ਸਿਖਾਂ ਵਿੱਚ ਧੜੇਬੰਦੀ ਹੋਣ ਦੇ ਕਾਰਨਾਂ ਬਾਰੇ ਗੁਰਬਾਣੀ ਅਧਾਰਿਤ ਸਮਝੀਏ। ਗੁਰੂ ਸਾਹਿਬ ਇਸਦਾ ਕਾਰਨ ਮਨੁੱਖ ਦੀ ਆਪਣੀ ਸਵਾਰਥੀ ਸੋਚ ਦੱਸਦੇ ਹਨ ।
(GGS-366)
ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਘਰੁ ੨ ਮਹਲਾ ੪ ॥
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ
ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥
ਝੂਠੁ ਧੜੇ ਕਰਿ ਪਛੋਤਾਹਿ ॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥
ਮਾਇਆ ਕਉ ਲੂਝਹਿ ਗਾਵਾਰੀ ॥
ਜਨਮਿ ਮਰਹਿ ਜੂਐ ਬਾਜੀ ਹਾਰੀ ॥
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥
ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
ਜੈਸਾ ਬੀਜੈ ਤੈਸਾ ਖਾਵੈ ॥
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
– ਤੇ ਦੱਸਿਆ ਹੈ ਕਿ ਜਦ ਸਾਡੀ ਸੋਚ ਨਿੱਜੀ ਸਵਾਰਥਾਂ ਤੋਂ ਉਪਰ ਉਠ ਕੇ ਗੁਰਮਤਿ ਦੇ ਦਿੱਤੇ ਸਿਧਾਂਤਾਂ ਨੂੰ ਨਹੀ ਮੰਨਦੀ ਤਾਂ ਧੜੇ ਬਣਦੇ ਹਨ :
(GGS-646)
ਮਃ ੩ ॥
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥
ਗੁਰੂ ਸਾਹਿਬ ਨੇ ਦੱਸਿਆ ਹੈ ਕਿ ਸੰਸਾਰ ਵਿੱਚ ਦੋ ਹੀ ਤਰਾਂ ਦੇ ਮਨੁੱਖ ਹਨ :
(1) ਗੁਰਮੁੱਖ – ਜਿਨ੍ਹਾ ਦੇ ਮਨ ਦੀ ਘਾੜਤ ਗੁਰਮਤਿ ਅਨੁਸਾਰ ਘੜੀ ਗਈ ਹੈ ਤੇ ਉਹ ਸੰਸਾਰ ਵਿੱਚ ਉਸ ਘੜੇ ਹੋਏ ਮਨ ਅਨੁਸਾਰ ਵਿਚਰਦੇ ਹਨ।
