What is the ultimate purpose for life in Sikhism?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਸਿੱਖ ਦੀ ਜ਼ਿੰਦਗੀ ਦਾ ਕੀ ਮੰਤਵ ਹੋਣਾ ਚਾਹੀਦਾ ਹੈ?
ਇਸ ਸਵਾਲ ਦਾ ਜਵਾਬ ਦਾਸ ਅੱਗੇ ਵੀ ਦੇ ਚੁੱਕਿਆ ਹੈ। ਦਾਸ ਦੀ ਸਮਝ ਅਨੁਸਾਰ ‘ਧਰਮ’ ਦਾ ਅਰਥ ਹੀ ਇਹ ਹੈ ਕਿ ਮਨੁੱਖ/ਸਿੱਖ ਵਿਚਾਰ ਕਰੇ ਕਿ ਮਨੁੱਖਾ ਜੀਵਨ ਉਸ ਨੂੰ ਕਿਸ ਲਈ ਮਿਲਿਆ ਹੈ ਤੇ ਜੋ ਇਹ ਵਿਚਾਰਦਾ ਹੈ, ਉਹ ਹੀ ਅਸਲ ਵਿੱਚ ਬੰਦਾ ਹੈ। ਗੁਰੂ ਸਾਹਿਬ ਸਿੱਖਿਆ ਦਿੰਦੇ ਹਨ, ‘ਵਖਤੁ ਵੀਚਾਰੇ ਸੁ ਬੰਦਾ ਹੋਇ।। (ਪੰਨਾ 84)’ ਅਰਥਾਤ ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇਂ ਨੂੰ ਵਿਚਾਰਦਾ ਹੈ (ਭਾਵ) ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ, ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ। ਉਹ ਫ਼ਿਰ ਗੁਰੂ ਸਾਹਿਬ ਦੀ ਇਸ ਸਿੱਖਿਆ ‘ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ॥ (ਪੰਨਾ 12)’ ਤੇ ਆਪਣੇ ਤਨ ਤੇ ਮਨ ਨਾਲ ਅਮਲ ਕਰਦਾ ਹੈ। ਕਿਸੇ ਸੂਰਤ ਵਿਚ ਪਿੱਛੇ ਨਹੀਂ ਹਟਦਾ।
ਸੂਖਮਨੀ ਸਾਹਿਬ ਵਿੱਚ ਪੰਜਵੇਂ ਗੁਰੂ ਸਰੀਰ ਗੁਰੂ ਗੁਰੂ ਅਰਜਨ ਸਾਹਿਬ ਉਪਦੇਸ਼ ਦਿੰਦੇ ਹਨ, ‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ 266)’ ਅਰਥਾਤ ਹੇ ਮਨ!) ਪ੍ਰਭੂ ਦਾ ਨਾਮ ਜਪ ਤੇ ਪਵਿਤ੍ਰ ਆਚਰਣ ਬਣਾ। ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।’
ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ, ਗਉੜੀ ਕੀ ਵਾਰ ਮਹਲਾ ੪, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 300 ਤੋਂ 318 ਤੇ ਸੁਸ਼ੋਭਿਤ ਹੈ, ਦੀ ਹੇਠਾਂ ਲਿੱਖੀ ਪਉੜੀ ਵਿਚ ਉਪਦੇਸ਼ ਦਿੰਦੇ ਹਨ ਕਿ ਇਹ ਮਨੁੱਖਾ ਜਨਮ ਧਰਮ ਕਮਾਉਣ ਲਈ ਹੈ ਤੇ ਨਾਲ ਰਸਤਾ ਵੀ ਦੱਸਦੇ ਹਨ:-
ਪਉੜੀ ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥ {ਪੰਨਾ 309}
