Poll Results
Participate in Poll, Choose Your Answer.
ਬਹੁਤ ਸਾਰੇ ਪੰਜਾਬੀ ਗਾਣਿਆਂ ਵਿੱਚ ਰੱਬ ਤੋਂ ਡਰਨ ਬਾਰੇ ਕਿਹਾ ਗਿਆ ਹੈ। ਉਦਾਹਰਣ : “ਮੈਂ ਡਰਦੀ ਰਬ ਰਬ ਕਰਦੀ ” ਸੁਆਲ ਇਹ ਹੈ ਕਿ ਰਬ ਆਪਣੇ ਪੈਦਾ ਕੀਤੇ ਸੰਸਾਰ/ ਮਨੁੱਖਤਾ ਨੂੰ ਡਰਾਉਂਦਾ ਹੈ ਜਾਂ ਪਿਆਰ ਕਰਦਾ ਹੈ ਹੈ? Many Punjabi songs talk about fearing God. Example: ” “ਮੈਂ ਡਰਦੀ ਰਬ ਰਬ ਕਰਦੀ ” The question is, does God create fear or love his created world/humanity?
ਸਤਿਕਾਰ ਯੋਗ ਵੀਰ ਕਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ, ਗਉੜੀ ਗੁਆਰੇਰੀ ਰਾਗ ਦੇ ਦੋ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 151 ਤੇ ਸੁਸ਼ੋਭਿਤ ਹਨ, ਤੇ ਉਨ੍ਹਾਂ ਦੇ ਅਰਥ ਹੇਠਾਂ ਦੇ ਰਿਹਾ ਹੈ।
ਇਨ੍ਹਾਂ ਦੋਵਾਂ ਸ਼ਬਦਾਂ ਵਿਚ ਗੁਰੂ ਸਾਹਿਬ ਪਭੂ ਭੈ (ਪ੍ਰਭੂ ਦੇ ਡਰ) ਤੇ ਪ੍ਰਭੂ ਭਉ (ਪ੍ਰਭੂ ਦੇ ਪਿਆਰ) ਦੀ ਵਿਚਾਰ ਦੇ ਰਹੇ ਹਨ ਤੇ ਸਿੱਖਿਆ ਦੇ ਰਹੇ ਹਨ ਕਿ ਮਨੁੱਖ ਨੇ ਪ੍ਰਭੂ ਦੇ ਡਰ ਵਿਚ ਰਹਿਣਾ ਹੈ ਤੇ ਮਨ ਦੀ ਸਿੱਖਿਆ ਤੇ ਨਾਂਹ ਚੱਲ ਕੇ ਅਰਥਾਤ ਮਨਮੁਖ ਨਾਂਹ ਬਣ ਕੇ ਪ੍ਰਭੂ ਦੀ ਸਿੱਖਿਆ ਤੇ ਚੱਲ ਕੇ ਅਰਥਾਤ ਗੁਰਮੁਖ ਬਣ ਕੇ ਪ੍ਰਭੂ ਦੇ ਪਿਆਰ ਦੇ ਲਾਇਕ ਬਣਨਾ ਹੈ ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਤੇ ਬਖਸ਼ਿਸ਼ ਸਦਕਾ, ਮਨੁੱਖਤਾ ਬਾਰੇ ਗੁਰੂ ਸਾਹਿਬ ਦੀ ਦੀ ਦੱਸੀ ਹੋਈ ਵਿਚਾਰ ਨੂੰ ਜੀਵਨ ਦਾ ਹਿੱਸਾ ਬਣਾਉਣਾ ਹੈ ਅਰਥਾਤ ਸਾਰਿਆਂ ਵਿਚ ਪ੍ਰਭੂ ਨੂੰ ਦੇਖਣਾ ਹੈ। ਪ੍ਰਭੂ ਦੁਆਰਾ ਰਚੀ ਹੋਈ ਮਾਇਆ ਵਿਚ ਨਾਂਹ ਫੱਸ ਕੇ, ਵਿਕਾਰਾਂ ਕੋਲੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰਨਾ ਹੈ ਤੇ ਸਚਿਆਰ ਮਨੁੱਖ ਬਣ ਕੇ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਰੂਪ ਹਨ, ਨਾਲ ਜੁੜ ਕੇ, ਉੱਚੀ ਆਤਮਿਕ ਅਵਸਥਾ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ) ਤੇ ਪਹੁੰਚਣਾ ਹੈ। ਆਖ਼ਰੀ ਮੰਜ਼ਿਲ ਜੀਵਨ ਮੁਕਤ ਹੋਣ ਦੀ ਹੈ।