(2) ਮਨਮੁੱਖ – ਜਿਹੜੇ ਆਪਣੇ ਵਿਕਾਰੀ ਮਨ ਅਨੁਸਾਰ ਸੰਸਾਰ ਵਿੱਚ ਵਿਚਰਦੇ ਹਨ। ਗੁਰੂ ਸਭਨਾ ਦਾ ਭਲਾ ਲੋਚਦਾ ਹੈ ਤੇ ਚਾਹੁੰਦਾ ਹੈ ਕਿ ਮਨਮੁੱਖ ਵੀ ਰੱਬੀ ਗੁਣ ਲੈਕੇ, ਆਨੰਦਮਈ ਜੀਵਨ ਜਿਉਂਣ।
ਇਸ ਤਰਾਂ, ਭਾਵੇਂ ਗੁਰਮਤਿ ਅਨੁਸਾਰ ਸੰਸਾਰ ਵਿੱਚ ਦੋ ਹੀ ਤਰਾਂ ਦੇ ਮਨੁੱਖ ਹਨ ਭਾਵ ਦੋ ਹੀ ਧੜੇ ਹਨ ਪਰ ਸਵਾਲ ਇਹ ਹੈ ਕਿ ਆਪਣੇ ਆਪ ਨੂੰ ਗੁਰਮੁੱਖ ਕਹਿਲਾਉਣ ਵਾਲਿਆਂ ਦੇ ਵੀ ਏਨੇ ਧੜੇ ਕਿਉਂ ਬਣੇ ਹੋਏ ਹਨ? ਮੇਰੀ ਥੋੜੀ ਮਤ ਮੁਤਾਬਕ , ਗੁਰਮੁੱਖਾਂ ਦੇ ਇਨ੍ਹਾ ਧੜਿਆਂ ਦਾ ਕਾਰਨ, ਹਰੇਕ ਧੜੇ ਰਾਹੀਂ ਆਪਣੀ ਆਪਣੀ ਮਤ ਅਨੁਸਾਰ, ਗੁਰਬਾਣੀ ਦੀ ਕੀਤੀ ਜਾ ਰਹੀ ਵੱਖਰੀ ਵੱਖਰੀ ਵਿਆਖਿਆ ਹੈ।
ਉਦਾਹਰਣ ਦੇ ਤੌਰ ਤੇ ਪੁਨਰ-ਜਨਮ ਦਾ ਸਿਧਾਂਤ:
‐————————————————-
ਇੱਕ ਧੜਾ:
ਰੱਬੀ ਨਿਯਮਾਂ ਅਨੁਸਾਰ ਹਰ ਵਿਅਕਤੀ ਦਾ ਸਰੀਰਕ ਜਨਮ ਆਪਣੇ ਮਾਂ-ਪਿਓ ਦੇ ਸੰਯੋਗ ਨਾਲ ਹੁੰਦਾ ਹੈ। ਇਸਤੋਂ ਬਾਅਦ ਉਸਦਾ ਗੁਰੂ ਦੇ ਘਰ ਵਿੱਚ ਮਾਨਸਿਕ ਜਨਮ ਤਾਂ ਹੁੰਦਾ ਹੈ ਜੇ ਉਹ ਆਪਣੀ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਲੈਂਦਾ ਹੈ। ਗੁਰੂ ਉਸਦੀਆਂ ਇੰਦਰੀਆਂ/ ਗਿਆਨ ਇੰਦਰੀਆਂ ਦੀ ਨਵੀਂ ਘਾੜਤ ਘੜਕੇ ਉਸਨੂੰ ਸਮਾਜ ਵਿੱਚ ਆਨੰਦਮਈ ਜੀਵਨ ਜਿਉਂਣ ਦੀ ਜਾਚ ਸਿਖਾਉਂਦਾ ਹੈ। ਗੁਰਮਤਿ ਅਨੁਸਾਰ ਇਸਨੂੰ ਗੁਰੂ ਦੇ ਘਰ ਜਨਮ ਲੈਣਾ ਕਹਿੰਦੇ ਹਨ, ਇਹ ਉਸਦਾ ਪੁਨਰ-ਜਨਮ ਹੈ।ਇਹ ਜਿਊਂਦੇ ਜੀਅ ਮੁਕਤੀ ਦਾ ਮਾਰਗ ਹੈ, ਸਰੀਰਕ ਮੌਤ ਦਾ ਇਸ ਨਾਲ ਕੋਈ ਸਰੋਕਾਰ ਨਹੀਂ। ਇਸ ਧੜੇ ਮੁਤਾਬਕ ਗੁਰੂ ਸਾਹਿਬ ਕਹਿੰਦੇ ਹਨ ਕਿ ਕੋਈ ਪਤਾ ਨਹੀਂ ਮਰਨ ਤੋਂ ਬਾਅਦ ਵਿਅਕਤੀ ਕਿੱਥੇ ਜਾ ਸਮਾਉਂਦਾ ਹੈ : (GGS-648)
ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
