Do Sikhs believe in transmigrating the ਕੀ ਸਿੱਖ ਆਤਮਾ ਦੇ ਪਰਵਾਸ ਵਿੱਚ ਵਿਸ਼ਵਾਸ ਰੱਖਦੇ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਕਰਨ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਤੁਸੀਂ ਸਿੱਖੀ ਵਿਚ ਆਤਮਾ ਦੇ ਆਵਾਗਉਣ ਬਾਰੇ ਸਵਾਲ ਪੁੱਛਿਆ ਹੈ। ਦਾਸ ਕੋਈ ਵਿਦਵਾਨ ਜਾਂ ਗੁਣੀ ਗਿਆਨੀ ਨਹੀਂ ਹੈ ਤੇ ਆਪਣੀ ਸੂਝ ਬੂਝ ਅਨੁਸਾਰ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ। ਪਹਿਲਾ ਭਾਗ ਹਾਜ਼ਰ ਹੈ। ਅੱਗਲੇ ਦੋ ਭਾਗਾਂ ਵਿਚ ਮਨ ਤੇ ਆਤਮਾ ਦੇ ਆਵਾਗਉਣ ਬਾਰੇ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ।
ਆਦਰ ਸਹਿਤ,
ਆਪ ਦਾ ਵੀਰ
————————–
ਗੁਰਬਾਣੀ ਕਹਿ ਰਹੀ ਹੈ ਕਿ “ਸੂਰਜ ਕਿਰਣਿ ਮਿਲੇ ਜਲੁ ਕਾ ਜਲ ਹੂਆ ਰਾਮ, ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” ਇਸਦਾ ਭਾਵ ਹੈ ਕਿ ਜਿਹੜਾ ਪਾਣੀ ਸਮੁੰਦਰ ਤੋਂ ਬੁਖਾਰਾਤ ਬਣਕੇ ਉਪਰ ਉਠਿਆ ਤੇ ਪਹਾੜਾਂ ਤੇ ਜਾ ਕੇ ਠੰਡ ਨਾਲ ਬਰਫ ਬਣ ਗਿਆ । ਬਰਫ ਉਪਰ ਬਰਫ ਜੰਮਦੀ ਰਹੀ। ਜਦੋਂ ਸੂਰਜ ਦੀ ਗਰਮੀ ਮਿਲੀ ਤਾਂ ਦੁਬਾਰਾ ਪਾਣੀ ਬਣਕੇ ਆਪਣੇ ਸਰੋਤ ਵੱਲ ਚੱਲ ਪਿਆ।
ਇਸੇ ਤਰ੍ਹਾਂ ਬੱਚੇ ਦੇ ਮਾਂ ਦੇ ਪੇਟ ਤੋਂ ਬਾਹਰ ਆਉਣ ਤੱਕ ਬੱਚੇ ਦੀ ਸੁਆਸ ਕਿਰਿਆ ਮਾਂ ਦੀ ਸੁਆਸ ਕਿਰਿਆ ਨਾਲ ਚਲਦੀ ਹੈ। ਬਾਹਰ ਆਉਣ ਤੇ ਡਾਕਟਰ ਉਸ ਕਨੈਕਸ਼ਨ ਨੂੰ ਕੱਟਦੇ ਹਨ ਤੇ ਉਨ੍ਹਾਂ ਦਾ ਪੂਰਾ ਜ਼ੋਰ ਹੁੰਦਾ ਹੈ ਕਿ ਬੱਚੇ ਦੀ ਸੁਆਸ ਕਿਰਿਆ ਚਾਲੂ ਕੀਤੀ ਜਾਵੇ। ਜਿਉਂ ਹੀ ਆਕਸੀਜਨ ਦੇ ਰੂਪ ਵਿੱਚ ਜੋਤੀ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਬੱਚੇ ਦੀ ਸੁਆਸ ਕਿਰਿਆ ਚਾਲੂ ਹੋ ਜਾਂਦੀ ਹੈ। ਅੰਤ ਵਕਤ ਤੇ ਇਹੋ ਜੋਤੀ ਰੂਪ ਆਕਸੀਜਨ ਬਾਹਰ ਨਿਕਲ ਗਈ ਤੇ ਵਾਪਸ ਨਹੀਂ ਆਈ। ਬੰਦਾ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ। ਹਵਾ ਆਪਣੇ ਸਰੋਤ ਵਿਚ ਚਲੀ ਗਈ। ਪੰਜਾ ਤੱਤਾਂ ਦਾ ਸਰੀਰ ਵਾਪਸ ਆਪਣੇ ਤੱਤਾਂ ਵਿਚ ਚਲਿਆ ਗਿਆ। ਬਾਕੀ ਤਾਂ ਬਚਿਆ ਹੀ ਕੁਛ ਨਹੀਂ।
