੈਨੂੰ ਆਪਣੇ ਮਾਲਕ-ਪ੍ਰਭੂ ਉਤੇ (ਪੂਰਾ) ਇਤਬਾਰ (ਬਣ ਚੁਕਾ) ਹੈ। ਹੇ ਨਾਨਕ! ਆਖ-ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਂਦੇ ਹਨ।੨।੧੪।੪੨।
———————-
ਸੋਰਠਿ ਮਹਲਾ ੫ ॥ ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥ ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥੧॥ ਮੇਰਾ ਗੁਰੁ ਪੂਰਾ ਸੁਖਦਾਤਾ ॥ ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥ ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥ {ਪੰਨਾ 619}
ਅਰਥ: ਹੇ ਭਾਈ! ਮੇਰਾ ਗੁਰੂ ਸਭ ਗੁਣਾਂ ਨਾਲ ਭਰਪੂਰ ਹੈ, ਸਾਰੇ ਸੁਖ ਬਖ਼ਸ਼ਣ ਵਾਲਾ ਹੈ। ਗੁਰੂ ਉਸ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੈ ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ।ਰਹਾਉ।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮੁੜ ਮੁੜ ਗੁਰੂ ਸਤਿਗੁਰੂ (ਦੀ ਬਾਣੀ) ਨੂੰ ਚੇਤੇ ਕਰ ਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ। ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਦੇ ਸਾਰੇ ਕਲੇਸ਼ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਹ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ।੧।
ਹੇ ਨਾਨਕ! ਆਖ-ਹੇ ਭਾਈ! ਜੇ ਤੇਰੇ ਉੱਤੇ) ਸਤਿਗੁਰੂ ਜੀ ਦਇਆਵਾਨ ਹੋਏ ਹਨ, ਤਾਂ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਿਹਾ ਕਰ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੇਰੇ ਅੰਦਰ) ਆਨੰਦ ਖ਼ੁਸ਼ੀਆਂ ਸੁਖ ਬਣੇ ਰਹਿਣਗੇ। (ਸਿਫ਼ਤਿ-ਸਾਲਾਹ ਦਾ ਸਦਕਾ) ਜਗਤ ਵਿਚ ਸੋਭਾ ਮਿਲਦੀ ਹੈ। (ਇਹ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ (ਸਦਾ ਸਿਰ ਉੱਤੇ) ਰਾਖਾ ਹੈ।੨।੧੫।੪੩।