ਦੂਜਾ ਧੜਾ :
ਪੁਰਾਤਨ ” ਵਰਣ ਆਸ਼ਰਮ ਧਰਮ” ਨੂੰ ਮੰਨਦਾ ਹੈ ਜਿਸ ਅਨੁਸਾਰ ਵਿਅਕਤੀ ਕੀਤੇ ਹੋਏ ਕਰਮਾਂ ਦੇ ਅਧਾਰ ਤੇ ਸਰੀਰਕ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ ਹੈ। ਇਸਦੇ ਬਹੁਤ ਵਿਸਥਾਰ ਵਿੱਚ ਵਿਧੀਆਂ ਹਨ ਕਿ ਮ੍ਰਿਤਕ ਨੇ ਕਿੰਨੇ ਸਮੇ ਵਿੱਚ ਸਵਰਗ ਪਹੁੰਚਣਾ ਹੈ/ ਉਸਨੂੰ ਕਿਹੜਾ ਤੇ ਕਿੰਨਾ ਤੋਸਾ ਚਾਹੀਦਾ ਹੈ। ਉਸਦੇ ਕੀਤੇ ਕਰਮਾਂ ਦੇ ਅਧਾਰ ਤੇ ਉਸਦਾ ਬ੍ਰਹਮਾ ਜੀ ਦੁਆਰਾ ਬ੍ਰਾਹਮਣ, ਖਤਰੀ, ਵੈਸ਼ ਜਾਂ ਸ਼ੂਦਰ ਦੇ ਘਰ ਪੁਨਰ-ਜਨਮ ਕਿਵੇਂ ਹੋਣਾ ਹੈ, ਸਭ ਕੁਝ ਪੁਜਾਰੀਆ ਕੋਲ ਲਿਖਤਬਧ ਹੈ। ਇਹ ਧੜਾ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਹੀ ਅਖਵਾਉਂਦਾ ਹੈ। ਪੁਜਾਰੀਆ ਦੀ ਜਗਾ ਇਹ ਕਿਰਿਆ ਕਰਮ ਗ੍ਰੰਥੀ ਕਰਦਾ ਹੈ। ਕਿਸੇ ਮ੍ਰਿਤਕ ਵਿਅਕਤੀ ਦੇ ਭੋਗ ਸਮੇਂ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਪੰਡ ਜਿਹੀ ਬੰਨਕੇ ਰੱਖ ਦਿੱਤੀ ਜਾਂਦੀ ਹੈ। ਜਿਸ ਵਿੱਚ ਕੁਝ ਕੱਪੜੇ, ਰਸੋਈ ਦਾ ਕਰਿਆਨਾ, ਥਾਲੀ, ਚਮਚਾ, ਗਲਾਸ ਤੇ ਕੁਝ ਹੋਰ ਭਾਂਡੇ, ਪਲਾਸਟਿਕ ਦੀ ਜੁੱਤੀ ਆਦਿ ਹੁੰਦੀ ਹੈ। ਗ੍ਰੰਥੀ ਅਰਦਾਸ ਕਰਦਾ ਹੈ ਕਿ ਇਹ ਸਭ ਵਸਤਾਂ ਮ੍ਰਿਤਕ ਕੋਲ ਪਹੁੰਚ ਜਾਣ ਤੇ ਚੁੱਕਕੇ ਆਪਣੇ ਘਰ ਲੈ ਜਾਂਦਾ ਹੈ। ਇਹ ਪ੍ਰਥਾ ਅੰਮ੍ਰਿਤਸਰ ਦੇ ਨੇੜਲੇ ਸਾਰੇ ਪਿੰਡਾਂ ਚ ਪ੍ਰਚਲਿਤ ਹੈ। ਜਿਆਦਾਤਰ ਡੇਰੇ ਇਸ “ਵਰਣ ਆਸ਼ਰਮ ਧਰਮ ” ਦੀ ਪੁਨਰ-ਜਨਮ/ਸਵਰਗ ਨਰਕ ਦੀ ਥਿਊਰੀ ਦਾ ਹੀ ਪ੍ਰਚਾਰ ਕਰਦੇ ਹਨ। ਜੇਕਰ ਧੜਾ ਨੰਬਰ 1 ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਧੜਾ ਨੰਬਰ 2 ਪੁਰਾਤਨ ਜਨਮ ਸਾਖੀਆਂ ਦੀ ਰੈਫਰੈਂਸ ਦੇ ਦਿੰਦਾ ਹੈ ਜਿਸ ਵਿੱਚ ਗੁਰੂ ਸਾਹਿਬ ਦਵਾਰਾ ਕਿਸੇ ਘੋਗੜ /ਕਾਂ/ਸੱਪ/ ਨੂੰ ਮਾਰਕੇ ਉਹਦਾ ਉਧਾਰ ਕੀਤਾ ਦੱਸਿਆ ਗਿਆ ਹੈ ਕਿ ਕਿਵੇਂ ਪਿਛਲੇ ਜਨਮ ਵਿੱਚ ਇਹਨਾ ਨੇ ਕੋਈ ਮਾੜਾ ਕਰਮ ਕੀਤਾ ਸੀ ਤੇ ਇਹ ਜਾਨਵਰ ਜੂਨੀਆਂ ਭੋਗ ਰਹੇ ਸਨ ਤੇ ਗੁਰੂ ਨੇ ਉਨ੍ਹਾ ਨੂੰ ਮਾਰਕੇ ਉਨ੍ਹਾ ਦਾ ਉਧਾਰ ਕਰ ਦਿੱਤਾ।
(ਰੈਫਰੈਂਸ: ਗੁਰੂ ਕੀਆ ਸਾਖੀਆਂ/ਭਾਈ ਸਵਰੂਪ ਸਿੰਘ ਕੌਸ਼ਿਕ/ 93-ਸਾਖੀ ਘੋਗੜ ਕਾ ਉਧਾਰ ਕਰਨੇ ਕੀ ਚਾਲੀ/ 95 – ਸਾਖੀ ਕਾਂ ਤੇ ਸਰਪ ਕੇ ਉਧਾਰ ਕੀ ਚਾਲੀ)
ਉਮੀਦ ਹੈ, ਇਸ ਆਪਸੀ ਧੜੇਬੰਦੀ ਦੇ ਹੋਰ ਪੱਖਾਂ ਤੇ ਵੀ ਵਿਚਾਰ ਕਰਕੇ ਗੁਰਮਤਿ ਅਧਾਰਤ ਸੇਧ ਦੇਵੋਗੇ।
ਕਰਨੈਲ ਸਿੰਘ।
ਸਿਖਾਂ ਵਿੱਚ ਵੀ ਏਨੇ ਵਿਚਾਰਧਾਰਕ ਧੜੇ/ਡੇਰੇ ਕਿਉਂ ਹਨ?
Share
ਸਤਿਕਾਰ ਯੋਗ ਵੀਰ ਕਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਵੀ ਪੁੱਛਿਆ ਹੈ ਤੇ ਜਵਾਬ ਵੀ ਆਪ ਦੇ ਦਿੱਤਾ ਹੈ। ਦਾਸ ਦੀ ਸਮਝ ਅਨੁਸਾਰ, ਸਮਸਿੱਆ ਦਾ ਆਰੰਭ ਉਦੋਂ ਹੀ ਹੋ ਗਿਆ ਸੀ ਜਦੋਂ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਅੱਗੇ ਆਉਂਦੇ ਹਾਂ ਗੁਰੂ ਸਾਹਿਬ ਦੇ ਵਿਆਹ ਦੀ ਘਟਨਾ ਤੇ, ਜਦੋਂ ਉਨ੍ਹਾਂ ਨੇ ਵੇਦੀ ਦੀ ਲਾਵਾਂ ਲੈਣ ਤੋਂ ਇਨਕਾਰ ਕੀਤਾ। ਫ਼ਿਰ ਅੱਗੇ ਆਉਂਦੇ ਹਾਂ ਹਰਿਦੁਆਰ ਦੀ ਘਟਨਾ ਤੇ ਜਦੋਂ ਉਨ੍ਹਾਂ ਨੇ ਪੱਛਮ ਵੱਲ ਪਾਣੀ ਨਾਂਹ ਸੁੱਟ ਕੇ ਲੋਕਾਈ ਨੂੰ ਜਾਗ੍ਰਿਤ ਕੀਤਾ। ਲੜੀ ਬਹੁਤ ਲੰਬੀ ਹੈ।