ਜਿਥੋਂ ਤੱਕ ਚੁਰਾਸੀ ਲੱਖ ਜੂਨਾਂ ਵਾਲੀ ਗੱਲ ਹੈ, ਗਿਣਤੀ ਸੰਭਵ ਹੀ ਨਹੀਂ ਹੈ। ਇਹ ਹਿੰਦੂ ਧਰਮ ਦਾ ਸਿਧਾਂਤ ਹੈ। ਸਮੁੰਦਰ ਦੇ ਹੇਠ ਤੱਕ ਜੀਵ ਹਨ। ਜਮੀਨ ਦੇ ਨੀਚੇ ਖੁਦਾਈ ਦੌਰਾਨ ਕੀੜੇ ਮਕੌੜੇ ਨਿਕਲਦੇ ਹਨ ਉਨ੍ਹਾਂ ਦੀ ਗਿਣਤੀ ਕਿਵੇਂ ਹੋਈ ਹੋਵੇਗੀ। ਤੁਸੀਂ ਕਹੋਗੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਦਾਸ ਦੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਦਰਜ ਹੈ ਜਿਸ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਪ੍ਰੰਤੂ ਜੋ ਵੀ ਗੁਰੂ ਸਾਹਿਬ ਦੂਆਰਾ ਲਿਖਿਆ ਗਿਆ ਹੈ ਉਹ ਸਿਰਫ ਲੋਕਾਂ ਵਿੱਚ ਪ੍ਰਚੱਲਤ ਵਿਰਤਾਂਤ ਦੇ ਤੌਰ ਤੇ ਲਿਖਿਆ ਗਿਆ ਹੈ। ਉਸ ਉਪਰ ਗੁਰੂ ਸਾਹਿਬ ਨੇ ਆਪਣੀ ਸਹਿਮਤੀ ਦੀ ਮੋਹਰ ਨਹੀਂ ਲਗਾਈ।
ਸ਼੍ਰਿਸ਼ਟੀ ਦੀਆਂ ਲੱਖਾਂ ਜੂਨੀ ਦੀ ਉਤਪਤੀ ਚਾਰ ਰਸਤਿਆਂ ਤੋਂ ਹੋਈ ਹੈ (ਅੰਡਜ, ਜੇਰਜ, ਸੇਤਜ ਅਤੇ ਉਤਭੁਜ)। ਕਿਹਾ ਇਹ ਗਿਆ ਸੀ ਕਿ ਚਾਰ ਰਸਤਿਆਂ ਤੋਂ ਲੱਖਾਂ ਜੂਨੀਆਂ ਬਣਦੀਆਂ ਬਣਦੀਆਂ ਚੌਰਾਸੀ ਲੱਖ ਜੂਨਾਂ ਬਣ ਗਈਆਂ। ਹਜਾਰਾਂ ਸਾਲਾਂ ਤੋਂ ਚਲੀ ਆ ਰਹੀ ਤੇ ਪ੍ਰਚੱਲਤ ਕੋਈ ਵੀ ਗੱਲ ਸੱਚ ਮੰਨੀ ਜਾਵੇਗੀ ਜਦ ਕਿ ਉਸਨੂੰ ਸੱਚ ਸਾਬਤ ਕਰਨ ਲਈ ਕੋਈ ਵੀ ਸਬੂਤ ਨਹੀਂ ਹੈ।
ਸਤਿਕਾਰ ਯੋਗ ਵੀਰ ਕਰਨ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।।
ਤੁਹਾਡੇ ਸਵਾਲ ਦੇ ਜਵਾਬ ਵਿਚ ਪਹਿਲੇ ਭਾਗ ਵਿਚ ਮੁੱਖ ਤੌਰ ਤੇ ਦਾਸ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰੀਰ ਦਾ ਆਵਾਗਉਣ ਗੁਰਬਾਣੀ ਦਾ ਸਿਧਾਂਤ ਨਹੀਂ ਹੈ, ਇਹ ਹਿੰਦੂ ਧਰਮ ਦਾ ਸਿਧਾਂਤ ਹੈ।
