How can I help my mother regain her belief in God after experiencing multiple family tragedies and feeling disillusioned by the fact that those who lead sinful lives seem to have more success in life?
How can I help my mother regain her belief in God after experiencing multiple family tragedies and feeling disillusioned by the fact that those who lead sinful lives seem to have more success in life?
Share
ਚਰਨਦੀਪ ਜੀ, ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ‘ਸਰਬ ਰੋਗ ਕਾ ਅਉਖਦੁ ਨਾਮੁ’ ਮਿਸ਼ਨ ਦੁਆਰਾ ਆਪਣੇ ਪ੍ਰੋਗਰਾਮਾਂ ਵਿਚ ਪੜ੍ਹੇ ਜਾਂਦੇ ਸ਼ਬਦਾਂ ਨੂੰ ਆਪ ਵੀ ਸੁਣ ਸਕਦੇ ਹੋ ਤੇ ਆਪਣੇ ਮਾਤਾ ਜੀ ਨੂੰ ਵੀ ਸੁਣਾ ਸਕਦੇ ਹੋ। ਦਾਸ ਬੇਨਤੀ ਕਰਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਬੈਠ ਕੇ ਇਹ ਸ਼ਬਦ ਸਿਰਫ਼ ਸੁਣੋ ਨਹੀਂ, ਬਲਕਿ ਗਾਓ ਤੇ ਮਾਤਾ ਜੀ ਨੂੰ ਵੀ ਗਾਉਣ ਵਾਸਤੇ ਬੇਨਤੀ ਕਰੋ। ਇਸ ਨਾਲ ਉਨ੍ਹਾਂ ਦੇ ਮਨ ਨੂੰ ਢਾਰਸ ਮਿਲੇਗੀ। ਕੋਸ਼ਿਸ਼ ਕਰਕੇ ਦੇਖੋ। ਜੇ ਕੰਮ ਨਹੀਂ ਬਣਦਾ ਤਾਂ ਕੋਈ ਹੋਰ ਹੀਲਾ ਸੋਚਾਂਗੇ:-
ਸਤਿਕਾਰ ਯੋਗ ਚਰਨਦੀਪ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਨੂੰ ਆਪਣੇ ਮਾਤਾ ਜੀ ਨੂੰ ਸਮਝਾਉਣਾ ਪਵੇਗਾ ਕਿ ਜੋ ਕੁੱਝ ਹੋ ਚੁੱਕਾ ਹੈ ਜਾਂ ਹੋ ਰਿਹਾ ਹੈ ਜਾਂ ਹੋਣਾ ਹੈ, ਉਹ ਅਕਾਲਪੁਰਖ ਦੇ ਭਾਣੇ ਵਿਚ ਹੈ ਤੇ ਉਸ ਨੂੰ ਮੰਨਣ ਵਿਚ ਹੀ ਸੁੱਖ ਹੈ ਨਹੀਂ ਤਾਂ ਉਹ ਆਪਣੀ ਸਿਹਤ ਖ਼ਰਾਬ ਕਰ ਲੈਣਗੇ ਅਤੇ ਆਪਣੇ ਵਾਸਤੇ ਵੱਡੀ ਸਾਰੀ ਪ੍ਰੇਸ਼ਾਨੀ ਸਹੇੜ ਲੈਣਗੇ। ਗੁਰਬਾਣੀ ਵਿਚੋਂ ਸਿਰਫ਼ ਚਾਰ ਉਦਾਹਰਣਾਂ ਦੇ ਰਿਹਾ ਹਾਂ (ਬਹੁਤ ਸਾਰੀਆਂ ਹਨ) ਜਿਨ੍ਹਾਂ ਤੋਂ ਸਾਰੀ ਗੱਲ ਸਪੱਸ਼ਟ ਹੋ ਜਾਵੇਗੀ।
ਆਸ ਹੈ ਕਿ ਤੁਹਾਨੂੰ ਇਸ ਨਾਲ ਮਦਦ ਮਿਲੇਗੀ। ਤੁਹਾਡਾ ਅੱਗੇ ਕੋਈ ਸਵਾਲ ਹੋਵੇ, ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ, ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ, ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————
ਸਤਸੰਗਤਿ ਮਿਲਿ ਸਭ ਸੋਝੀ ਪਾਏ ॥ ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥ ਭਾਣਾ ਮੰਨੇ ਸਦਾ ਸੁਖੁ ਹੋਇ ॥ ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥ {ਪੰਨਾ 364}