ਬਿਪਰ ਉਦੋਂ ਤੋਂ ਹੀ ਚੌਕਸ ਹੋ ਗਿਆ ਸੀ ਕਿਉਂਕਿ ਉਸ ਨੂੰ ਆਪਣੀ ਦੁਕਾਨਦਾਰੀ ਦਾ ਫ਼ਿਕਰ ਪੈ ਗਿਆ ਸੀ ਤੇ ਉਸ ਨੇ ਕੋਈ ਖੁਲ੍ਹੇ ਤੌਰ ਤੇ ਵਿਰੋਧ ਕੀਤੇ ਬਿਨਾਂ ਆਪਣਾ ਕੰਮ ਜਾਰੀ ਰੱਖਿਆ ਹੈ ਜੋ ਹੁਣ ਵੀ ਚੱਲ ਰਿਹਾ ਹੈ।
ਇਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਲਗਭਗ ਨੱਬੇ ਸਾਲ ਸਿੱਖਾਂ ਜੰਗਲਾਂ ਵਿਚ ਸਨ ਤੇ ਉਨ੍ਹਾਂ ਦੇ ਘਰ ਘੋੜਿਆਂ ਤੇ ਸਨ ਤਾਂ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਸਾਧੂਆਂ ਤੇ ਨਿਰਮਲਿਆਂ, ਜੋ ਕਿ ਬਿਪਰ ਦਾ ਦੂਸਰਾ ਰੂਪ ਸਨ, ਦੇ ਹੱਥ ਰਹੀ ਤੇ ਉਨ੍ਹਾਂ ਨੇ ਸਿੱਖੀ ਦਾ ਰੂਪ ਪੂਰੇ ਤੌਰ ਤੇ ਵਿਗਾੜ ਦਿੱਤਾ। ਇਸ ਤੋਂ ਬਾਅਦ ਦੇ ਸਮੇਂ ਵਿਚ ਵੀ ਇਹ ਸਭ ਕੁੱਝ ਚੱਲਦਾ ਆ ਰਿਹਾ ਹੈ ਕਿਉਂਕਿ ਇਹ ਆਪਣੇ ਆਪ ਨੂੰ ਸੰਤ/ਬਾਬੇ ਕਹਾਊਣ ਵਾਲੇ ਬਿਪਰ ਦਾ ਹੀ ਦੂਜਾ ਰੂਪ ਹਨ।
ਸਿੰਘ ਸਭਾ ਲਹਿਰ ਆਉਣ ਨਾਲ ਸੁਧਾਰ ਹੋਇਆ ਸੀ ਪਰ ਹੁਣ ਫ਼ਿਰ ਆਪਣੇ ਆਪ ਨੂੰ ਸੰਤ/ਬਾਬੇ ਕਹਾਊਣ ਵਾਲਿਆਂ ਦਾ ਪਲੜਾ ਭਾਰੀ ਹੈ ਤੇ ਸਾਡੇ ਰਾਜਸੀ ਨੇਤਾਵਾਂ ਨੂੰ ਸਿੱਖੀ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਕੁਰਸੀ ਤੋਂ ਅੱਗੇ ਕੁੱਝ ਦਿੱਖਦਾ ਨਹੀਂ ਹੈ। ਇਸ ਵਕਤ ਸਾਡੇ ਕਹੇ ਜਾਣ ਵਾਲੇ ਰਾਜਸੀ ਨੇਤਾ ਉਨ੍ਹਾਂ ਦਾ ਪਾਣੀ ਭਰਦੇ ਹਨ, ਜਿਨ੍ਹਾਂ ਦਾ ਇੱਕੋ ਇੱਕ ਮੰਤਵ ਸਿੱਖੀ ਦੀ ਵੱਖਰੀ ਹੋਂਦ ਨੂੰ ਖ਼ਤਮ ਕਰਨਾ ਹੈ। ਸਾਰੀਆਂ ਸਿੱਖ ਸੰਸਥਾਵਾਂ ਬਿਪਰਾਂ ਦੇ ਕਬਜ਼ੇ ਵਿਚ ਹਨ ਤੇ ਰੋਸ਼ਨੀ ਦੀ ਕੋਈ ਕਿਰਨ ਹਾਲਾਂ ਦਿੱਸਦੀ ਨਹੀਂ ਹੈ। ਅਕਾਲਪੁਰਖ ਮਿਹਰ ਕਰਣ ਤੇ ਸਿੱਖਾਂ ਨੂੰ ਸੁਮੱਤ ਬਖਸ਼ਣ! ਇਹ ਹੀ ਅਰਦਾਸ ਹੈ ਜੀ!
