pl explain
pl explain
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਪੰਗਤੀ ‘ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ’ ਲਿੱਖ ਕੇ ਸ਼ਬਦ ਦੀ ਵਿਚਾਰ ਮੰਗੀ ਹੈ। ਇਹ ਪੰਗਤੀ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀ ਗਈ ਵਡਹੰਸ ਕੀ ਵਾਰ ਮਹਲਾ ੪, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 585 ਤੋਂ 594, ਤੇ ਸੁਸ਼ੋਭਿਤ ਹੈ, ਵਿਚੋਂ, ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਦੇ ਇੱਕ ਸਲੋਕ ਵਿਚੋਂ ਹੈ।
ਇਹ ਵਾਰ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ ਤੇ ਇਸ ਦੇ ਵਿਚ ੨੧ ਪਉੜੀਆਂ ਹਨ। ਪਹਿਲੀ ਪਉੜੀ ਨਾਲ ੩ ਸਲੋਕ ਹਨ, ਬਾਕੀ ਹਰੇਕ ਪਉੜੀ ਨਾਲ ਦੋ ਦੋ ਸਲੋਕ ਹਨ ਤੇ ਕੁੱਲ ੪੩ ਸਲੋਕ ਹਨ।
ਸਲੋਕਾਂ ਦਾ ਵੇਰਵਾ:
ਸਲੋਕ ਮ: ੩ — ੪੦
ਸਲੋਕ ਮ: ੧ —- ੩
. . . . . . . . . —-
. . ਜੋੜ . . . . . .੪੩
ਚੌਥੇ ਸਰੀਰ ਗੁਰੂ ਗੁਰੂ ਰਾਮਦਾਸ ਜੀ ਦਾ, ਜਿਨ੍ਹਾਂ ਦੀ ਇਹ ਵਾਰ ਹੈ, ਇੱਕ ਭੀ ਸਲੋਕ ਨਹੀਂ ਹੈ। ਸੋ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ‘ਵਾਰ’ ਦਾ ਅਸਲ ਸਰੂਪ ਸਿਰਫ਼ ‘ਪਉੜੀਆਂ’ ਸਨ ਤੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਦੀ ਸੰਪਾਦਨਾ ਦੇ ਵਕਤ ਪਉੜੀਆਂ ਨਾਲ ਸਲੋਕ ਜੋੜੇ।
ਸਲੋਕ ਦਾ ਮੂਲ ਪਾਠ ਤੇ ਅਰਥ ਤੁਹਾਡੇ ਵਿਚਾਰ ਵਾਸਤੇ ਹੇਠਾਂ ਦਿੱਤੇ ਹਨ। ਅਰਥ ਬੜ੍ਹੇ ਸਪੱਸ਼ਟ ਹਨ ਕਿ ਗੁਰੂ ਦਾ ਸ਼ਬਦ ਰਤਨ ਹੈ ਤੇ ਇਸ ਦੀ ਕਦਰ ਕੋਈ ਸੂਝਵਾਨ ਮਨੁੱਖ ਹੀ ਪਾ ਸੱਕਦਾ ਹੈ, ਅੰਨ੍ਹਾ ਤੇ ਅਗਿਆਨੀ ਮਨੁੱਖ ਨਹੀਂ।
ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਅਨੰਦੁ ਸਾਹਿਬ ਦੀ ਬਾਣੀ ਵਿਚ ਵੀ ਇਹ ਗੱਲ ਬਹੁਤ ਸੁਹਣੀ ਤਰ੍ਹਾਂ ਸਪੱਸ਼ਟ ਕਰਦੇ ਹਨ। ਸੰਬੰਧਿਤ ਪਉੜੀ ਤੇ ਉਸ ਦੇ ਅਰਥ ਹੇਠਾਂ ਦਿੱਤੇ ਹਨ।ਉਮੀਦ ਕਰਦਾ ਹਾਂ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ।ਜੇ ਕੋਈ ਅੱਗੇ ਸਵਾਲ ਹੋਵੇ ਤਾਂ ਦੱਸਣਾ ਜੀ।
ਆਦਰ ਸਹਿਤ,
ਆਪ ਦਾ ਵੀਰ
——————————
ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥ ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥ ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥ ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥ ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥ {ਪੰਨਾ 920}