ਦਾਸ ਦੀ ਸਮਝ ਅਨੁਸਾਰ ਸਾਰੀ ਬਾਣੀ ਆਤਮਕ ਤਲ਼ ਤੇ ਹੈ ਨਾਂ ਕਿ ਸਰੀਰਕ ਤਲ਼ ਤੇ। ਇਸ ਲਈ ਜਿਥੋਂ ਤਕ ਗੁਰਬਾਣੀ ਦਾ ਸਵਾਲ ਹੈ, ਦਾਸ ਨੂੰ ਜਿੰਨੀ ਕੁਝ ਸਮਝ ਹੁਣ ਤਕ ਆਈ ਹੈ, ਆਤਮਕ ਤਲ਼ ਤੇ ਹੋਣ ਕਰਕੇ ਬਾਣੀ ਮਨ ਨੂੰ ਸੰਬੋਧਿਤ ਕਰਦੀ ਹੈ ਕਿਉਂਕਿ ਮਨ ਉਸ ਦਾ ਹੀ ਅੰਸ਼ ਹੈ ਤੇ ਮਨ ਵਿਚ ਜਨਮ ਲੈਣ ਤੋਂ ਬਾਅਦ ਜੋ ਵੀ ਸੰਸਕਾਰ ਬਣਦੇ ਹਨ ਉਹ ਹੀ ਜੀਵਨ ਦੀ ਗੱਡੀ ਨੂੰ ਚਲਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੪੧ ਤੇ ਗੁਰੂ ਸਾਹਿਬ ਕਹਿੰਦੇ ਹਨ: –
“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥ {ਪੰਨਾ 441}
ਅਰਥ: ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ। ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ।
ਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ।
ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।
ਨਾਨਕ ਇਉਂ ਦੱਸਦਾ ਹੈ– ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ।5।
ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥ ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥ ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥ ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥ ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥ ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥ {ਪੰਨਾ 441}
ਅਰਥ: ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ, (ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ। ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ, ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ।
ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ। (ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ।6।”