ਆਦਰ ਸਹਿਤ,
ਆਪ ਦਾ ਵੀਰ
ਕੁਲਵਿੰਦਰ ਸਿੰਘ ਜੀ, ਇਤਿਹਾਸਕ ਪੱਖ ਉਜਾਗਰ ਕਰਨ ਲਈ ਧੰਨਵਾਦ। ਇਸ ਪੋਸਟ ਦਾ ਮੰਤਵ ਇਸ ਧੜੇਬੰਦੀ ਦੇ ਕਾਰਨ ਲਭਕੇ, ਗੁਰਸਿਖਾਂ ਨੂੰ ਸੁਚੇਤ ਕਰਕੇ, ਸਮੱਸਿਆ ਦਾ ਹਲ ਲੱਭਣਾ ਹੈ ਜੀ। ਜਿਵੇਂ : # ਗੁਰੂਇਤਿਹਾਸ ਦੀਆਂ ਗੁਰਮਤਿ ਵਿਰੋਧੀ ਸਾਖੀਆਂ ਦੀ ਪਹਿਚਾਣ ਕਰਕੇ ਸੰਗਤ ਨੂੰ ਸੁਚੇਤ ਕਰਨਾ।
# ਰਲ ਮਿਲਕੇ ਭਵਿੱਖਤ ਯੋਜਨਾਬੰਦੀ ਕਰੀਏ, ਜਿਵੇਂ ਆਪਣੇ ਨਾਵਾਂ ਨਾਲ ਜਾਤੀਸੂਚਕ ਗੋਤਾਂ ਨਾ ਲਿਖੀਏ।
ਤੁਹਾਡੀ ਸੇਧ ਦੀ ਉਡੀਕ ਵਿੱਚ,
ਕਰਨੈਲ ਸਿੰਘ।
GSC ਵਲੋਂ 15.06.2023 ਪੁਨਰ-ਜਨਮ (reincarnation) ਵਿਸ਼ੇ ਤੇ ਕੀਤੇ ਗਏੇ ਵੈਬੀਨਾਰ ਦੇ ਕੁਝ ਨਤੀਜੇ:
(੧) ਗੁਰਮਤਿ ਅਨੁਸਾਰ ਪੂਰਬਲੇ ਜਨਮ ਦਾ ਭਾਵ ਹੈ ” ਮੇਰੇ ਮਾਤਾ-ਪਿਤਾ ਦੇ ਸੰਯੋਗ ਨਾਲ ਹੋਏ ਮੇਰੇ ਜਨਮ ਤੋਂ ਸ਼ੁਰੂ ਹੋਕੇ ਹੁਣ ਤਕ ਦਾ ਸਮਾਂ” ਇਹ ਮੇਰਾ “ਪੂਰਬਲਾ ਜਨਮ” ਹੈ। ਮੇਰੇ ਸਰੀਰਕ ਜਨਮ ਤੋਂ ਬਾਅਦ, ਜਦੋਂ ਮੈਂ ਆਪਣੀ ਮਤ ਤਿਆਗਕੇ, ਗੁਰੂ ਦੀ ਦਿੱਤੀ ਮਤ ਅਨੁਸਾਰ ਜੀਉਣਾ ਸ਼ੁਰੂ ਕਰ ਦਿੱਤਾ ਤਦ ਮੇਰਾ ਗੁਰੂ ਦੇ ਘਰ ਪੁਨਰ-ਜਨਮ ਹੋ ਗਿਆ। ਗੁਰਮਤਿ ਮੇਰੇ ਏਸੇ ਜੀਵਨ ਕਾਲ ਦੀ ਵਿਚਾਰ ਕਰਦੀ ਹੈ ਕਿ ਮੈਂ ਕਿਵੇਂ ਕੁੜਿਆਰ ਤੋਂ ਸਚਿਆਰ ਬਣਕੇ ਆਨੰਦਮਈ ਜੀਵਨ ਜਿਊਣਾ ਹੈ। ਸਾਰੇ ਵਿਦਵਾਨਾਂ ਨੇ ਉਪਰੋਕਤ ਗੁਰਮਤਿ ਨਜਰੀਏ ਦੀ ਪ੍ਰੋੜਤਾ ਕੀਤੀ ਕੁਝ ਇਕ ਨੂੰ ਛੱਡਕੇ।
ਜਿਆਦਾਤਰ ਵਿਦਵਾਨਾਂ ਦੀ ਰਾਇ ਸੀ ਕਿ ਜਦੋਂ ਸਾਡੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਮਰਨ ਤੋਂ ਬਾਅਦ, ਵਿਅਕਤੀ ਜਿਨ੍ਹਾ ਤੱਤਾਂ ਦਾ ਬਣਿਆ ਸੀ, ਉਨ੍ਹਾਂ ਵਿੱਚ ਹੀ ਸਮਾਅ ਜਾਂਦਾ, ਇਸ ਤੋਂ ਇਲਾਵਾ ਕੋਈ ਪਤਾ ਨਹੀਂ ਵਿਅਕਤੀ ਕਿਥੇ ਜਾ ਸਮਾਉਂਦਾ ਤਾਂ ਅਸੀਂ ਗੁਰੂ ਸਾਹਿਬ ਤੋਂ ਜਿਆਦਾ ਸਿਆਣੇ ਕਿਉਂ ਬਣ ਰਹੇ ਹਾਂ? ਮਰਨ ਤੋਂ ਬਾਅਦ ਦੀ ਵਿਚਾਰ ਨਾਲੋਂ ਆਪਣੇ ਇਸੇ ਜੀਵਨ ਨੂੰ ਸਵਾਰਨ ਬਾਰੇ ਕਿਉਂ ਨਹੀਂ ਸੋਚਦੇ?
