In Sikhism, does the concept lean more towards Fate or Freewill?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਸਿਮਰਨ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਕੀ ਸਿੱਖੀ ਮਨਮਰਜ਼ੀ (Free Will) ਨੂੰ ਮੰਨਦੀ ਹੈ ਜਾਂ ਕਿਸਮਤ (Destiny) ਨੂੰ?
ਦਾਸ ਆਪਣੀ ਸਮਝ ਅਨੁਸਾਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਿੱਖੀ ਨਾਂਹ ਮਨਮਰਜ਼ੀ ਨੂੰ ਮੰਨਦੀ ਹੈ ਤੇ ਨਾਂਹ ਹੀ ਕਿਸਮਤ ਨੂੰ।
ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਅਨੁਸਾਰ, ਮਨ ਦੇ ਪਿੱਛੇ ਚੱਲਣ ਵਾਲਾ ਮਨੁੱਖ ਮਨਮੁਖ ਬਣਦਾ ਹੈ ਜੋ ਕਿ ਪ੍ਰਵਾਨ ਨਹੀਂ ਹੈ ਕਿਉਂਕਿ ਗੁਰਬਾਣੀ ਸਿੱਖ ਨੂੰ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੰਦੀ ਹੈ ਅਰਥਾਤ ਗੁਰਮੁਖ ਬਣਨ ਦੀ ਪ੍ਰੇਰਨਾ ਦਿੰਦੀ ਹੈ।
ਚੰਗੀ ਜਾਂ ਮਾੜੀ ਕਿਸਮਤ ਵੀ ਗੁਰਸਿੱਖੀ ਦਾ ਸਿਧਾਂਤ ਨਹੀਂ ਹੈ ਕਿਉਂਕਿ ਇਹ ਮਨੁੱਖ ਦੇ ਆਪਣੇ ਕਰਮਾਂ ਦਾ ਨਤੀਜਾ ਹੈ।
ਗੁਰਬਾਣੀ ਅਨੁਸਾਰ ਸਿੱਖੀ ਵਿਚ ਇਸੇ ਜਨਮ ਦੀ ‘ਕਰਣੀ ਅਰਥਾਤ ਕਰਮ’ ਪ੍ਰਧਾਨ ਹੈ ਕਿਉਂਕਿ ਗੁਰੂ ਸਾਹਿਬ ਜਪੁ ਬਾਣੀ ਵਿਚ ਉਪਦੇਸ਼ ਦਿੰਦੇ ਹਨ ‘ਆਪੇ ਬੀਜਿ ਆਪੇ ਹੀ ਖਾਹੁ’ ਅਰਥਾਤ ‘ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ’।
ਅੱਗੇ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ।।’ ਅਰਥਾਤ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ ਅਰਥਾਤ ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ।
ਹੋਰ ਅੱਗੇ ਗੁਰੂ ਸਾਹਿਬ ਦਾ ਫੁਰਮਾਨ ਹੈ:-
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}
ਅਰਥ: (ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਭੈੜ ਆਪਣੇ ਕਰਮਾਂ ਵਿਚ ਹੀ ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) । 21।
ਗੁਰੂ ਸਾਹਿਬ ਦੇ ਇਨ੍ਹਾਂ ਉਪਦੇਸ਼ਾਂ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਮਨੁੱਖ/ਸਿੱਖ ਨੇ ਆਪਣੇ ਕੀਤੇ ਕਰਮਾਂ ਦਾ ਫ਼ਲ਼ ਪਾਉਣਾ ਹੈ। ਅਕਾਲਪੁਰਖ ਨੇ ਆਪਣੀ ਮਿਹਰ ਸਦਕਾ ਮਨੁੱਖ/ਸਿੱਖ ਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ। ਇਹ ਹੁਣ ਮਨੁੱਖ/ਸਿੱਖ ਦੇ ਉੱਪਰ ਹੈ ਕਿ ਉਹ ਕੀ ਸੋਚਦਾ ਹੈ ਤੇ ਕੀ ਕਰਦਾ ਹੈ।
ਸੁਖਮਨੀ ਸਾਹਿਬ ਦੀ ਬਾਣੀ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥’ ਅਰਥਾਤ (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) = ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ। ਇਸੇ ਬਾਣੀ ਵਿਚ ਗੁਰੂ ਸਾਹਿਬ ਇਹ ਸਿੱਖਿਆ ਦਿੰਦੇ ਹਨ ‘ਪੂਰੇ ਗੁਰ ਕਾ ਸੁਨਿ ਉਪਦੇਸੁ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ॥’ ਅਰਥਾਤ ‘(ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।’
