What is the significance of the phrase "Raj Karega Khalsa Aki Reheh Na Koi"?
What is the significance of the phrase "Raj Karega Khalsa Aki Reheh Na Koi"?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਕੀਤਾ ਹੈ ਕਿ ‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ’ ਦਾ ਕੀ ਮਹੱਤਵ ਹੈ?
ਇਸ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਬਹੁਤ ਸਾਰੇ ਸਿੱਖ ਇਸ ਖਿਆਲ ਦੇ ਧਾਰਨੀ ਹਨ ਕਿ ਇਹ ਦੋਹਿਰਾ ਦਸਵੇਂ ਗੁਰੂ ਸਰੀਰ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਚਾਰਿਆ ਹੋਇਆ ਹੈ ਤੇ ਉਨ੍ਹਾਂ ਨੇ ਖ਼ਾਲਸੇ ਦੇ ਰਾਜ ਸਥਾਪਿਤ ਹੋਣ ਦੀ ਭਵਿੱਖਬਾਣੀ ਕੀਤੀ ਸੀ, ਜੋ ਕਿ ਠੀਕ ਨਹੀਂ ਹੈ। ਇਹ ਦੋਹਿਰਾ ਗਿਆਨੀ ਗਿਆਨ ਸਿੰਘ ਹੁਰਾਂ ਦਾ ਲਿਖਿਆ ਹੋਇਆ ਹੈ ਅਤੇ ਉਹਨਾਂ ਨੇ ਕਿਸ ਮੰਤਵ ਨੂੰ ਮੁੱਖ ਰੱਖ ਕੇ ਲਿਖਿਆ ਸੀ, ਇਹ ਉਹ ਆਪ ਹੀ ਜਾਣਦੇ ਸਨ ।
ਗੁਰਮਤਿ ਅਨੁਸਾਰ ਅਧਿਆਤਮਕ ਅਤੇ ਦੁਨਿਆਵੀ ਰਾਜ ਪ੍ਰਸਪਰ ਵਿਰੋਧੀ ਹਨ। ਗੁਰੂ ਗਰੰਥ ਸਾਹਿਬ ਦੀ ਸਿੱਖਿਆ ਆਪਣੇ ਮਨ ਤੇ ਰਾਜ ਜਾਂ ਕਾਬੂ ਪਾਉਣ ਦੀ ਹੈ।
ਅਧਿਆਤਮਿਕ (ਮਨ ਤੇ ਕਾਬੂ) ਰਾਜ
ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਉਦਾਹਰਣਾਂ ਤੁਹਾਡੇ ਵਿਚਾਰ ਵਾਸਤੇ ਹੇਠਾਂ ਦਿੱਤੀਆਂ ਹਨ:-
1. ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥ (ਪੰਨਾ 237)
ਅਰਥ: (ਹੇ ਭਾਈ! ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ। ਜੇਹੜਾ ਇਸ ਮੇਰ-ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ।1। ਰਹਾਉ।
2. ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥ (ਪੰਨਾ 336)
ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ। ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ।1। ਰਹਾਉ।
3. ਪਉੜੀ ॥ ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥ ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥ (ਪੰਨਾ 518)
ਅਰਥ: ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ; ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ।
4. ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥ ॥ ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ (ਪੰਨਾ 590)
ਅਰਥ: ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ, ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ; ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ। ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ, (ਕਿਉਂਕਿ) ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ।੧।
5. ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਪੰਨਾ 647-648}
ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।
6. ਪਉੜੀ ॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥ ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥ {ਪੰਨਾ 1088}
ਅਰਥ: ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ‘ਤ੍ਰਿਸ਼ਨਾ ਭੁਖ’ ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ) ; ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ। ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ, (ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ (“ਤ੍ਰਿਸ਼ਨਾ ਭੁਖ” ਵਲੋਂ) ਅਡੋਲ ਹੋ ਜਾਂਦਾ ਹੈ।6।
7. ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ {ਪੰਨਾ 966}
ਅਰਥ: (ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ।
ਇਨ੍ਹਾਂ ਸਾਰੇ ਸ਼ਬਦਾਂ ਤੋਂ ਸਪੱਸ਼ਟ ਹੈ, ਗੁਰੂ ਸਾਹਿਬਾਨ ਅਤੇ ਭਗਤਾਂ ਅਨੁਸਾਰ ਰਾਜਾ ਉਹੀ ਹੈ ਜਿਸਨੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਰੂਪ ਹਨ, ਨਾਲ ਜੁੜ ਕੇ ਆਪਣੇ ਮਨ ਅਰਥਾਤ ਇੰਦ੍ਰੀਆਂ ਤੇ ਕਾਬੂ ਪਾਇਆ ਹੋਇਆ ਹੈ ਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚਿਆ ਹੈ ਤੇ ਆਤਮਿਕ ਤੌਰ ਤੇ ਜੀਵਨ ਮੁਕਤ ਹੋਇਆ ਹੈ।
ਦੁਨਿਆਵੀ ਰਾਜ
ਇਸ ਦੇ ਉਲਟ, ਹੇਠਾਂ ਦਿੱਤੀਆਂ ਉਦਾਹਰਣਾਂ ਤੋਂ ਸਪੱਸ਼ਟ ਹੋ ਜਾਵੇਗਾ ਕਿ ਗੁਰੂ ਗਰੰਥ ਸਾਹਿਬ ਵਿੱਚ ਦੁਨਿਆਵੀ ਰਾਜ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਗਈ ਸਗੋਂ ਨਿਖੇਧੀ ਹੀ ਕੀਤੀ ਗਈ ਹੈ:-
1. ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥ ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥ ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥ (ਪੰਨਾ 70)
ਅਰਥ: ਜੇ ਕਿਸੇ ਮਨੁੱਖ ਨੂੰ (ਮੁਲਕਾਂ ਦੇ) ਰਾਜ ਮਿਲੇ ਹੋਏ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ (ਉਸ ਦੀਆਂ ਹਰ ਥਾਂ) ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ, ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ, ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿਚ ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿਚ ਗਿਆ ਸਮਝੋ।6।
2. ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜੌ ਰਾਜੁ ਦੇਹਿ ਤ ਕਵਨ ਬਡਾਈ ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
(ਹੇ ਮਨ! ਇੱਕ ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ!) ਜੇ ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ ਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ, ਤਾਂ ਮੇਰਾ ਕੁਝ ਘਟ ਨਹੀਂ ਜਾਣਾ। ੧।
3. ਦੇਵਗੰਧਾਰੀ ੫ ॥ ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥ ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥ (ਪੰਨਾ 534)
ਅਰਥ: ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ। (ਹੇ ਭਾਈ! ਲੋਕ ਤਾਂ) ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ (ਆਦਿਕ ਦਾ ਦਰਸਨ ਚਾਹੁੰਦੇ ਹਨ, ਪਰ) ਮੈਨੂੰ ਮਾਲਕ-ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ।੧।
4. ਰਾਗੁ ਸੂਹੀ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥ ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥ ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥ ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥ ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥ ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥ (ਪੰਨਾ 745)
ਅਰਥ: ਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। (ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ।੧।ਰਹਾਉ।
ਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ। ਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ।੧।
(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ। ਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ।੨।
5. ਬਿਲਾਵਲੁ ॥ ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥ (ਪੰਨਾ 856)
ਅਰਥ: (ਹੇ ਭਾਈ!) ਜਗਤ ਵਿਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ। ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ।੧।ਰਹਾਉ।
6. ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥ ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥ {ਪੰਨਾ 1365}
ਅਰਥ: ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, (‘ਰਾਮ ਪਦਾਰਥ’ ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤਿ ਤੋੜ ਨਿਭ ਸਕਦੀ ਹੈ, ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ ‘ਦੁਨੀਆ’ ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ।24।
ਉੱਪਰ ਦਿੱਤੀ ਵਿਚਾਰ ਤੋਂ ਬਿਲਕੁਲ ਸਪੱਸ਼ਟ ਗੁਰੂ ਗਰੰਥ ਸਾਹਿਬ ਵਿੱਚ ਦੁਨਿਆਵੀ ਰਾਜ ਦੀ ਕੋਈ ਮਹਾਨਤਾ ਨਹੀਂ ਹੈ। ਗੁਰੂ ਸਾਹਿਬ ਤੇ ਭਗਤ ਸਾਹਿਬਾਨ ਦੁਨਿਆਵੀ ਰਾਜ ਦੇ ਮੁਕਾਬਲੇ ਤੇ ਅਧਿਆਤਮਕ ਅਰਥਾਤ ਮਨ ਤੇ ਰਾਜ ਅਰਥਾਤ ਮਨ ਨੂੰ ਕਾਬੂ ਕਰਨ ਨੂੰ ਹੀ ਸਰੇਸ਼ਟ ਮੰਨਦੇ ਹਨ ਅਤੇ ਉਸੇ ਦੀ ਹੀ ਜਾਚਨਾ ਕਰਦੇ ਹਨ। ਸਪਸ਼ੱਟ ਹੈ ਕਿ ਦਸਵੇਂ ਗੁਰੂ ਸਰੀਰ, ਗੁਰੂ ਗੋਬਿੰਦ ਸਿੰਘ ਸਾਹਿਬ ਅਜਿਹੀ ਭਵਿੱਖ ਬਾਣੀ ਨਹੀਂ ਕਰ ਸਕਦੇ ਸਨ ਜੋ ਗੁਰੂ ਗਰੰਥ ਸਾਹਿਬ ਜੀ ਦੇ ਫ਼ਲਸਫ਼ੇ ਦੇ ਵਿਰੁੱਧ ਹੋਵੇ।
ਇਤਿਹਾਸ ਗਵਾਹ ਹੈ ਕਿ ਛੇਵੇਂ ਗੁਰੂ ਸਰੀਰ, ਗੁਰੂ ਹਰ ਗੋਬਿੰਦ ਸਾਹਿਬ ਨੇ ਚਾਰ ਲੜਾਈਆਂ ਜਿੱਤੀਆਂ ਅਤੇ ਦਸਵੇਂ ਗੁਰੂ ਸਰੀਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਪਰ ਦੋਵਾਂ ਹੀ ਗੁਰੂ ਸਾਹਿਬਾਨ ਨੇ ਕਿਸੇ ਦੀ ਇੱਕ ਇੰਚ ਧਰਤੀ ਤੇ ਵੀ ਕਬਜ਼ਾ ਨਹੀਂ ਸੀ ਕੀਤਾ। ਜੇ ਦੁਨਿਆਵੀ ਰਾਜ ਦੀ ਕੋਈ ਵੀ ਮਹਾਨਤਾ ਹੁੰਦੀ ਤਾਂ ਗੁਰੂ ਸਾਹਿਬ ਕਿਉਂ ਆਪਣਾ ਰਾਜ ਸਥਾਪਿਤ ਨਾਂ ਕਰਦੇ?
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