(GGS- 648)
ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
(2) ਡਾਕਟਰ ਕਾਲਾ ਸਿੰਘ ਜੀ ਨੇ ਦੱਸਿਆ ਕਿ ਦੋ ਤਰਾਂ ਦੇ ਮਨੁੱਖ ਹੁੰਦੇ ਹਨ :
( ੳ) ਖੁਲੀ ਵਿਚਾਰਧਾਰਾ ਵਾਲੇ ( open minded) ਜੋ ਗੁਰੂ ਤੋਂ ਹਮੇਸ਼ਾ ਨਵੀਆਂ ਵਿਚਾਰਾਂ ਸਿੱਖਦੇ ਰਹਿੰਦੇ ਹਨ, ਗੁਰਮਤਿ ਦੀ ਕਸਵੱਟੀ ਤੇ ਆਪਣੀਆਂ ਪੁਰਾਣੀਆਂ ਗਲਤੀਆਂ ਸੁਧਾਰਦੇ ਰਹਿੰਦੇ ਹਨ, ਗੁਰਮੁੱਖ ਇਸ ਸਮੂਹ ਚ ਆਉਂਦੇ ਹਨ।
(ਅ) ਬੰਦ ਵਿਚਾਰਧਾਰਾ ਵਾਲੇ (closed minded)
ਜੋ ਆਪਣੀਆਂ ਪਹਿਲਾਂ ਤੋਂ ਪੱਕੀਆਂ ਮਾਨਤਾਵਾਂ ਨੂੰ ਨਹੀਂ ਛੱਡਦੇ, ਗੁਰਮਤਿ ਦੀ ਕਸਵੱਟੀ ਤੇ ਪਰਖ ਨਹੀਂ ਕਰਦੇ। ਪੰਜਵੇਂ ਪਾਤਸ਼ਾਹ ਦੀ ਇਕ ਸਾਖੀ ਹੈ ਜਿਸ ਵਿੱਚ ਉਹਨਾਂ ਕਿਹਾ ਸੀ ” ਸਿੱਖੀ ਉਪਰ ਸਿੱਖੀ ਨਹੀਂ ਟਿੱਕਦੀ”। ਕਿਸੇ ਨੂੰ ਪਤਾ ਹੋਵੇ ਤਾਂ ਲਿਖਣਾ, ਉਹ ਇਸ ਸਮੂਹ ਤੇ ਢੁੱਕਦੀ ਹੈ। ਇਸ ਸਮੂਹ ਨੂੰ ਆਪਣਾ ਭਾਂਡਾ ਸਾਫ ਕਰਕੇ ਭਾਵ ਪੁਰਾਤਨ ਮਾਨਤਾਵਾਂ ਨੂੰ ਛੱਡਕੇ, ਗੁਰੂ ਕੋਲ ਵਾਪਸ ਆਉਣਾ ਪਵੇਗਾ ਨਹੀਂ ਤਾਂ ਗੁਰੂ ਦੀ ਗਲ ਸਮਝ ਨਹੀਂ ਪੈਣੀ।
(GGS- 728)
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥
ਆਦਰ ਸਹਿਤ,
ਕਰਨੈਲ ਸਿੰਘ