What is the meaning of the line “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” and how does it relate to the concept of the divine in Sikhism?
What is the meaning of the line “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” and how does it relate to the concept of the divine in Sikhism?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਬਾਣੀ ਜਪੁ, ਜਿਸਨੂੰ ਅਸੀਂ ਸਤਿਕਾਰ ਨਾਲ ਜਪੁਜੀ ਸਾਹਿਬ ਕਹਿੰਦੇ ਹਾਂ, ਦੇ ਦੂਜੇ ਸਲੋਕ, ਜੋ ਕਿ ਪੰਨਾ 8 ਤੇ ਸੁਸ਼ੋਭਿਤ ਹੈ, ਦੀ ਪਹਿਲੀ ਪੰਗਤੀ ਹੈ। ਇਸ ਦੇ ਅੱਖਰੀ ਅਰਥ ਹੇਠਾਂ ਦਿੱਤੇ ਹਨ:-
ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਅਰਥ: ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ) ।
ਤੁਸੀਂ ਇਹ ਵੀ ਪੁੱਛਿਆ ਹੈ ਕਿ ਇਸ ਪੰਗਤੀ ਦਾ ਅਕਾਲਪੁਰਖ ਨਾਲ ਕੀ ਸਬੰਧ ਹੈ?
ਗੁਰੂ ਸਾਹਿਬ ਪੰਨਾ 113 ਤੇ ਸਾਨੂੰ ਸਮਝਾਉਂਦੇ ਹਨ ਕਿ ਪਹਿਲਾਂ ਅਕਾਲਪੁਰਖ ਨਿਰਗੁਣ ਸਰੂਪ ਵਿਚ ਸੀ। ਫਿਰ ਉਸ ਨੇ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਤੇ ਆਪਣੀ ਰਚਨਾ ਵਿਚ ਆਪ ਬੈਠ ਗਿਆ:-
ਏਕਮ ਏਕੈ ਆਪੁ ਉਪਾਇਆ ॥ ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥ ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥ (ਪੰਨਾ 113)
ਅਰਥ: ਪਹਿਲਾਂ ਪ੍ਰਭੂ ਇਕੱਲਾ ਆਪ (ਨਿਰਗੁਣ-ਸਰੂਪ) ਸੀ ਉਸ ਨੇ ਆਪਣੇ ਆਪ ਨੂੰ ਪਰਗਟ ਕੀਤਾ, ਇਸ ਤਰ੍ਹਾਂ ਫਿਰ ਉਹ ਦੋ ਕਿਸਮਾਂ ਵਾਲਾ (ਨਿਰਗੁਣ ਤੇ ਸਰਗੁਣ ਰੂਪਾਂ ਵਾਲਾ) ਬਣ ਗਿਆ ਤੇ ਉਸ ਨੇ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦਾ ਆਤਮਕ ਟਿਕਾਣਾ ਮਾਇਆ ਦੇ ਤਿੰਨ ਗੁਣਾਂ (ਦੇ ਪ੍ਰਭਾਵ) ਤੋਂ ਉਤਾਂਹ ਉੱਚਾ ਰਹਿੰਦਾ ਹੈ। ਉਹ ਸਦਾ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ।4।
ਪਵਣ ਤੇ ਜਲ ਦੇ ਬਣਨ ਬਾਰੇ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਸਿਰੀ ਰਾਗ ਵਿਚ ਪੰਨਾ 19 ਤੇ ਫੁਰਮਾਉਂਦੇ ਹਨ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ 19)
ਅਰਥ: (ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।3।
ਅੱਗੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1020 ਤੇ ਗੁਰੂ ਸਾਹਿਬ ਫੁਰਮਾਉਂਦੇ ਹਨ:-
ਪਉਣੁ ਗੁਰੂ ਪਾਣੀ ਪਿਤ ਜਾਤਾ ॥ ਉਦਰ ਸੰਜੋਗੀ ਧਰਤੀ ਮਾਤਾ ॥ ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥
ਅਰਥ: ਹਵਾ (ਜੋ ਸਰੀਰਾਂ ਲਈ ਇਉਂ ਹੈ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਵਾਸਤੇ ਹੈ) ਪ੍ਰਭੂ ਆਪ ਹੀ ਹੈ। ਪਾਣੀ (ਜੋ ਸਭ ਜੀਵਾਂ ਦਾ) ਪਿਉ (ਹੈ, ਇਹ ਭੀ) ਪ੍ਰਭੂ ਆਪ ਹੀ ਹੈ। ਧਰਤੀ (ਜੇਹੜੀ ਇਸ ਵਾਸਤੇ ਜੀਵਾਂ ਦੀ) ਮਾਂ ਅਖਵਾਣ-ਜੋਗ ਹੈ ਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿਚ ਰਖਦੀ ਹੈ ਤੇ ਪੇਟ ਵਿਚੋਂ ਪੈਦਾ ਕਰਦੀ ਹੈ– ਇਹ ਭੀ ਪਰਮਾਤਮਾ ਆਪ ਹੀ ਹੈ (ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਤੋਂ ਪਰਗਟ ਕੀਤਾ ਹੈ) । ਦਿਨ ਤੇ ਰਾਤ (ਜੋ ਜੀਵਾਂ ਵਾਸਤੇ) ਦੋਵੇਂ ਖਿਡਾਵੀ ਤੇ ਖਿਡਾਵਾ ਹਨ (ਤੇ ਇਹਨਾਂ ਦੇ ਪ੍ਰਭਾਵ ਵਿਚ) ਜਗਤ ਖੇਡ ਰਿਹਾ ਹੈ, ਇਹ ਭੀ ਉਹ ਆਪ ਹੀ ਹੈ, ਇਹ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ।10।
ਹੋਰ ਅੱਗੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਉਹ ਅਕਾਲਪੁਰਖ ਹਰੇਕ ਸਰੀਰ ਵਿਚ, ਜਲ ਵਿਚ, ਧਰਤੀ ਵਿਚ ਤੇ ਹਰੇਕ ਥਾਂ ਵਿਚ ਵੱਸਦਾ ਹੈ:-
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥ (ਪੰਨਾ 1201)
ਅਰਥ: ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ। ਹੇ ਮੇਰੇ ਮਨ! ਜੇ ਕੋਈ ਸੰਤ ਮੈਨੂੰ ਆ ਮਿਲੇ, ਹਰੀ ਦਾ ਕੋਈ ਸੰਤ ਆ ਮਿਲੇ, ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਮਿਲੇ, ਤੇ, ਮੈਨੂੰ (ਪਰਮਾਤਮਾ ਦੇ ਮਿਲਾਪ ਦਾ) ਰਾਹ ਵਿਖਾ ਜਾਏ, ਮੈਂ ਉਸ ਦੇ ਪੈਰ ਮਲ ਮਲ ਕੇ ਧੋਵਾਂ।1।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