Can every person we encounter be considered God, despite the existence of bad individuals, given the belief that God manifests in human form?
Can every person we encounter be considered God, despite the existence of bad individuals, given the belief that God manifests in human form?
Share
ਸਤਿਕਾਰ ਯੋਗ ਨਿੱਕੀ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਅਕਾਲਪੁਰਖ ਦੇ ਹੁਕਮ ਵਿਚ ਜੋ ਵੀ ਬੱਚੇ ਪੈਦਾ ਹੁੰਦੇ ਹਨ, ਉਹ ਸਾਰੇ ਹੀ ਚੰਗੇ ਹੁੰਦੇ ਹਨ। ਪੈਦਾ ਹੋਣ ਤੋਂ ਬਾਅਦ ਪਰਿਵਾਰ, ਸੰਗਤ, ਸਕੂਲ ਆਦਿ ਦੀ ਸੰਸਕਾਰ ਬਣਾਊਣ ਵਿਚ ਇੱਕ ਬਹੁਤ ਵੱਡੀ ਭੂਮਿਕਾ ਹੁੰਦੀ ਹੈ।
ਜੇ ਚੰਗੇ ਸੰਸਕਾਰ ਬਣਦੇ ਹਨ ਤਾਂ ਬੱਚਾ ਕਰਮ ਵੀ ਚੰਗੇ ਕਰਦਾ ਹੈ ਤੇ ਅੰਦਰ ਬੈਠੇ ਪਰਮਾਤਮਾ ਦੁਆਰਾ ਦੱਸੇ ਰਾਹ ਤੇ ਟੁਰਦਾ ਹੈ ਤੇ ਗੁਰਮੁਖ ਬਣਕੇ ਆਪਣੇ ਮਨੁੱਖਾ ਜਨਮ ਨੂੰ ਸਫ਼ਲ ਕਰਨ ਦੇ ਰਾਹ ਤੇ ਪੈ ਜਾਂਦਾ ਹੈ। ਇਸ ਦੇ ਉਲਟ ਜੇ ਭੈੜੇ ਸੰਸਕਾਰ ਬਣਦੇ ਹਨ ਤਾਂ ਬੱਚਾ ਪਰਮਾਤਮਾ ਦੁਆਰਾ ਦੱਸੇ ਰਾਹ ਤੇ ਨਾਂਹ ਟੁਰ ਕੇ ਮਨ ਦੇ ਕਹੇ ਤੇ ਚੱਲਦਾ ਹੈ ਤੇ ਮਨਮੁਖ ਬਣ ਕੇ ਇਸ ਰਤਨ ਜਨਮ ਨੂੰ ਗੰਵਾ ਕੇ ਚੱਲਾ ਜਾਂਦਾ ਹੈ।
ਇਸ ਲਈ ਪਰਮਾਤਮਾ ਨੂੰ ਤਾਂ ਸਭ ਵਿਚ ਦੇਖਣਾ ਹੀ ਹੈ ਤੇ ਜੋ ਮਨਮੁਖ ਬਣ ਗਏ ਹਨ, ਉਨ੍ਹਾਂ ਨੂੰ ਨਫ਼ਰਤ ਨਾਂਹ ਕਰਕੇ ਉਨ੍ਹਾਂ ਵਾਸਤੇ ਅਰਦਾਸ ਤਾਂ ਕਰ ਹੀ ਸੱਕਦੇ ਹਾਂ ਕਿ ਅਕਾਲਪੁਰਖ ਉਨ੍ਹਾਂ ਤੇ ਮਿਹਰ ਕਰਣ ਤੇ ਉਨ੍ਹਾਂ ਨੂੰ ਸੁਮੱਤ ਬਖਸ਼ਣ ਤਾਂ ਜੋ ਉਹ ਗੁਰੂ ਸਾਹਿਬ ਦਾ ਉਪਦੇਸ਼ ਮਨ ਵਿਚ ਵਸਾਉਣ ਤੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਭੈੜੇ ਸੰਸਕਾਰ ਮਿਟਾਉਣ ਤੇ ਆਪਣਾ ਜਨਮ ਸਫ਼ਲਾ ਕਰਨ।
ਇਸ ਲਈ ਅਸੀਂ ਸਾਰੇ ਵੀ ਬਖਸ਼ਸ ਦੇ ਪਾਤਰ ਬਣਨ ਲਈ ਆਪਣੇ ਮਨ ਵਿਚੋਂ ਜੋ ਮੰਦੇ/ਭੈੜੇ ਸੰਸਕਾਰ ਜਨਮ ਤੋਂ ਬਾਅਦ ਇੱਕਠੇ ਕੀਤੇ ਹੋਏ ਹਨ, ਉਹ ਛੱਡਣ ਦੀ ਕੋਸ਼ਿਸ਼ ਜਾਰੀ ਰੱਖੀਏ ਅਰਥਾਤ ਮਨ ਦੇ ਪਿੱਛੇ ਚੱਲਣ ਦੀ ਆਦਤ ਨੂੰ ਬਦਲੀਏ ਤੇ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਣ ਲਈ ਉੱਦਮ ਕਰੀਏ ਅਰਥਾਤ ਮਨਮੁਖ ਤੋਂ ਗੁਰਮੁਖ ਬਣੀਏ, ਕੂੜਿਆਰ ਮਨੁੱਖ ਨਾਂਹ ਰਹਿ ਕੇ ਸਚਿਆਰ ਮਨੁੱਖ ਬਣੀਏ ਤੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ (After getting rid of vices) ਆਤਮਿਕ ਅਡੋਲਤਾ (Spiritual equipoise) ਤੇ ਆਤਮਿਕ ਆਨੰਦ (Spiritual bliss) ਦੀ ਅਵਸਥਾ ਵਿਚ ਪਹੁੰਚਣ ਲਈ ਉਪਰਾਲੇ ਕਰੀਏ ਅਤੇ ਇਸੇ ਜਨਮ ਵਿਚ ਜੀਵਨ ਮੁਕਤ ਹੋਣ ਦੀ ਮੰਜ਼ਿਲ ਤੇ ਪਹੁੰਚੀਏ (Achieve the goal of emancipation/salvation in this life itself)। ਇਹ ਕੋਈ ਇੱਕ ਦਿਨ ਵਿਚ ਨਹੀਂ ਹੋ ਜਾਣਾ ਹੈ। ਸਾਰਾ ਜੀਵਨ ਲਗਾਤਾਰ ਉੱਦਮ ਕਰਦੇ ਰਹਿਣਾ ਪਵੇਗਾ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————–
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਅਰਥਾਤ ਅਰਥ ਕਰਨ ਤੋਂ ਬਾਅਦ ਇੱਕ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ‘ਕਰਮ ਅਤੇ ਉਹਨਾਂ ਦਾ ਪ੍ਰਭਾਵ’ ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”