ਗੁਰੁ ਸਾਹਿਬ ਇਹ ਵੀ ਸਮਝਾਉਂਦੇ ਹਨ ਕਿ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਡਰ ਹੈ ਉਸ ਦਾ ਦੁਨੀਆ ਦਾ ਹਰੇਕ ਕਿਸਮ ਦਾ ਸਹਮ ਦੂਰ ਹੋ ਜਾਂਦਾ ਹੈ। ਗੁਰੁ ਸਾਹਿਬ ਅਨੁਸਾਰ ਜੇ ਦੋ ਮਨੁੱਖਾਂ ਦੇ ਜੀਵਨ ਨੂੰ ਤੋਲੀਏ (ਇੱਕ ਦੇ ਅੰਦਰ ਪ੍ਰਭੂ ਦਾ ਡਰ ਤੇ ਦੂਜੇ ਦੇ ਅੰਦਰ ਆਪਣੇ ਮਨ ਦੀ ਮਤਿ ਹੋਵੇ), ਤਾਂ ਪ੍ਰਭੂ ਦੇ ਡਰ ਵਾਲੇ ਮਨੁੱਖ ਅਰਥਾਤ ਗੁਰਮੁਖ ਮਨੁੱਖ ਦਾ ਜੀਵਨ ਬਹੁਤ ਉੱਚਾ ਹੋਵੇਗਾ ਜਦੋਂ ਕਿ ਮਨ ਤੋਂ ਮਤ ਲੈਣ ਵਾਲੇ ਮਨੁੱਖ ਅਰਥਾਤ ਮਨਮੁਖ ਦਾ ਜੀਵਨ ਹੋਛਾ ਜਿਹਾ ਹੋਵੇਗਾ।
ਹੁਣ ਆਉਂਦੇ ਹਾਂ ਪ੍ਰਭੂ ਦੇ ਪਿਆਰ ਦੇ ਵਿਸ਼ੇ ਤੇ। ਗੁਰੁ ਸਾਹਿਬ ਫੁਰਮਾਉਂਦੇ ਹਨ:-
ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥ ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥ ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ {ਪੰਨਾ 103}
ਸਵਾਲ ਉੱਠਦਾ ਹੈ ਕਿ ਕੋਈ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰੇਗਾ? ਜਿਹੜਾ ਪਿਤਾ ਸਾਰਿਆਂ ਵਿਚ ਪ੍ਰਭੂ ਨੂੰ ਦੇਖਣ ਦੀ ਸਿੱਖਿਆ ਦੇ ਰਿਹਾ ਹੈ, ਉਹ ਤਾਂ ਪਿਆਰ ਦਾ ਸੌਮਾ ਹੈ। ਹਾਂ ਉਸ ਦੇ ਬੱਚੇ ਭੁੱਲਾਂ ਕਰ ਸਕਦੇ ਹਨ ਪਰ ਉਹ ਪਿਤਾ ਬਖਸ਼ਿੰਦ ਹੈ ਤੇ ਭੁੱਲਾਂ ਬਖਸ਼ ਕੇ ਮੁੜ ਗਲ਼ ਨਾਲ ਲੱਗਾ ਲੈਂਦਾ ਹੈ:-
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
ਅਰਥ: ਸਾਰੇ ਜੀਅ ਉਸ ਦੇ ਹਨ, ਉਹ ਸਾਰਿਆਂ ਦਾ ਸਭ ਕੁਝ ਹੈ, ਉਹ ਭੁਲਾਂ ਨਹੀਂ ਚਿਤਾਰਦਾ ਅਤੇ ਉਹ ਸਦਾ ਸਦਾ ਸਦਾ ਦਇਆਲ ਹੈ।
ਆਪ ਗਿਆਨੀ ਪੁਰਸ਼ ਹੋ। ਆਸ ਹੈ ਕਿ ਦਾਸ ਆਪ ਜੀ ਦੇ ਸਵਾਲ ਦਾ ਜਵਾਬ ਦੇ ਸਕਿਆ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————
ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ।।
ਭਉ ਮੁਚੁ ਭਾਰਾ ਵਡਾ ਤੋਲੁ ॥ ਮਨ ਮਤਿ ਹਉਲੀ ਬੋਲੇ ਬੋਲੁ ॥ ਸਿਰਿ ਧਰਿ ਚਲੀਐ ਸਹੀਐ ਭਾਰੁ ॥ ਨਦਰੀ ਕਰਮੀ ਗੁਰ ਬੀਚਾਰੁ ॥੧॥ ਭੈ ਬਿਨੁ ਕੋਇ ਨ ਲੰਘਸਿ ਪਾਰਿ ॥ ਭੈ ਭਉ ਰਾਖਿਆ ਭਾਇ ਸਵਾਰਿ ॥੧॥ ਰਹਾਉ ॥ ਭੈ ਤਨਿ ਅਗਨਿ ਭਖੈ ਭੈ ਨਾਲਿ ॥ ਭੈ ਭਉ ਘੜੀਐ ਸਬਦਿ ਸਵਾਰਿ ॥ ਭੈ ਬਿਨੁ ਘਾੜਤ ਕਚੁ ਨਿਕਚ ॥ ਅੰਧਾ ਸਚਾ ਅੰਧੀ ਸਟ ॥੨॥ ਬੁਧੀ ਬਾਜੀ ਉਪਜੈ ਚਾਉ ॥ ਸਹਸ ਸਿਆਣਪ ਪਵੈ ਨ ਤਾਉ ॥ ਨਾਨਕ ਮਨਮੁਖਿ ਬੋਲਣੁ ਵਾਉ ॥ ਅੰਧਾ ਅਖਰੁ ਵਾਉ ਦੁਆਉ ॥੩॥੧॥ {ਪੰਨਾ 151}
