Veer Jio please vichar sanjhey karo jee
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਸਾਹਿਬ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਲੋਕ ਵਾਰਾਂ ਤੇ ਵਧੀਕ ਵਿਚੋਂ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਦੇ ਸਲੋਕ ਦੀ ਇੱਕ ਪੰਗਤੀ, ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1413 ਤੇ ਸੁਸ਼ੋਭਿਤ ਹੈ, ਲਿੱਖ ਕੇ ਵਿਚਾਰ ਮੰਗੀ ਹੈ।
ਪੂਰਾ ਸਲੋਕ ਤੇ ਇਸ ਦੇ ਅਰਥ ਹੇਠਾਂ ਦਿੱਤੇ ਹਨ ਜੀ। ਦਾਸ ਦੀ ਸਮਝ ਅਨੁਸਾਰ, ਆਪਣੇ ਜਨਮ ਤੋਂ ਬਾਅਦ ਸਿੱਖ/ਮਨੁੱਖ ਜੋ ਵੀ ਕਰਮ ਕਰਦਾ ਹੈ, ਉਸ ਦੇ ਗੁਪਤ ਚਿੱਤਰ ਉਸ ਦੇ ਅੰਤਹਕਰਨ ਤੇ ਬਣਦੇ ਚੱਲੇ ਜਾਂਦੇ ਹਨ, ਤੇ ਉਹ ਹੀ ਉਸ ਦੇ ਅੱਗੇ ਦੇ ਜੀਵਨ ਨੂੰ ਚਲਾਉਂਦੇ ਹਨ।
ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਅਕਾਲਪੁਰਖ ਨੇ ਜਿਸ ਤਰ੍ਹਾਂ ਦੇ ਲੇਖ ਸਿੱਖ/ਮਨੁੱਖ ਦੇ ਲਿੱਖ ਕੇ ਉਸ ਨੂੰ ਇਸ ਸੰਸਾਰ ਵਿਚ ਭੇਜਿਆ ਹੈ, ਉਸ ਦੀ ਜ਼ਿੰਦਗੀ ਉਸ ਤਰ੍ਹਾਂ ਹੀ ਚੱਲਣੀ ਹੈ ਤੇ ਇਨ੍ਹਾਂ ਲੇਖਾਂ ਨੂੰ ਬਦਲਿਆ ਨਹੀਂ ਜਾ ਸਕਦਾ। ਪਰ ਇਸ ਸਲੋਕ ਵਿਚ ਗੁਰੂ ਸਾਹਿਬ ਬੜੇ ਸਪੱਸ਼ਟ ਤਰੀਕੇ ਨਾਲ ਸਮਝਾ ਰਹੇ ਹਨ ਕਿ ਇਨ੍ਹਾਂ ਲੇਖਾਂ ਨੂੰ ਗੁਰੂ ਦੀ ਸਿੱਖਿਆ ਲੈ ਕੇ ਤੇ ਅਕਾਲਪੁਰਖ/ਪਰਮਾਤਮਾ ਨਾਲ ਜੁੜ ਕੇ ਬਦਲਿਆ ਜਾ ਸਕਦਾ ਹੈ ਪਰ ਇਹ ਉਹ ਸਿੱਖ/ਮਨੁੱਖ ਹੀ ਸਮਝ ਸਕਦਾ ਹੈ ਜੋ ਜੁੜਦਾ ਹੈ ਤੇ ਮਿਹਰ ਦਾ ਪਾਤਰ ਬਣਦਾ ਹੈ।
ਸਿੱਖ ਇਤਿਹਾਸ ਸਾਨੂੰ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਕਰਕੇ ਹਿੰਦੂ ਸੰਸਕਾਰਾਂ ਤੇ ਕਰਮ ਕਾਂਡਾਂ ਵਿਚ ਲਗੇ ਹੋਣ ਦੇ ਬਾਰੇ ਦਸਦਾ ਹੈ। ਪਰ ਗੁਰੂ ਅੰਗਦ ਸਾਹਿਬ ਜੀ ਪਾਰਸ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕਰਕੇ ਪਿਛਲੇ ਹਿੰਦੂ ਸੰਸਕਾਰ ਛਡ ਕੇ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਾਪਤ ਕਰਨ ਦੇ ਪਾਤਰ ਬਣ ਗਏ। ਇਹ ਹੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਹੋਇਆ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਨ ਤੋਂ ਬਾਅਦ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ‘ਕਰਮ ਅਤੇ ਉਹਨਾਂ ਦਾ ਪ੍ਰਭਾਵ’ ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”
ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਹਿੰਦੂ ਸੰਸਕਾਰ ਉਨ੍ਹਾਂ ਨੇ ਗ੍ਰਹਿਣ ਕੀਤੇ ਸਨ, ਉਹ ਮਿਟਾ ਦਿੱਤੇ ਤੇ ਕਿਰਪਾ ਦੇ ਪਾਤਰ ਬਣ ਗਏ।
ਇਸੇ ਤਰ੍ਹਾਂ ਅਸੀਂ ਵੀ ਗੁਰਸ਼ਬਦ ਦੀ ਰੋਸ਼ਨੀ ਵਿਚ ਆਪਣੇ ਜੀਵਨ ਨੂੰ ਬਦਲਣ ਦਾ ਉਪਰਾਲਾ ਕਰ ਸਕਦੇ ਹਾਂ ਤੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਮੰਦੇ ਸੰਸਕਾਰ ਗ੍ਰਹਿਣ ਕੀਤੇ ਹਨ, ਉਹ ਮਿਟਾ ਕੇ ਇਸੇ ਜੀਵਨ ਵਿਚ ਜੀਵਨ ਮੁਕਤ ਹੋ ਸਕਦੇ ਹਾਂ ਕਿਉਂਕਿ ਮਰ ਕੇ ਮੁਕਤ ਹੋਣਾ ਸਿੱਖੀ ਸਿਧਾਂਤ ਨਹੀਂ ਹੈ।
ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਦੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————
ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥ {ਪੰਨਾ 1413}
ਅਰਥ: ਹੇ ਨਾਨਕ! (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ, (ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਕੋਈ ਮਨੁੱਖ ਉਸ ਲੇਖ ਨੂੰ ਮਿਟਾ ਨਹੀਂ ਸਕਦਾ (ਹਰਿ-ਨਾਮ ਦਾ ਸਿਮਰਨ ਪਿਛਲੇ ਲੇਖਾਂ ਨੂੰ ਮਿਟਾ ਸਕਦਾ ਹੈ। ਪਰ) ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ।5।