ਉਪਰ ਲਿਖੀ ਵਿਆਖਿਆ ਤੋਂ ਦਾਸ ਨੂੰ ਇਹ ਹੀ ਸਮਝ ਆਉਂਦਾ ਹੈ ਕਿ ਮਨ ਨੇ ਹੀ ਮਾਇਆ ਵਿੱਚ ਫਸ ਕੇ ਜੂਨਾਂ ਵਿੱਚ ਪੈਣਾ ਹੈ।
ਪੰਨਾ ੬੯੩ ਤੇ ਭਗਤ ਨਾਮਦੇਵ ਜੀ ਕਹਿੰਦੇ ਹਨ:-
“ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥
“ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।੩।”
ਪੰਨਾ ੫੨੩ ਤੇ ਗੁਰੂ ਸਾਹਿਬ ਕਹਿੰਦੇ ਹਨ:-
“ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ, ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ।”
ਪਰਮਾਤਮਾ ਨੇ ਮੈਨੂੰ ਇਹ ਮਨੁੱਖਾ ਜਨਮ ਆਪਣੇ ਅਸਲੇ ਨੂੰ ਪਹਿਚਾਨਣ ਤੇ ਉਸ ਨੂੰ ਮਿਲਣ ਵਾਸਤੇ ਦਿੱਤਾ ਹੈ: –
“ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥” (ਪੰਨਾ ੧੨)
ਦਾਸ ਨੂੰ ਇਸ ਤੁਕ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਮੈਂ ਪਿਛਲੇ ਜਨਮ ਜਾਂ ਅਗਲੇ ਜਨਮ (ਜੇ ਕੋਈ ਹਨ) ਬਾਰੇ ਪ੍ਰੇਸ਼ਾਨ ਹੋਣ ਦੀ ਬਜਾਏ ਇਸ ਜਨਮ ਵਿੱਚ ਹੀ, ਪਰਮਾਤਮਾ ਦੀ ਕਿਰਪਾ ਸਦਕਾ ਵਿਕਾਰਾਂ (ਮਾਇਆ) ਤੋਂ ਛੁਟਕਾਰਾ ਪਾ ਲਵਾਂ ਤੇ ਜੀਵਨ ਮੁਕਤ ਹੋ ਜਾਵਾਂ।
ਜੇ ਉਪਰ ਲਿਖੀ ਦਾਸ ਦੀ ਛੋਟੀ ਜਿਹੀ ਵਿਚਾਰ ਠੀਕ ਹੈ ਤਾਂ ਆਵਾਗਉਣ ਦਾ ਕੀ ਮਤਲਬ ਰਹਿ ਜਾਂਦਾ ਹੈ?
ਸਰੀਰ ਨੇ ਤਾਂ ਖਤਮ ਹੋਣਾ ਹੀ ਹੈ ਤੇ ਸਰੀਰ ਦੇ ਖਤਮ ਹੋਣ ਤੇ ਤੱਤਾਂ ਨੇ ਤੱਤਾਂ ਵਿੱਚ ਮਿਲ ਜਾਣਾ ਹੈ ਤੇ ਜੋਤ ਨੇ ਜੋਤ ਨਾਲ।
ਇਥੇ ਇਹ ਗੱਲ ਉਠੇਗੀ ਕਿ ਜੇ ਸਾਰਿਆਂ ਦੀ ਜੋਤ ਨੇ ਪਰਮਾਤਮਾ ਦੀ ਜੋਤ ਵਿਚ ਮਿਲਣਾ ਹੀ ਹੈ ਤਾਂ ‘ਇਹ ਜਗ ਮਿਠਾ ਤੇ ਅਗਲਾ ਕਿਸ ਨੇ ਡਿੱਠਾ’ ਵਾਲੇ ਵਧੀਆ ਹਨ।