ਅਰਥ: ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ। ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ। (ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ (ਇਸ ਤਰ੍ਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿਚ ਇੱਕੋ ਸੂਤਰ ਹੁੰਦਾ ਹੈ। (ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ। ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ। 16।
ਗੁਰੂ ਗ੍ਰੰਥ ਸਾਹਿਬ, ਜੋ ਕਿ ਸਿੱਖ ਧਰਮ ਦਾ ਸੋਮਾ ਹੈ, ਮਨੁੱਖ/ਸਿੱਖ ਨੂੰ ਜੀਵਨ ਜਾਚ ਦੇਂਦਾ ਹੈ ਤੇ ਉਸ ਉੱਪਰ ਚੱਲਣ ਦਾ ਰਸਤਾ ਵੀ ਦੱਸਦਾ ਹੈ । ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਦਸ ਪੋਥੀਆਂ ਵਿਚ ਕਰਨ ਤੋਂ ਬਾਅਦ ਦਸਵੀਂ ਪੋਥੀ ਵਿਚ ਆਪਣੀ ਸਮਝ ਅਨੁਸਾਰ ਇੱਕ ਗੁਰਮਤਿ ਸਿਧਾਂਤ ‘ਕਿਵ ਕੂੜੇ ਤੁਟੈ ਪਾਲਿ’ ਲਿਖਿਆ ਹੈ ਜਿਸ ਦੇ ਅਖੀਰ ਵਿਚ ਉਨ੍ਹਾਂ ਨੇ ਗੁਰਮਤਿ ਦੀ ਪਟੜੀ ਦੇ ਸਿਰਲੇਖ ਹੇਠਾਂ ਦਰਸਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਸਿੱਖਿਆ ਅਨੁਸਾਰ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਵੀ ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ ਤੇ ਇਹ ਮਰ ਕੇ ਤਾਂ ਹੋਣਾ ਨਹੀਂ ਹੈ। ਜਿਉਂਦਿਆਂ ਹੋਇਆਂ ਹੀ ਹੋਣਾ ਹੈ:-
ਗੁਰਮਤਿ ਦੀ ਪਟੜੀ*
ਗ੍ਰਿਹਸਤ ਵਿਚ ਰਹਿੰਦਿਆਂ, ਕਿਰਤ-ਕਾਰ ਕਰਦਿਆਂ ਮਨੁੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਯਾਦ ਵਿਚ ਨਿੱਤ ਜੁੜਨਾ ਹੈ। ਕਿਰਤ-ਕਾਰ ਵਿਚ ਕਮਾਈ ਸਦਾ ਹੱਕ ਦੀ ਕਰਨੀ ਹੈ, ਤੇ, ਉਸ ਵਿਚ ਲੋੜਵੰਦਿਆਂ ਦੀ ਸੇਵਾ ਭੀ ਕਰਦੇ ਰਹਿਣਾ ਹੈ, ਸੇਵਾ ਭੀ ਕਰਨੀ ਹੈ ਨਿਰਮਾਣ ਰਹਿ ਕੇ। ਦਿਨ ਵੇਲੇ ਭੀ ਜਦੋਂ ਸਬੱਬ ਬਣੇ, ਭਲੇ ਮਨੁੱਖਾਂ ਦੀ ਸੁਹਬਤ ਕਰਨੀ ਹੈ। ਕੁਸੰਗ ਤੋਂ ਬਚਣਾ ਹੈ। ਕਿਸੇ ਨੂੰ ਕੋਈ ਤਕਲੀਫ਼ ਦੇਣੀ ਜਾਂ ਕਿਸੇ ਦਾ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਦਾ ਦਿਲ ਭੀ ਕਦੇ ਕੋਈ ਖਰ੍ਹਵਾ ਬੋਲ ਵਰਤ ਕੇ ਨਹੀਂ ਦੁਖਾਣਾ। ਦੂਜੇ ਵਲੋਂ ਹੋਈ ਵਧੀਕੀ ਨੂੰ ਜਰਨਾ ਹੈ, ਬੁਰਾਈ ਕਰਨ ਵਾਲੇ ਭੀ ਭਲਾਈ ਹੀ ਕਰਨੀ ਹੈ। ਪਰਮਾਤਮਾ ਦੀ ਯਾਦ ਦੀ ਇਤਨੀ ਆਦਤ ਪਕਾਣੀ ਹੈ ਕਿ ਤੁਰਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਇਹ ਯਾਦ ਮਨ ਵਿਚ ਟਿਕੀ ਰਹੇ। ਇਸ ਯਾਦ ਦੀ ਬਰਕਤਿ ਨਾਲ ਮਨ ਨੂੰ ਸਦਾ ਵਿਕਾਰਾਂ ਵਲੋਂ ਰੋਕਦੇ ਰਹਿਣਾ ਹੈ। ਇਸ ਤਰ੍ਹਾਂ ਅੰਦਰ ਪੁਰਾਣੇ ਟਿਕੇ ਹੋਏ ਭੈੜੇ ਸੰਸਕਾਰ ਸਹਜੇ ਸਹਜੇ ਮਿਟਦੇ ਮਿਟਦੇ ਉੱਕਾ ਹੀ ਮਿਟ ਜਾਣਗੇ, ਆਚਰਨ ਇਤਨਾ ਉੱਚਾ ਹੋ ਜਾਏਗਾ ਕਿ ਜੀਵਾਤਮਾ ਤੇ ਪਰਮਾਤਮਾ ਇਕ-ਰੂਪ ਹੋ ਜਾਏਗਾ। ਬੱਸ! ਇਹ ਹੀ ਹੈ ਮੁਕਤੀ। ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ। ਜਿਹੜਾ ਮਨੁੱਖ ਇਸ ਅਵਸਥਾ ਤੇ ਅੱਪੜ ਗਿਆ, ਉਸ ਦੀ ਪਰਮਾਤਮਾ ਨਾਲੋਂ ਵਿੱਥ ਮੁਕ ਗਈ। ਉਸ ਨੂੰ ਆਪਣੇ ਅੰਦਰ ਤੇ ਬਾਹਰ ਹਰ ਥਾਂ ਹਰੇਕ ਜੀਵ ਵਿਚ ਉਹ ਸਿਰਜਣਹਾਰ ਪ੍ਰਭੂ ਹੀ ਦਿੱਸ ਪਿਆ। ਉਹ ਕਦੇ ਲੁਕ ਕੇ ਭੀ ਕੋਈ ਵਿਕਾਰ ਨਹੀਂ ਕਰ ਸਕਦਾ। ਲੁਕੇ ਕਿਸ ਤੋਂ? ਵੇਖਣ ਵਾਲਾ ਤਾਂ ਉਸ ਨੂੰ ਆਪਣੇ ਹੀ ਅੰਦਰ ਬੈਠਾ ਪ੍ਰਤੱਖ ਦਿੱਸਦਾ ਹੈ। ਸੁਖ ਆਵੇ ਚਾਹੇ ਦੁੱਖ ਆਵੇ, ਉਸ ਨੂੰ ਸਭ ਪਰਮਾਤਮਾ ਦੀ ਰਜ਼ਾ ਵਿਚ ਆਇਆ ਦਿੱਸਦਾ ਹੈ, ਤੇ ਰਜ਼ਾ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ।
ਜੀਵਨ -ਸਫਰ ਦੀ ਇਸ ਪਟੜੀ ਉਤੇ ਮਨੁੱਖ ਨੂੰ ਗੁਰੂ ਤੋਰਦਾ ਹੈ, ਆਪਣੇ ਉਪਦੇਸ਼ ਦੀ ਰਾਹੀਂ, ਆਪਣੀ ਬਾਣੀ ਦੀ ਰਾਹੀਂ, ਆਪਣੇ ਜੀਵਨ-ਪੂਰਨਿਆਂ ਦੀ ਰਾਹੀਂ। ਤੇ, ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ।
ਇਸ ਲਈ ਸਿੱਖ ਦੇ ਜੀਵਨ ਦਾ ਮੰਤਵ ਇਹ ਹੋਣਾ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੁਆਰਾ ਦਿੱਤੀ ਸਿੱਖਿਆ ਤੇ ਅਮਲ ਕਰ ਕੇ ਔਗੁਣ/ਵਿਕਾਰ ਛੱਡੇ, ਸਾਰਿਆਂ ਵਿਚ ਪਰਮਾਤਮਾ ਦੀ ਜੋਤਿ ਨੂੰ ਦੇਖੇ, ਮਨੁੱਖਤਾ ਦੀ ਸੇਵਾ ਕਰੈ ਤੇ ਜੀਵਨ ਮੁਕਤ ਹੋ ਜਾਵੇ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
bahut bahut Dhanwad veer jee🙏