kirpa karke isthe aarth samjhao
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਸਾਹਿਬ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਦੀ ਇੱਕ ਪੰਗਤੀ ‘ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ’ ਲਿੱਖ ਕੇ ਵਿਚਾਰ ਮੰਗੀ ਹੈ। ਕਿਉਂਕਿ ਇੱਕ ਪੰਗਤੀ ਦੀ ਵਿਚਾਰ ਸੰਭਵ ਨਹੀਂ ਹੈ ਇਸ ਲਈ ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।
ਇਹ ਸ਼ਬਦ ਤਿਲੰਗ ਰਾਗ ਵਿਚ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 723 ਤੇ ਸੁਸ਼ੋਭਿਤ ਹੈ।
ਇਸ ਸ਼ਬਦ ਵਿਚ ਗੁਰੂ ਸਾਹਿਬ ਅਕਾਲਪੁਰਖ ਦੀ ਬੇਅੰਤਤਾ ਤੇ ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿਚ ਬਣਨ ਤੇ ਉਸ ਵਿਚ ਅਕਾਲਪੁਰਖ ਦੇ ਵੱਸੇ ਹੋਣ ਦੀ ਗੱਲ ਕਰ ਰਹੇ ਹਨ ਤੇ ਇਹ ਉਪਦੇਸ਼ ਦੇ ਰਹੇ ਹਨ ਕਿ ਕਿਉਂਕਿ ਸਾਰੀ ਸ੍ਰਿਸ਼ਟੀ ਵਿਚ ਉਹ ਆਪ ਵੱਸ ਰਿਹਾ ਹੈ, ਇਸ ਲਈ ਮੈਂ ਇਸ ਨੂੰ ਝੂਠ ਕਿਵੇਂ ਆਖਾਂ।
ਜਪੁ ਬਾਣੀ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ‘ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥’ ਤੇ ਰਾਗ ਆਸਾ ਵਿਚ ਆਪਣੀ ਉਚਾਰਨ ਕੀਤੀ ਵਾਰ ਵਿਚ ਫੁਰਮਾਉਂਦੇ ਹਨ ‘ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥ ਅਤੇ ‘ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥’ ਇਸ ਲਈ ਅਕਾਲਪੁਰਖ ਦਾ ਬਣਾਇਆ ਹੋਇਆ ਸਭ ਕੁੱਝ ਸੱਚ ਹੈ ਜਿਸ ਦੀ ਪ੍ਰੋੜਤਾ ਚੌਥੇ ਗੁਰੂ ਸਰੀਰ ਉੱਪਰ ਦਿੱਤੇ ਸ਼ਬਦ ਵਿਚ ਕਰ ਰਹੇ ਹਨ। ਇਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਭਾਵੇਂ ਗੁਰੂ ਸਰੀਰ ਵੱਖਰੇ ਵੱਖਰੇ ਸਨ ਪਰ ਜੋਤ ਇੱਕੋ ਹੀ ਸੀ।
ਇੱਕ ਹੋਰ ਗੱਲ ਕਿ ਜਦੋਂ ਕਿ ਅਕਾਲਪੁਰਖ ਦਾ ਬਣਾਇਆ ਹੋਇਆ ਸਭ ਕੁੱਝ ਸੱਚ ਹੈ, ਇਸ ਦੇ ਉਲਟ ਮਨੁੱਖ ਦਾ ਬਣਾਇਆ ਹੋਇਆ ਸਭ ਕੁੱਝ ਝੂਠ ਹੈ। ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਆਪਣੀ ਰਾਗ ਆਸਾ ਵਿਚ ਉਚਾਰਨ ਕੀਤੀ ਹੋਈ ਵਾਰ ਦੀ ਹੇਠਾਂ ਦਿੱਤੀ ਪਉੜੀ ਉਪਦੇਸ਼ ਦੇ ਰਹੇ ਹਨ ਕਿ ਅਕਾਲਪੁਰਖ (ਸੱਚ) ਨੂੰ ਵਿਸਾਰ ਕੇ ਜਗ (ਝੂਠ) ਨਾਲ ਦੋਸਤੀ ਕਿਉਂ ਕਰਨੀ ਹੈ, ਜੋ ਕਿ ਚਲਣਹਾਰ ਹੈ:-
ਸਲੋਕੁ ਮਃ ੧ ॥ ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥ {ਪੰਨਾ 468}
ਵਿਚਾਰਨਾ ਜੀ ਤੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
————————
ਤਿਲੰਗ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥ ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥ ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥ ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥ ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥ {ਪੰਨਾ 723}
ਅਰਥ: ਹੇ ਭਾਈ! ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਉਹ ਹਰੀ ਸਭ ਦੇ ਉਪਰ ਹੈ ਤੇ ਮਾਲਕ ਹੈ। ਜਿਸ ਹਰੀ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਮੈਂ ਕਿਸ ਗਿਣਤੀ ਵਿਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ?।ਰਹਾਉ।
ਹੇ ਭਾਈ! ਸਾਰੇ ਜੀਵ ਹੁਕਮ ਅਨੁਸਾਰ ਖਸਮ-ਪ੍ਰਭੂ ਤੋਂ ਹੀ ਜਗਤ ਵਿਚ ਆਏ ਹਨ, ਸਾਰੀ ਲੁਕਾਈ ਉਸ ਦੇ ਹੁਕਮ ਵਿਚ (ਹੀ) ਕੰਮ ਕਰ ਰਹੀ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ (ਰਚਿਆ ਜਗਤ-) ਤਮਾਸ਼ਾ ਅਟੱਲ (ਨਿਯਮਾਂ ਵਾਲਾ ਹੈ) । ਹਰ ਥਾਂ ਉਹ ਮਾਲਕ ਆਪ ਮੌਜੂਦ ਹੈ।੧।
ਹੇ ਭਾਈ! ਹਵਾ, ਪਾਣੀ, ਧਰਤੀ ਆਕਾਸ਼-ਇਹ ਸਾਰੇ ਪਰਮਾਤਮਾ ਦੇ (ਰਹਿਣ ਵਾਸਤੇ) ਘਰ ਮੰਦਰ ਬਣੇ ਹੋਏ ਹਨ। ਹੇ ਨਾਨਕ! ਇਹਨਾਂ ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਦੱਸੋ, ਇਹਨਾਂ ਵਿਚੋਂ ਕਿਸ ਨੂੰ ਮੈਂ ਅਸੱਤ ਆਖਾਂ?।੨।੧।