ਇਸ ਬਾਰੇ ਇਹ ਸਮਝ ਆਉਂਦੀ ਹੈ ਕਿ ‘ਇਹ ਜਗ ਮਿਠਾ ਤੇ ਅਗਲਾ ਕਿਸ ਨੇ ਡਿੱਠਾ’ ਵਾਲਾ ਰਸਤਾ ਚੁਣਨ ਵਾਲੇ ਗੁਰਮਤਿ ਸਿਧਾਂਤ “ਦਦੈ ਦੋਸੁ ਨ ਦੇਉ ਕਿਸੈ ਦੋਸੁ ਕਰੰਮਾ ਆਪਣਿਆ।। ਜੋ ਮੈ ਕੀਆ ਸੋ ਮੈਂ ਪਾਇਆ ਦੋਸੁ ਨ ਦੀਸੈ ਅਵਰ ਜਨਾ।।(ਪੰਨਾ ੪੩੩)” ਅਨੁਸਾਰ ਇਸੇ ਜਨਮ ਵਿਚ ਫਲ ਪਾਣਗੇ। ਪਰ ਉਹਨਾਂ ਦੀ ਜੋਤ ਵੀ ਪਰਮਾਤਮਾ ਦੀ ਜੋਤ ਵਿਚ ਮਿਲੇਗੀ ਕਿਉਂਕਿ ਸਾਰੇ ਜੀਅ ਉਸ ਦੇ ਹਨ, ਉਹ ਸਾਰਿਆਂ ਦਾ ਸਭ ਕੁਝ ਹੈ, ਉਹ ਭੁਲਾਂ ਨਹੀਂ ਚਿਤਾਰਦਾ ਅਤੇ ਉਹ ਸਦਾ ਸਦਾ ਸਦਾ ਦਇਆਲ ਹੈ।
ਆਦਰ ਸਹਿਤ,
ਆਪ ਦਾ ਵੀਰ
ਸਤਿਕਾਰ ਯੋਗ ਵੀਰ ਕਰਨ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਸਰੀਰ ਤੇ ਮਨ ਦੇ ਆਵਾਗਉਣ ਵਿਚ ਪੈਣ ਦੀ ਗੱਲ ਕਰਨ ਤੋਂ ਬਾਅਦ ਅਸੀਂ ਹੁਣ ਆਤਮਾ ਦੇ ਆਵਾਗਉਣ ਤੇ ਆਉਂਦੇ ਹਾਂ ਜੋ ਮੁੱਖ ਤੌਰ ਤੇ ਤੁਹਾਡਾ ਸਵਾਲ ਹੈ।
ਗੁਰੂ ਗ੍ਰੰਥ ਸਾਹਿਬ ਦੇ ਪੰਨਾ 469 ਤੇ ਦੂਜੇ ਗੁਰੂ ਸਰੀਰ ਗੁਰੂ ਅੰਗਦ ਸਾਹਿਬ ਉਚਾਰਦੇ ਹਨ:-
ਮਃ ੨ ॥ ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥ ਆਤਮਾ ਬਾਸੁਦੇਵਸ੍ਯ੍ਯਿ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥ {ਪੰਨਾ 469}
ਅਰਥ: ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ।3।
ਦਾਸ ਨੂੰ ਇਸ ਤੋਂ ਇਹ ਹੀ ਗੱਲ ਸਮਝ ਆਉਂਦੀ ਹੈ ਕਿ ਉਹ ਪਰਮਾਤਮਾ ਹੀ ਸਾਰਿਆਂ ਦੇ ਵਿਚ ਆਤਮਾ ਬਣ ਕੇ ਬੈਠਾ ਹੋਇਆ ਹੈ ਤੇ ਪਰਮਾਤਮਾ ਦਾ ਆਵਾਗਉਣ ਵਿਚ ਪੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਗੁਰਬਾਣੀ ਸਰੀਰ ਤੇ ਆਤਮਾ ਦੇ ਆਵਾਗਉਣ ਦਾ ਸਿਧਾਂਤ ਮੰਨਦੀ ਨਹੀਂ ਹੈ।
ਆਵਾਗਉਣ ਵਿਚ ਪੈਣਾ ਹੈ ਤਾਂ ਸਿਰਫ਼ ਮਨ ਨੇ ਤੇ ਪੈਣਾ ਹੈ ਇਸੇ ਜੀਵਨ ਵਿਚ ਤੇ ਉਹ ਵੀ ਪਲ ਪਲ ਮਾਇਆ ਵਿਚ ਫ਼ਸ ਕੇ। ਕਬੀਰ ਜੀ ਸਿੱਖਿਆ ਦਿੰਦੇ ਹਨ:-
ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥ ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥ (ਪੰਨਾ 971-72)