ਅਰਥ: (ਸੰਸਾਰ ਵਿਕਾਰ-ਭਰਿਆ ਇੱਕ ਐਸਾ ਸਮੁੰਦਰ ਹੈ ਜਿਸ ਵਿਚੋਂ ਪਰਮਾਤਮਾ ਦਾ) ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ। (ਸਿਰਫ਼ ਉਹੀ ਪਾਰ ਲੰਘਦਾ ਹੈ ਜਿਸ ਨੇ) ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ (ਪ੍ਰਭੂ) -ਪਿਆਰ ਦੀ ਰਾਹੀਂ (ਆਪਣਾ ਜੀਵਨ) ਸੰਵਾਰ ਕੇ ਪ੍ਰਭੂ ਦਾ ਡਰ-ਅਦਬ (ਆਪਣੇ ਹਿਰਦੇ ਵਿਚ) ਟਿਕਾ ਰੱਖਿਆ ਹੈ (ਭਾਵ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ) ।1। ਰਹਾਉ।
ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ) । ਜਿਸ ਦੀ ਮਤਿ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ। ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ) ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ।1।
ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਨੂੰ) ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ ਇਹ ਤਾਂਘ ਵਧੀਕ ਤੇਜ਼ ਹੁੰਦੀ ਜਾਂਦੀ ਹੈ। ਪ੍ਰਭੂ ਦਾ ਡਰ-ਅਦਬ ਰੱਖਣ ਤੋਂ ਬਿਨਾ (ਸਾਡੀ ਜੀਵਨ-ਉਸਾਰੀ) ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ (ਕਿਉਂਕਿ) ਜਿਸ ਸੱਚੇ ਵਿਚ ਜੀਵਨ ਢਲਦਾ ਹੈ ਉਹ ਹੋਛਾ-ਪਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜਤਨ ਭੀ ਅਗਿਆਨਤਾ ਵਾਲੇ ਹੀ ਹੁੰਦੇ ਹਨ।2।
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ-ਖੇਡ ਵਿਚ ਲੱਗੀ ਰਹਿੰਦੀ ਹੈ, (ਜਗਤ-ਤਮਾਸ਼ਿਆਂ ਦਾ ਹੀ) ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ। ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ, ਮਨਮੁਖ ਦਾ ਬੇ-ਥਵਾ ਬੋਲ ਹੁੰਦਾ ਹੈ, ਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ।3।1।
———————-