ਅਰਥ: ਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤਿ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ। ਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ।
ਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ। (ਉਸ ਦੇ ਅੰਦਰ ਪਰਮਾਤਮਾ ਦਾ) ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ। (ਪਰ ਇਹ ਦਾਤਿ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ।
ਨਾਨਕ ਆਖਦਾ ਹੈ– ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ। 25।
ਭਾਵ: ਸਤਿਗੁਰੂ ਦੀ ਬਾਣੀ ਪਰਮਾਤਮਾ ਵਲੋਂ ਇਕ ਅਮੋਲਕ ਦਾਤਿ ਹੈ, ਇਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭਰੀ ਪਈ ਹੈ। ਜਿਹੜਾ ਮਨੁੱਖ ਇਸ ਬਾਣੀ ਨਾਲ ਆਪਣਾ ਮਨ ਜੋੜਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ, ਤੇ, ਜਿਥੇ ਪ੍ਰਭੂ-ਪ੍ਰੇਮ ਹੈ ਉਥੇ ਹੀ ਆਤਮਕ ਆਨੰਦ ਹੈ।
——————————
ਸਲੋਕ ਮਃ ੩ ॥ ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥ ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥ ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥ ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥ ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥ ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥ {ਪੰਨਾ 589}
ਅਰਥ: ਜੋ ਮਨੁੱਖ ਰਤਨਾਂ ਦੀ ਕਦਰ ਜਾਣਦਾ ਹੈ, ਉਹੀ ਰਤਨਾਂ ਦੀ ਸੋਚ ਵਿਚਾਰ ਕਰਦਾ ਹੈ, ਪਰ ਅੰਨ੍ਹਾ ਤੇ ਅਗਿਆਨੀ ਬੰਦਾ ਰਤਨਾਂ ਦੀ ਕਦਰ ਨਹੀਂ ਪਾ ਸਕਦਾ, ਕੋਈ ਸੂਝ ਵਾਲਾ ਮਨੁੱਖ ਸਮਝਦਾ ਹੈ ਕਿ (ਅਸਲ) ਰਤਨ ਸਤਿਗੁਰੂ ਦਾ ਸ਼ਬਦ ਹੈ। ਪਰ, ਮੂਰਖ ਬੰਦੇ (ਗੁਰ-ਸ਼ਬਦ ਨੂੰ ਸਮਝਣ ਦੇ ਥਾਂ) ਆਪਣੇ ਆਪ ਨੂੰ ਵੱਡਾ ਜਤਾਉਂਦੇ ਹਨ ਤੇ ਖ਼ੁਆਰ ਹੋ ਹੋ ਕੇ ਮਰਦੇ ਜੰਮਦੇ ਰਹਿੰਦੇ ਹਨ।
ਹੇ ਨਾਨਕ! ਉਹੀ ਮਨੁੱਖ (ਗੁਰ-ਸ਼ਬਦ ਰੂਪ) ਰਤਨਾਂ ਨੂੰ ਹਾਸਲ ਕਰਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ (ਗੁਰ-ਸ਼ਬਦ ਦੀ) ਲਗਨ ਲੱਗਦੀ ਹੈ; ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਜਪਣਾ ਹੀ ਉਸ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ।
ਜੇ ਪਰਮਾਤਮਾ ਆਪਣੀ ਮੇਹਰ ਕਰੇ, ਤਾਂ ਮੈਂ ਭੀ ਉਸ ਦਾ ਨਾਮ ਹਿਰਦੇ ਵਿਚ ਪਰੋ ਰੱਖਾਂ।੧।