(ਹੇ ਗੋਬਿੰਦ!) ਪਰਾਏ ਧਨ (ਦੀ ਲਾਲਸਾ), ਪਰਾਈ ਇਸਤ੍ਰੀ (ਦੀ ਕਾਮਨਾ), ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ = ਇਹ ਵਿਕਾਰ ਦੂਰ ਨਹੀਂ ਹੁੰਦੇ, ਮੁੜ ਮੁੜ ਜਨਮ ਮਰਨ ਦਾ ਗੇੜ (ਸਾਨੂੰ) ਮਿਲ ਰਿਹਾ ਹੈ– ਫਿਰ ਭੀ ਪਰ ਮਨ, ਪਰ ਤਨ ਆਦਿਕ ਦਾ ਇਹ ਲੰਮਾ ਝੇੜਾ ਮੁੱਕਦਾ ਨਹੀਂ।2।
ਇਸ ਲਈ ਗੁਰਬਾਣੀ ਅਨੁਸਾਰ ਆਵਾਗਉਣ ਸਿੱਖੀ ਸਿਧਾਂਤ ਨਹੀਂ ਹੈ ਤੇ ਅਸਲ ਗੱਲ ਗੁਰਮਤਿ ਦੀ ਪਟੜੀ ਤੇ ਚੱਲ ਕੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਤੇ ਜੀਵਨ ਮੁਕਤ ਹੋਣ ਦੀ ਹੈ। ਵਿਚਾਰ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ
——————————-
*ਗੁਰਮਤਿ ਦੀ ਪਟੜੀ*
ਗ੍ਰਿਹਸਤ ਵਿਚ ਰਹਿੰਦਿਆਂ, ਕਿਰਤ-ਕਾਰ ਕਰਦਿਆਂ ਮਨੁੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਯਾਦ ਵਿਚ ਨਿੱਤ ਜੁੜਨਾ ਹੈ। ਕਿਰਤ-ਕਾਰ ਵਿਚ ਕਮਾਈ ਸਦਾ ਹੱਕ ਦੀ ਕਰਨੀ ਹੈ, ਤੇ, ਉਸ ਵਿਚ ਲੋੜਵੰਦਿਆਂ ਦੀ ਸੇਵਾ ਭੀ ਕਰਦੇ ਰਹਿਣਾ ਹੈ, ਸੇਵਾ ਭੀ ਕਰਨੀ ਹੈ ਨਿਰਮਾਣ ਰਹਿ ਕੇ। ਦਿਨ ਵੇਲੇ ਭੀ ਜਦੋਂ ਸਬੱਬ ਬਣੇ, ਭਲੇ ਮਨੁੱਖਾਂ ਦੀ ਸੁਹਬਤ ਕਰਨੀ ਹੈ। ਕੁਸੰਗ ਤੋਂ ਬਚਣਾ ਹੈ। ਕਿਸੇ ਨੂੰ ਕੋਈ ਤਕਲੀਫ਼ ਦੇਣੀ ਜਾਂ ਕਿਸੇ ਦਾ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਦਾ ਦਿਲ ਭੀ ਕਦੇ ਕੋਈ ਖਰ੍ਹਵਾ ਬੋਲ ਵਰਤ ਕੇ ਨਹੀਂ ਦੁਖਾਣਾ। ਦੂਜੇ ਵਲੋਂ ਹੋਈ ਵਧੀਕੀ ਨੂੰ ਜਰਨਾ ਹੈ, ਬੁਰਾਈ ਕਰਨ ਵਾਲੇ ਭੀ ਭਲਾਈ ਹੀ ਕਰਨੀ ਹੈ। ਪਰਮਾਤਮਾ ਦੀ ਯਾਦ ਦੀ ਇਤਨੀ ਆਦਤ ਪਕਾਣੀ ਹੈ ਕਿ ਤੁਰਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਇਹ ਯਾਦ ਮਨ ਵਿਚ ਟਿਕੀ ਰਹੇ। ਇਸ ਯਾਦ ਦੀ ਬਰਕਤਿ ਨਾਲ ਮਨ ਨੂੰ ਸਦਾ ਵਿਕਾਰਾਂ ਵਲੋਂ ਰੋਕਦੇ ਰਹਿਣਾ ਹੈ। ਇਸ ਤਰ੍ਹਾਂ ਅੰਦਰ ਪੁਰਾਣੇ ਟਿਕੇ ਹੋਏ ਭੈੜੇ ਸੰਸਕਾਰ ਸਹਜੇ ਸਹਜੇ ਮਿਟਦੇ ਮਿਟਦੇ ਉੱਕਾ ਹੀ ਮਿਟ ਜਾਣਗੇ, ਆਚਰਨ ਇਤਨਾ ਉੱਚਾ ਹੋ ਜਾਏਗਾ ਕਿ ਜੀਵਾਤਮਾ ਤੇ ਪਰਮਾਤਮਾ ਇਕ-ਰੂਪ ਹੋ ਜਾਏਗਾ। ਬੱਸ! ਇਹ ਹੀ ਹੈ ਮੁਕਤੀ। ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ। ਜਿਹੜਾ ਮਨੁੱਖ ਇਸ ਅਵਸਥਾ ਤੇ ਅੱਪੜ ਗਿਆ, ਉਸ ਦੀ ਪਰਮਾਤਮਾ ਨਾਲੋਂ ਵਿੱਥ ਮੁਕ ਗਈ। ਉਸ ਨੂੰ ਆਪਣੇ ਅੰਦਰ ਤੇ ਬਾਹਰ ਹਰ ਥਾਂ ਹਰੇਕ ਜੀਵ ਵਿਚ ਉਹ ਸਿਰਜਣਹਾਰ ਪ੍ਰਭੂ ਹੀ ਦਿੱਸ ਪਿਆ। ਉਹ ਕਦੇ ਲੁਕ ਕੇ ਭੀ ਕੋਈ ਵਿਕਾਰ ਨਹੀਂ ਕਰ ਸਕਦਾ। ਲੁਕੇ ਕਿਸ ਤੋਂ? ਵੇਖਣ ਵਾਲਾ ਤਾਂ ਉਸ ਨੂੰ ਆਪਣੇ ਹੀ ਅੰਦਰ ਬੈਠਾ ਪ੍ਰਤੱਖ ਦਿੱਸਦਾ ਹੈ। ਸੁਖ ਆਵੇ ਚਾਹੇ ਦੁੱਖ ਆਵੇ, ਉਸ ਨੂੰ ਸਭ ਪਰਮਾਤਮਾ ਦੀ ਰਜ਼ਾ ਵਿਚ ਆਇਆ ਦਿੱਸਦਾ ਹੈ, ਤੇ ਰਜ਼ਾ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ।
ਜੀਵਨ -ਸਫਰ ਦੀ ਇਸ ਪਟੜੀ ਉਤੇ ਮਨੁੱਖ ਨੂੰ ਗੁਰੂ ਤੋਰਦਾ ਹੈ, ਆਪਣੇ ਉਪਦੇਸ਼ ਦੀ ਰਾਹੀਂ, ਆਪਣੀ ਬਾਣੀ ਦੀ ਰਾਹੀਂ, ਆਪਣੇ ਜੀਵਨ-ਪੂਰਨਿਆਂ ਦੀ ਰਾਹੀਂ। ਤੇ, ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ।
*(ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਲਿਖਤ ਗੁਰਮਤਿ ਸਿਧਾਂਤ ‘ਕਿਵ ਕੂੜੇ ਤੁਟੈ ਪਾਲਿ’ ਵਿਚੋਂ ਜੋ ਉਨ੍ਹਾਂ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਦਸ ਪੋਥੀਆਂ ਵਿਚ ਕਰਨ ਤੋਂ ਬਾਅਦ ਦਸਵੀਂ ਪੋਥੀ ਵਿਚ ਆਪਣੀ ਸਮਝ ਅਨੁਸਾਰ ਲਿਖਿਆ)*
ਸਤਿਕਾਰ ਯੋਗ ਵਿਦਵਾਨ ਵੀਰੋ ਤੇ ਭੈਣੋ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਨੇ ਆਪਣੀ ਸੂਝ ਅਨੁਸਾਰ ਵੀਰ ਕਰਨ ਸਿੰਘ ਦੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸਾਰੇ ਜਵਾਬ ਨੂੰ ਵਿਚਾਰ ਕੇ ਜੋ ਵੀ ਕੰਮੀਆਂ ਹੋਣ, ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਦਾਸ ਅੱਗੇ ਵਾਸਤੇ ਸੁਧਾਰ ਕਰ ਸੱਕੇ। ਪੁਰੀ ਆਸ ਹੈ ਕਿ ਆਪ ਜੀ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਦਾਸ ਨੂੰ ਕ੍ਰਿਤਾਰਥ ਕਰੋਗੇ।
ਆਦਰ ਸਹਿਤ,
ਆਪ ਦਾ ਵੀਰ
Thank you so much ji