ਗਉੜੀ ਮਹਲਾ ੧ ॥ ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥ ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥ ਤੁਧੁ ਬਿਨੁ ਦੂਜੀ ਨਾਹੀ ਜਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਡਰੀਐ ਜੇ ਡਰੁ ਹੋਵੈ ਹੋਰੁ ॥ ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥ ਨਾ ਜੀਉ ਮਰੈ ਨ ਡੂਬੈ ਤਰੈ ॥ ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ ਹੁਕਮੇ ਆਵੈ ਹੁਕਮੇ ਜਾਇ ॥ ਆਗੈ ਪਾਛੈ ਹੁਕਮਿ ਸਮਾਇ ॥੨॥ ਹੰਸੁ ਹੇਤੁ ਆਸਾ ਅਸਮਾਨੁ ॥ ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥ ਭਉ ਖਾਣਾ ਪੀਣਾ ਆਧਾਰੁ ॥ ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥ ਜਿਸ ਕਾ ਕੋਇ ਕੋਈ ਕੋਇ ਕੋਇ ॥ ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥ ਜਾ ਕੇ ਜੀਅ ਜੰਤ ਧਨੁ ਮਾਲੁ ॥ ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥ {ਪੰਨਾ 151}
ਅਰਥ: (ਹੇ ਪ੍ਰਭੂ!) ਤੇਰੇ ਡਰ-ਅਦਬ ਵਿਚ ਰਿਹਾਂ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਮਨ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਹਿਰਦੇ ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵੱਸਦਾ ਹੈਂ ਤੇ ਸਭ ਵਿਚ ਵੱਸਦਾ ਹੈਂ। ਤੇਰੇ ਡਰ ਵਿਚ ਰਿਹਾਂ (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ। ਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿਚ ਰਿਹਾਂ ਕੋਈ ਹੋਰ ਸਹਮ ਟਿਕਿਆ ਰਹੇ।
(ਹੇ ਪ੍ਰਭੂ!) ਤੈਥੋਂ ਬਿਨਾਂ ਜੀਵ ਦਾ ਕੋਈ ਹੋਰ ਥਾਂ-ਆਸਰਾ ਨਹੀਂ ਹੈ। ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ।1।
(ਹੇ ਪ੍ਰਭੂ!) ਤੇਰਾ ਡਰ-ਅਦਬ ਟਿਕਣ ਦੇ ਥਾਂ) ਜੇ ਜੀਵ ਦੇ ਹਿਰਦੇ ਵਿਚ ਕੋਈ ਹੋਰ ਡਰ ਟਿਕਿਆ ਰਹੇ, ਤਾਂ ਜੀਵ ਸਦਾ ਸਹਮਿਆ ਰਹਿੰਦਾ ਹੈ, ਮਨ ਦੀ ਘਬਰਾਹਟ ਮਨ ਦਾ ਸਹਮ ਹਰ ਵੇਲੇ ਬਣਿਆ ਰਹਿੰਦਾ ਹੈ।1। ਰਹਾਉ।
(ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣ ਸਕਦਾ ਹੈ ਕਿ) ਜੀਵ ਨਾਹ ਮਰਦਾ ਹੈ ਨਾਹ ਕਿਤੇ ਡੁੱਬ ਸਕਦਾ ਹੈ ਨਾਹ ਕਿਤੋਂ ਤਰਦਾ ਹੈ (ਭਾਵ, ਜੇਹੜਾ ਕਿਤੇ ਡੁਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ) । (ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ, ਉਸ ਦੇ ਹੁਕਮ ਵਿਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿਚ ਹੀ ਮਰਦਾ ਹੈ, ਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕੇ ਰਹਿਣਾ ਪੈਂਦਾ ਹੈ।2।
(ਜਿਸ ਹਿਰਦੇ ਵਿਚ ਪ੍ਰਭੂ ਦਾ ਡਰ-ਅਦਬ ਨਹੀਂ ਹੈ, ਮੋਹ ਹੈ, ਅਹੰਕਾਰ ਹੈ, ਉਸ ਹਿਰਦੇ ਵਿਚ ਤ੍ਰਿਸ਼ਨਾ ਦੀ ਕਾਂਗ ਨਦੀ ਵਾਂਗ (ਠਾਠਾਂ ਮਾਰ ਰਹੀ) ਹੈ। ਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਆਤਮਾ ਦਾ ਆਸਰਾ ਹੈ; ਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ (ਦੁਨੀਆ ਦੇ) ਸਹਮ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ।3।
(ਹੇ ਪ੍ਰਭੂ! ਤੇਰੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣਦਾ ਹੈ ਕਿ) ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ (ਭਾਵ, ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ) , ਪਰ ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਦੀ ਸਾਰ ਰੱਖਣ ਵਾਲਾ ਹੈਂ।
ਹੇ ਨਾਨਕ! ਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ (ਜੀਵਾਂ ਵਾਸਤੇ) ਉਸੇ ਦਾ ਹੀ ਇਹ ਧਨ-ਮਾਲ (ਬਣਾਇਆ ਹੋਇਆ) ਹੈ। (ਇਸ ਤੋਂ ਵਧ ਇਹ) ਵਿਚਾਰਨਾ ਤੇ ਆਖਣਾ (ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ) ਔਖਾ ਕੰਮ ਹੈ।।4।2।
bin bhe bhagat na hoye
A beginner may fear from God but later it turns into love and His baksheesh
certainly one had to follow some rules and bandish to attain eternity
