Pleasee explain🙏
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਅੰਮ੍ਰਿਤਪਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਪੰਗਤੀ ‘ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥ ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥’ ਲਿੱਖ ਕੇ ਵਿਚਾਰ ਮੰਗੀ ਹੈ। ਕਿਉਂਕਿ ਇੱਕ ਪੰਗਤੀ ਦੀ ਵਿਚਾਰ ਸੰਭਵ ਨਹੀਂ ਹੈ ਇਸ ਲਈ ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।
ਇਹ ਸ਼ਬਦ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਦਾ ਰਾਗ ਗਉੜੀ ਬੈਰਾਗਣਿ ਵਿਚ ਉਚਾਰਨ ਕੀਤਾ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 162 ਤੇ ਸੁਸ਼ੋਭਿਤ ਹੈ। ਰਾਗ ਗਉੜੀ ਬੈਰਾਗਣਿ ਰਾਗ ਗਉੜੀ ਦੀ ਹੀ ਇੱਕ ਵੰਨਗੀ ਹੈ।
ਗਉੜੀ ਰਾਗ ਵਿਚ ਹੀ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਦੇਵ ਜੀ ਦੀ ਵਾਰ ‘ਗਉੜੀ ਕੀ ਵਾਰ ਮਹਲਾ ੫’ ਵਿਚ ਪੰਨਾ 311 ਤੇ ਇੱਕ ਸਲੋਕ ਹੈ ਜਿਸ ਵਿਚ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ:
ਸਲੋਕ ਮਹਲਾ ੩ ॥ ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥ ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥ ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥ ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥ ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥ {ਪੰਨਾ 311}
ਅਰਥ: (ਜੀਵ-ਰੂਪੀ ਇਸਤ੍ਰੀ) ਗਉੜੀ ਰਾਗਣੀ ਦੁਆਰਾ ਤਾਂ ਹੀ ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਏ; ਸਤਿਗੁਰੂ ਦੇ ਭਾਣੇ ਵਿਚ ਤੁਰੇ = ਇਹੋ ਜਿਹਾ ਸ਼ਿੰਗਾਰ ਕਰੇ; ਸੱਚਾ ਸ਼ਬਦ (ਰੂਪ ਜੋ) ਖਸਮ (ਹੈ) ਉਸ ਦਾ ਸਦਾ ਆਨੰਦ ਲਏ (ਭਾਵ, ਉਸ ਨੂੰ ਸਦਾ ਜਪੇ) । ਜਿਵੇਂ ਮਜੀਠ ਉਬਾਲਾ ਸਹਾਰਦੀ ਹੈ ਤੇ ਉਸ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਤਿਵੇਂ (ਜੀਵ ਰੂਪ ਇਸਤ੍ਰੀ) ਆਪਣਾ ਆਪ ਖਸਮ ਤੋਂ ਸਦਕੇ ਕਰੇ, (ਇਸ ਨੂੰ ਭੀ ਨਾਮ ਦਾ ਗੂੜ੍ਹਾ ਰੰਗ ਚੜ੍ਹ ਜਾਏ) ਤਾਂ ਉਸ ਦਾ ਸੱਚੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ, ਉਹ (ਨਾਮ ਦੇ) ਗੂੜ੍ਹੇ ਰੰਗ ਵਿਚ ਰੱਤੀ ਜਾਂਦੀ ਹੈ।
ਤੁਸੀਂ ਦੇਖੋਗੇ ਕਿ ਜੋ ਵਿਚਾਰ ਉੱਪਰ ਦਿੱਤੇ ਸਲੋਕ ਵਿਚ ਦੇ ਰਹੇ ਹਨ, ਉਹ ਹੀ ਸ਼ਬਦ ਵਿਚ ਹੈ। ਗੱਲ ਤਾਂ ਸਾਰੀ ਗੁਰੂ ਦਾ ਗਿਆਨ ਲੈ ਕੇ ਅਰਥਾਤ ਗੁਰੂ ਦੀ ਸ਼ਰਨ ਪੈ ਕੇ ਹਰ ਪਲ, ਹਰ ਘੜੀ, ਪਰਮਾਤਮਾ/ਅਕਾਲਪੁਰਖ ਨੂੰ ਅੰਗ ਸੰਗ ਜਾਣ ਕੇ, ਆਤਮਿਕ ਜੀਵਨ ਜੀਊਣ ਦੀ ਹੈ ਤੇ ਗੁਣ ਧਾਰਨ ਕਰਕੇ ਅਤੇ ਔਗੁਣਾਂ/ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ, ਆਤਮਿਕ ਅਡੋਲਤਾ ਦੀ ਅਵਸਥਾ ਵਿਚ ਰਹਿ ਕੇ ਆਤਮਿਕ ਅਨੰਦ ਮਾਣਦੇ ਹੋਏ ਜੀਵਨ ਮੁਕਤ ਹੋਣ ਦੀ ਹੈ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
