ਸਿੱਖੀ ਦੇ ਅਨੁਸਾਰ, ਮਨੁੱਖੀ ਜੀਵਨ ਦਾ ਅੰਤਮ ਉਦੇਸ਼ ਪਰਮਾਤਮਾ ਨਾਲ ਇੱਕ ਹੋ ਜਾਣਾ ਹੈ, ਮੈਂ ਹੈਰਾਨ ਹਾਂ ਕਿ ਆਤਮਾਵਾਂ ਪਹਿਲਾਂ ਪਰਮਾਤਮਾ ਤੋਂ ਵੱਖ ਕਿਉਂ ਹੁੰਦੀਆਂ ਹਨ?
ਸਿੱਖੀ ਦੇ ਅਨੁਸਾਰ, ਮਨੁੱਖੀ ਜੀਵਨ ਦਾ ਅੰਤਮ ਉਦੇਸ਼ ਪਰਮਾਤਮਾ ਨਾਲ ਇੱਕ ਹੋ ਜਾਣਾ ਹੈ, ਮੈਂ ਹੈਰਾਨ ਹਾਂ ਕਿ ਆਤਮਾਵਾਂ ਪਹਿਲਾਂ ਪਰਮਾਤਮਾ ਤੋਂ ਵੱਖ ਕਿਉਂ ਹੁੰਦੀਆਂ ਹਨ?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਬਹੁਤਾ ਕੁੱਝ ਨਾਂਹ ਕਹਿੰਦੇ ਹੋਏ ਉਦਾਹਰਣ ਵਜੋਂ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੀ ਉਚਾਰਨ ਕੀਤੀ ਬਾਣੀ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ ਦੀ 6ਵੀਂ ਪਉੜੀ ਦਾ ਮੂਲ ਪਾਠ ਤੇ ਅਰਥ ਹੇਠਾਂ ਦੇ ਰਿਹਾ ਹੈ। ਤੁਸੀਂ ਦੇਖੋਗੇ ਕਿ ਗੁਰੂ ਸਾਹਿਬ ਸਿੱਖਿਆ ਦੇ ਰਹੇ ਹਨ ਕਿ ਜੀਵਾਂ ਦਾ ਜੰਮਣਾ ਮਰਨਾ ਅਕਾਲਪੁਰਖ ਨੇ ਆਪਣੀ ਇੱਕ ਖੇਡ ਬਣਾਈ ਹੈ ਤੇ ਸਾਰੇ ਜੀਆਂ ਦੇ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਬਾਰੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ। ਹੁਕਮ ਕਰੋਗੇ ਤਾਂ ਦਾਸ ਹੋਰ ਸ਼ਬਦ ਵੀ ਹਾਜ਼ਰ ਕਰੇਗਾ। ਦਾਸ ਆਪ ਜੀ ਨੂੰ ਸਨਿਮਰਤਾ ਸਹਿਤ ਬੇਨਤੀ ਕਰਨਾ ਚਾਹੇਗਾ ਕਿ ਆਪ ਸਹਿਜ ਪਾਠ ਕਰਨਾ ਸ਼ੁਰੂ ਕਰੋ। ਬਹੁਤ ਸਾਰੇ ਸਵਾਲਾਂ ਦੇ ਜਵਾਬ ਆਪੇ ਹੀ ਮਿਲਣੇ ਸ਼ੁਰੂ ਹੋ ਜਾਣਗੇ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀਆਂ ਹੋਣ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਤੋਂ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————————-
ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥ ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥ ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥ ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥ {ਪੰਨਾ 294}
ਅਰਥ: ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ, (ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ। (ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ, (ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ।
(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ।
ਹੇ ਨਾਨਕ! (ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ, ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ।6।