ਮਨਵਿੰਦਰ ਪਾਲ ਸਿੰਘ ਜੀ, ਦੁਬਿਧਾ ਦੂਰ ਕਰਨ ਲਈ ਧੰਨਵਾਦ। ਮੇਰੀ ਤੁਛ ਸਮਝ ਮੁਤਾਬਿਕ ਗੁਰੂ ਸਾਹਿਬ ਵਲੋਂ ਵਰਤਿਆ ਗਿਆ ” ਭੈ” ਸ਼ਬਦ ਡਰ fear ਨਾ ਹੋਕੇ ਅਕਾਲ ਪੁਰਖ ਵਲੋਂ ਸੰਸਾਰ ਦੇ ਸੰਚਾਲਨ ਵਾਸਤੇ ” ਘੜੇ ਗਏ ਕੁਦਰਤੀ ਨਿਯਮਾਂ ” ਨੂੰ ਕਿਹਾ ਗਿਆ ਹੈ:
GGS- 465) ਸਲੋਕ ਮਃ ੧ ॥
ਭੈ ਵਿਚਿ ਪਵਣੁ ਵਹੈ ਸਦਵਾਉ ॥
ਭੈ ਵਿਚਿ ਚਲਹਿ ਲਖ ਦਰੀਆਉ ॥
ਭੈ ਵਿਚਿ ਅਗਨਿ ਕਢੈ ਵੇਗਾਰਿ ॥
ਭੈ ਵਿਚਿ ਧਰਤੀ ਦਬੀ ਭਾਰਿ ॥
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥
ਭੈ ਵਿਚਿ ਰਾਜਾ ਧਰਮੁ ਦੁਆਰੁ ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥
ਕੋਹ ਕਰੋੜੀ ਚਲਤ ਨ ਅੰਤੁ ॥
ਭੈ ਵਿਚਿ ਸਿਧ ਬੁਧ ਸੁਰ ਨਾਥ ॥
ਭੈ ਵਿਚਿ ਆਡਾਣੇ ਆਕਾਸ ॥
ਭੈ ਵਿਚਿ ਜੋਧ ਮਹਾਬਲ ਸੂਰ ॥
ਭੈ ਵਿਚਿ ਆਵਹਿ ਜਾਵਹਿ ਪੂਰ ॥
ਸਗਲਿਆ ਭਉ ਲਿਖਿਆ ਸਿਰਿ ਲੇਖੁ ॥
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥
ਜਿਨ੍ਹਾਂ ਨੂੰ ਅਸੀਂ ” ਹੁਕਮ” ਜਾਂ ਰੱਬੀ ਰਜਾ ਵੀ ਕਹਿ ਸਕਦੇ ਹਾਂ। ਇਨ੍ਹਾਂ ਰੱਬੀ ਨਿਯਮਾਂ ਨੂੰ ਮੰਨਣਾ ਹੀ ਉਸਦੇ ਹੁਕਮ ਵਿੱਚ ਚੱਲਣਾ ਤੇ ਸੁਖੀ ਜੀਵਨ ਜਿਉਣਾ ਹੈ। ਉਦਾਹਰਣ ਲਈ ਮੰਨ ਲਵੋ : ਇਹ ਰੱਬੀ ਰਜਾ/ਹੁਕਮ/law of nature ਹੈ ਕਿ ਧਰਤੀ ਹਰ ਵਸਤੂ ਨੂੰ ਗਰੂਤਾਕਰਸ਼ਨ ਕਾਰਨ ਆਪਣੇ ਵਲ ਖਿਚਦੀ ਹੈ। ਜੇਕਰ ਮੈਂ ਇਸ ਨਿਯਮ ਨੂੰ ਸਮਝ ਕੇ ਆਪਣੀਆਂ ਪੌੜੀਆਂ/ਛਤ ਉਪਰ ਗਰਿਲ ਵਗੈਰਾ ਲਗਵਾ ਲਈਆਂ ਤਾਂ ਮੇਰਾ ਬੱਚਾ ਡਿੱਗਕੇ ਜ਼ਖਮੀ ਨਹੀਂ ਹੋਵੇਗਾ ਕਿਉਂਕਿ ਉਹ ਬੇਸਮਝ ਹੈ, ਪਰ ਮੈਨੂੰ ਤਾਂ ਸਮਝ ਹੈ। ਏਸੇ ਤਰ੍ਹਾਂ ਬਾਕੀ ਕੁਦਰਤੀ ਨਿਯਮਾਂ/ ਹੁਕਮਾਂ ਨੂੰ ਸਮਝਣਾਂ ਹੈ ਨਾ ਕਿ ਡਰਨਾ। ਮੂਲ ਮੰਤਰ ਵਿੱਚ ਰਬ ਦੀ ਵਿਆਖਿਆ ਨਿਰਭਉ ਕੀਤੀ ਗਈ ਹੈ। ਜੇ ਰੱਬ ਨਿਰਭਉ ਹੈ ਤਾਂ ਉਸ ਨਾਲ ਮੇਲ ਕਰਨ ਲਈ ਮੈਨੂੰ ਵੀ ਨਿਡਰ ਬਣਨਾ ਪਵੇਗਾ।
ਸੋ ਅਕਾਲ ਪੁਰਖ ਸਾਨੂੰ ਹਮੇਸ਼ਾ ਪਿਆਰ ਕਰਦਾ ਹੈ, ਇਹ ਅਸੀਂ ਸੋਚਣਾ ਹੈ ਕਿ ਉਸਦੇ ਨਿਯਮਾਂ/ਹੁਕਮਾਂ/ਨੂੰ ਗੁਰੂ ਤੋਂ ਸਮਝ ਕੇ ਆਨੰਦਮਈ ਜੀਵਨ ਜਿਉਣਾ ਹੈ ਜਾਂ ਆਪਣੀ ਮਤ ਮੁਤਾਬਿਕ ਵਿਕਾਰਾਂ ਵਿੱਚ ਫਸਕੇ ਦੁਖੀ ਰਹਿਣਾ ਹੈ, ਡਰ ਡਰਕੇ ਰੋਜ ਆਤਮਿਕ ਮੌਤ ਮਰਨਾ ਹੈ, ਮਰਜ਼ੀ ਮੇਰੀ ਆਪਣੀ ਹੈ।
ਤੁਹਾਡੇ ਤੋਂ ਹੋਰ ਵਿਸਤਾਰ ਦੀ ਉਡੀਕ ਵਿੱਚ,
ਆਦਰ ਸਹਿਤ,
ਕਰਨੈਲ ਸਿੰਘ