ਅਰਥ: ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਸਹੀ ਜੀਵਨ ਦੀ) ਸਾਰੀ ਸੂਝ ਹਾਸਲ ਕਰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ) ਪਰਮਾਤਮਾ ਦੀ ਭਗਤੀ ਨੂੰ (ਆਪਣੇ ਅੰਦਰ) ਪੱਕੀ ਤਰ੍ਹਾਂ ਟਿਕਾਂਦਾ ਹੈ, ਜੇਹੜਾ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ, ਉਸ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।4।10। 49।
———————–
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥ ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥ ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥ (ਪੰਨਾ 1063-64)
ਅਰਥ: ਹੇ ਪ੍ਰਭੂ! ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਮੰਨਦਾ ਹੈ, ਉਹ ਤੈਨੂੰ ਆ ਮਿਲਦਾ ਹੈ। ਜਿਸ ਮਨੁੱਖ ਨੂੰ ਤੇਰਾ ਭਾਣਾ ਭਾ ਜਾਂਦਾ ਹੈ, ਉਹ ਤੇਰੇ (ਚਰਨਾਂ) ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ! ਪਰਮਾਤਮਾ ਦੀ ਰਜ਼ਾ ਵਿਚ ਰਿਹਾਂ ਬੜੀ ਇੱਜ਼ਤ ਮਿਲਦੀ ਹੈ। ਪਰ ਕਿਸੇ ਵਿਰਲੇ ਨੂੰ ਰਜ਼ਾ ਵਿਚ ਤੋਰਦਾ ਹੈ।3।
————————
ਮਃ ੩ ॥ ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥ ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥ ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥ ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥ {ਪੰਨਾ 1246}
ਅਰਥ: ਜਗਤ ਵਿਚ ਹਰੇਕ ਜੀਵ ਖ਼ਾਲੀ-ਹੱਥ ਆਉਂਦਾ ਹੈ ਤੇ ਖ਼ਾਲੀ ਹੱਥ ਇਥੋਂ ਤੁਰ ਜਾਂਦਾ ਹੈ– ਪ੍ਰਭੂ ਨੇ ਇਹੀ ਹੁਕਮ ਰੱਖਿਆ ਹੈ, ਇਸ ਵਿਚ ਕੋਈ ਨਾਹ-ਨੁੱਕਰ ਨਹੀਂ ਕੀਤੀ ਜਾ ਸਕਦੀ; (ਇਹ ਜਿੰਦ) ਜਿਸ ਪ੍ਰਭੂ ਦੀ ਦਿੱਤੀ ਹੋਈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ, (ਇਸ ਬਾਰੇ) ਕਿਸੇ ਨਾਲ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।
ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ, ਤੇ (ਕਿਸੇ ਪਿਆਰੇ ਦੇ ਮਰਨ ਤੇ ਭੀ) ਅਡੋਲ ਰਹਿ ਕੇ ਨਾਮ-ਅੰਮ੍ਰਿਤ ਪੀਂਦਾ ਹੈ।
ਹੇ ਨਾਨਕ! ਸਦਾ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰੋ, ਤੇ ਜੀਭ ਨਾਲ ਪ੍ਰਭੂ ਦਾ ਨਾਮ ਜਪੋ।2।
————————-
ਜੋ ਕਿਛੁ ਹੋਆ ਸੁ ਤੇਰਾ ਭਾਣਾ ॥ ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥ (ਪੰਨਾ 1349)
ਅਰਥ: (ਹੇ ਪ੍ਰਭੂ! ਤੇਰੇ ਨਾਮ ਵਿਚ ਸੁਰਤਿ ਜੋੜਦਿਆਂ ਜੋੜਦਿਆਂ) ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ ਕਿ ਜਗਤ ਵਿਚ ਜੋ ਕੁਝ ਹੋ ਰਿਹਾ ਹੈ ਤੇਰੀ ਰਜ਼ਾ ਹੋ ਰਹੀ ਹੈ, ਉਹ ਮਨੁੱਖ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਉਸ ਨੂੰ ਕਦੇ ਕੋਈ ਤੌਖਲਾ ਨਹੀਂ ਹੁੰਦਾ) ।3।