————————-
ਗਉੜੀ ਬੈਰਾਗਣਿ ਮਹਲਾ ੩ ॥ ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥ ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥ ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥ ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥ ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥ ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥ ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥ ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥ ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥ ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥ ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥ ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥ ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥ ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥ ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥ ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥ ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥
ਅਰਥ: ਹੇ ਸੰਤ ਜਨੋ! ਜਿਸ ਪਰਮਾਤਮਾ ਦਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਦੱਸੋ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ। ਉਸ ਪ੍ਰਭੂ ਤੋਂ ਵਿੱਛੁੜ ਕੇ ਮੈਂ ਰਤਾ ਭਰ ਸਮੇ ਲਈ ਭੀ (ਆਤਮਕ ਜੀਵਨ) ਜੀਊਂ ਨਹੀਂ ਸਕਦੀ। (ਹੇ ਸੰਤ ਜਨੋ!) ਮੈਨੂੰ ਗੁਰੂ (ਨਾਲ) ਮਿਲਾਵੋ (ਤਾਂ ਜੁ ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਨਾਮ ਦਾ ਰਸ ਪੀ ਸਕਾਂ।1। ਰਹਾਉ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਪਾਸੋਂ (ਪਰਮਾਤਮਾ ਨਾਲ) ਡੂੰਘੀ ਸਾਂਝ (ਪਾਣੀ) ਸਿੱਖ ਲਈ, (ਜਗਤ ਦੇ) ਮੂਲ ਪਰਮਾਤਮਾ (ਦੇ ਗੁਣਾਂ) ਨੂੰ ਵਿਚਾਰਨਾ (ਸਿੱਖ ਲਿਆ) , ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੀ ਮਤਿ (ਜੋ ਪਹਿਲਾਂ ਵਿਕਾਰਾਂ ਦੇ ਕਾਰਨ) ਮੈਲੀ (ਹੋਈ ਪਈ ਸੀ) ਨਿਖਰ ਪਈ। ਕਲਿਆਣ-ਸਰੂਪ ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਮਾਇਆ (ਦਾ ਪ੍ਰਭਾਵ) ਮਿਟਾ ਦਿੱਤਾ, (ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ। (ਪਰ) ਪਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਪਿਆਰਾ ਲੱਗਦਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ (ਆਪ ਪਰਮਾਤਮਾ ਨੇ ਆਪਣੇ ਨਾਮ ਦੀ ਦਾਤਿ ਦਾ ਲੇਖ) ਲਿਖ ਦਿੱਤਾ।1।
(ਹੇ ਸੰਤ ਜਨੋ! ਪਿਆਰੇ ਗੁਰੂ ਦੀ ਮਿਹਰ ਨਾਲ) ਮੈਂ ਨਿੱਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਮੈਂ ਨਿੱਤ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ ਹਾਂ, ਉਸ ਪਰਮਾਤਮਾ ਨੇ ਮੈਨੂੰ ਉੱਚੀ ਆਤਮਕ ਅਵਸਥਾ ਬਖ਼ਸ ਦਿੱਤੀ ਹੈ। ਗੁਰੂ ਪਾਸੋਂ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਹਾਸਲ ਕੀਤਾ ਹੈ, (ਹੁਣ) ਮੇਰਾ ਮਨ ਮੇਰਾ ਤਨ (ਉਸ ਸੁਆਦ ਵਿਚ) ਮਗਨ ਰਹਿੰਦਾ ਹੈ। (ਹੇ ਸੰਤ ਜਨੋ!) ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਭਗਤੀ (ਦੀ ਦਾਤਿ) ਦਿੱਤੀ ਹੈ (ਮੇਰੇ ਵਾਸਤੇ ਤਾਂ ਉਹ) ਸਤਪੁਰਖ ਗੁਰੂ (ਸਦਾ ਹੀ) ਸਲਾਹੁਣ-ਯੋਗ ਹੈ। ਜਿਸ ਗੁਰੂ ਪਾਸੋਂ ਮੈਂ ਪਰਮਾਤਮਾ (ਦਾ ਨਾਮ) ਪ੍ਰਾਪਤ ਕੀਤਾ ਹੈ ਉਸ ਗੁਰੂ ਨੂੰ ਮੈਂ ਆਪਣਾ ਬਣਾ ਲਿਆ ਹੈ।2।
(ਹੇ ਭਾਈ! ਸਾਰੇ ਜਗਤ ਦਾ) ਸ਼ਹਿਨਸ਼ਾਹ ਪਰਮਾਤਮਾ (ਸਭ ਜੀਵਾਂ ਨੂੰ ਸਭ) ਗੁਣਾਂ ਦੀ ਦਾਤਿ ਦੇਣ ਵਾਲਾ ਹੈ, ਅਸੀਂ (ਜੀਵ) ਅਉਗਣਾਂ ਨਾਲ ਭਰੇ ਰਹਿੰਦੇ ਹਾਂ। (ਜਿਵੇਂ) ਪੱਥਰ (ਪਾਣੀ ਵਿਚ ਡੁੱਬ ਜਾਂਦੇ ਹਨ, ਤਿਵੇਂ ਅਸੀ) ਪਾਪੀ (ਜੀਵ ਵਿਕਾਰਾਂ ਦੇ ਸਮੁੰਦਰ ਵਿਚ) ਡੁੱਬੇ ਰਹਿੰਦੇ ਹਾਂ, ਪਰਮਾਤਮਾ (ਸਾਨੂੰ) ਗੁਰੂ ਦੀ ਮਤਿ ਦੇ ਕੇ (ਉਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ।
ਹੇ ਪ੍ਰਭੂ! ਤੂੰ ਪਵਿਤ੍ਰ-ਸਰੂਪ ਹੈਂ ਤੂੰ ਗੁਣ ਬਖ਼ਸ਼ਣ ਵਾਲਾ ਹੈਂ, ਅਸੀਂ ਜੀਵ ਅਉਗਣਾਂ ਨਾਲ ਭਰੇ ਪਏ ਹਾਂ। ਹੇ ਹਰੀ! ਅਸੀਂ ਤੇਰੀ ਸਰਨ ਆਏ ਹਾਂ, (ਸਾਨੂੰ ਅਉਗਣਾਂ ਤੋਂ) ਬਚਾ ਲੈ, (ਸਾਨੂੰ) ਮੂਰਖਾਂ ਨੂੰ ਮਹਾ ਮੂਰਖਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾ ਲੈ।3।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ (ਆਪਣੇ) ਮਨ ਵਿਚ (ਸਦਾ) ਸਿਮਰਿਆ ਹੈ, ਉਹ ਗੁਰੂ ਦੀ ਮਤਿ ਤੇ ਤੁਰ ਕੇ ਸਦਾ ਆਤਮਕ ਅਡੋਲਤਾ ਮਾਣਦੇ ਹਨ (ਆਤਮਕ) ਆਨੰਦ ਮਾਣਦੇ ਹਨ। ਜਿਨ੍ਹਾਂ ਨੂੰ ਹਰਿ-ਪ੍ਰਭੂ ਸੱਜਣ ਮਿਲ ਪੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।
ਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਮੇਰੀ) ਬੇਨਤੀ (ਸੁਣ) , (ਮੈਨੂੰ) ਆਪਣੇ ਨਾਮ ਦਾ ਸਿਮਰਨ ਦੇਹ। (ਹੇ ਪ੍ਰਭੂ! ਤੇਰਾ) ਦਾਸ ਨਾਨਕ (ਤੇਰੇ ਦਰ ਤੋਂ) ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੂੰ (ਤੇਰੀ ਮਿਹਰ ਨਾਲ) ਗੁਰੂ ਮਿਲ ਪਿਆ ਹੈ।4। 4।18। 38।
Bahut bahut Dhanwad veer jee