Waheguru ji,
ਅਰਦਾਸ ਬੇਨਤੀ ਹੈ ਜੀ I want to get rid of my gambling habits and avoid bad influence (ਮਾੜੀ ਦੋਸਤੀ/ਸੰਗਤ) . Pls advice a ਸ਼ਬਦ which by listening all day and reciting/meditating on everyday i can cure myself from this disease.
ਤਰਸ ਕਰ ਦੇਅੋ ਵਾਹਿਗੁਰੂ ਜੀ 🤲 ਅਕਿਰਤਘਣ ਕਿਰਮ ਜੰਤ ਹਾਂ
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਪੁੱਛਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਹੜਾ ਸ਼ਬਦ ਦੁਬਾਰਾ ਦੁਬਾਰਾ ਪੜ੍ਹ ਕੇ ਮਾੜੀ ਸੰਗਤ ਵਿਚੋਂ ਨਿਕਲ ਸਕਦੇ ਹੋ?
ਦਾਸ ਆਪਣੀ ਸਮਝ ਅਨੁਸਾਰ ਤੁਹਾਨੂੰ ਦੱਸਣਾ ਚਾਹੇਗਾ ਕਿ ਗੁਰਬਾਣੀ ਕੋਈ ਮੰਤਰ ਨਹੀਂ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਮਾੜੀ ਸੰਗਤ ਵਿਚੋਂ ਨਿਕਲ ਸਕੋ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਾੜੀ ਸੰਗਤ ਨੂੰ ਛੱਡ ਕੇ ਸਤਸੰਗਤਿ ਵਿਚ ਜਾਣ ਦਾ ਉਪਰਾਲਾ ਕਰਨਾ ਪਵੇਗਾ।
ਗੁਰੂ ਗ੍ਰੰਥ ਸਾਹਿਬ ਵਿਚ ਸੰਗਤ ਲਫ਼ਜ਼ ਬਹੁਤ ਵਾਰੀ ਆਇਆ ਹੈ। ਸਿਰੀ ਰਾਗ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਸੰਗਤ ਦੀ ਪਰਿਭਾਸ਼ਾ ਬਹੁਤ ਸੰਖੇਪ ਵਿਚ ਹੇਠਾਂ ਲਿੱਖੇ ਸ਼ਬਦਾਂ ਵਿਚ ਦਿੰਦੇ ਹਨ:-
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ (ਪੰਨਾ 72)
ਅਰਥ: ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ? (ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ। ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ।5।
ਸੰਗਤ ਬਦਲਣ ਤੋਂ ਬਾਅਦ ਤੁਹਾਨੂੰ ਗੁਰਬਾਣੀ ਨੂੰ ਸਮਝ ਸਮਝ ਕੇ ਆਪਣੇ ਜੀਵਨ ਨੂੰ ਬਦਲਣਾ ਪਵੇਗਾ ਤੇ ਔਗੁਣਾਂ/ਵਿਕਾਰਾਂ ਨੂੰ ਛੱਡ ਕੇ ਗੁਣ ਧਾਰਨ ਕਰਨੇ ਪੈਣਗੇ। ਕੋਈ ਇੱਕ ਸ਼ਬਦ ਤੁਹਾਡੀ ਪ੍ਰੇਸ਼ਾਨੀ ਦਾ ਹਲ਼ ਨਹੀਂ ਹੈ। ਇਹ ਇੱਕ ਗੁਰਬਾਣੀ ਦੀ ਤੁਕ ਤੇ ਅਰਥ ਤੁਹਾਡੇ ਵਿਚਾਰ ਵਾਸਤੇ ਹਨ ਕਿ ਮਨ ਵਿਚ ਹਰ ਵਕਤ ਧਿਆਨ ਵਿਚ ਰੱਖਣਾ ਕਿ ਮੇਰੇ ਗੁਰੂ ਦਾ ਉਪਦੇਸ਼ ਹੈ ਕਿ ਮੈਂ ਪਾਰਬ੍ਰਹਮ ਪਰਮੇਸ਼ਰ ਨੂੰ ਹਮੇਸ਼ਾਂ ਹਮੇਸ਼ਾਂ ਆਪਣੇ ਅੰਗਸੰਗ ਸਮਝਣਾ ਹੈ ਤੇ ਮਾੜੇ ਪਾਸੇ ਨਹੀਂ ਜਾਣਾ ਹੈ:-
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।
ਆਸ ਕਰਦਾ ਹਾਂ ਕਿ ਇਹ ਅਪਨਾਉਣ ਨਾਲ ਤੁਸੀਂ ਆਪਣੀ ਮਾੜੀ ਸੰਗਤ ਤੋਂ ਛੁਟਕਾਰਾ ਪਾ ਸਕੋਗੇ ਤੇ ਸਤਸੰਗਤਿ ਵਿਚ ਦਾਖਲ ਹੋ ਸਕੋਗੇ। ਅਕਾਲਪੁਰਖ ਮਿਹਰ ਕਰਣ ਤੇ ਤੁਹਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਤੁਹਾਡੇ ਆਪ ਸਹਾਈ ਹੋਣ! ਇਹ ਹੀ ਅਰਦਾਸ ਹੈ ਜੀ!
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