ਜਦੋਂ ਮਨੁੱਖ/ਸਿੱਖ ਗੁਰੂ ਦੀ ਸਿੱਖਿਆ ਸੁਣੇਗਾ ਤੇ ਅਕਾਲਪੁਰਖ ਨੂੰ ਹਰ ਵਕਤ ਨੇੜੇ ਜਾਣੇਗਾ ਤਾਂ ਮਾੜੇ ਕਰਮ ਕਰੇਗਾ ਹੀ ਨਹੀਂ। ਜਦੋਂ ਮਾੜੇ ਕਰਮ ਕਰੇਗਾ ਨਹੀਂ ਤਾਂ ਫ਼ਿਰ ਮਾੜੀ/ਭੈੜੀ ਕਿਸਮਤ ਦੀ ਗੱਲ ਕਰਨੀ ਤਾਂ ਦੂਰ ਰਹਿ ਗਈ, ਉਹ ਇਸ ਦੇ ਬਾਰੇ ਸੋਚੋਗਾ ਵੀ ਨਹੀਂ।
ਆਸ ਹੈ ਆਪ ਜੀ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ। ਇਸ ਤੋਂ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਸਤਿਕਾਰ ਯੋਗ ਸਿਮਰਨ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਅੱਗੇ ਕਹਿਣਾ ਚਾਹੁੰਦਾ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਅਰਥਾਤ ਅਰਥ ਕਰਨ ਤੋਂ ਬਾਅਦ ਇੱਕ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ‘ਕਰਮ ਅਤੇ ਉਹਨਾਂ ਦਾ ਪ੍ਰਭਾਵ” ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”
ਇਸ ਲਈ ਕਿਸਮਤ (Pre-destined) ਸਿੱਖੀ ਦਾ ਸਿਧਾਂਤ ਨਹੀਂ ਹੈ । ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਜਨਮ ਹੋਣ ਤੋਂ ਬਾਅਦ ਜੋ ਵੀ ਕਰਮ ਮਨੁੱਖ ਕਰਦਾ ਹੈ, ਉਸ ਨਾਲ ਸੰਸਕਾਰ ਬਣਦੇ ਹਨ ਤੇ ਉਹ ਹੀ ਅੱਗੇ ਦੀ ਜ਼ਿੰਦਗੀ ਚਲਾਉਂਦੇ ਹਨ ਅਤੇ ਇਹ ਸੰਸਕਾਰ ਬਦਲੇ ਜਾ ਸਕਦੇ ਹਨ ਅਰਥਾਤ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਰੂਪ ਹਨ, ਨਾਲ ਜੁੜ ਕੇ, ਮਨੁੱਖ ਮਨਮੁਖ (Manmukh) ਤੋਂ ਗੁਰਮੁਖ (Gurmukh) ਬਣ ਸਕਦਾ ਹੈ ਤੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਆਤਮਿਕ ਅਡੋਲਤਾ (Spiritual equipoise) ਤੇ ਆਤਮਿਕ ਆਨੰਦ (Spiritual bliss) ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ ਤੇ ਇਸੇ ਜਨਮ ਵਿਚ ਜੀਵਨ ਮੁਕਤ ਹੋ ਸਕਦਾ ਹੈ (Attain salvation/emancipation in this life itself)।
ਇਸ ਤਰ੍ਹਾਂ ਸਿੱਖ ਨੇ ਆਪਣੇ ਜਨਮ ਤੋਂ ਬਾਅਦ ਕੀਤੇ ਹੋਏ ਕਰਮਾਂ ਕਰਕੇ ਜੋ ਸੰਸਕਾਰ ਬਣੇ ਹਨ ਉਨ੍ਹਾਂ ਨੂੰ ਬਦਲ ਕੇ ਆਪਣੀ ਕਿਸਮਤ ਆਪ ਬਣਾਉਣੀ ਹੈ। ਦੂਜੇ ਗੁਰੂ ਸਰੀਰ ਗੁਰੂ ਅੰਗਦ ਸਾਹਿਬ ਤੋਂ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ ਕਿ ਕਿਵੇਂ ਉਨ੍ਹਾਂ ਨੇ ਆਪਣੇ ਜਨਮ ਤੋਂ ਬਾਅਦ ਗ੍ਰਹਿਣ ਕੀਤੇ ਹਿੰਦੂ ਸੰਸਕਾਰਾਂ ਤੋਂ ਛੁਟਕਾਰਾ ਪਾਇਆ, ਅਕਾਲਪੁਰਖ ਤੇ ਸ਼ਬਦ ਗੁਰੂ ਨਾਲ ਜੁੜੇ ਤੇ ਆਪਣੇ ਜੀਵਨ ਨੂੰ ਬਦਲ ਕੇ ਗੁਰੂ ਪਦਵੀ ਪ੍ਰਾਪਤ ਕੀਤੀ। ਇਹ ਆਪਣੇ ਆਪ ਵਿਚ ਇੱਕ ਕਮਾਲ (Marvel or Amazing Achievement) ਸੀ ਜੋ ਕੋਈ ਵੀ ਮਨੁੱਖ ਆਪਣੇ ਜੀਵਨ ਵਿਚ ਕਰ ਸਕਦਾ ਹੈ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੇ ਦਿੱਤੇ ਗੁਰਮਤਿ ਸਿਧਾਂਤ ‘ਕਿਵ ਕੂੜੇ ਤੂਟੈ ਪਾਲਿ’ ਦੇ ਅੰਤ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਸੰਖੇਪ ਵਿਚ ਸਮਝਾਉਣ ਲਈ ‘ਗੁਰਮਤਿ ਦੀ ਪਟੜੀ’ ਦੇ ਸਿਰਲੇਖ ਹੇਠ ਇਹ ਵਿਚਾਰ ਦਿੱਤੇ ਹਨ, ਜਿਨ੍ਹਾਂ ਤੇ ਗੌਰ ਕਰਨ ਦੀ ਲੋੜ ਹੈ:-
“ਗ੍ਰਿਹਸਤ ਵਿਚ ਰਹਿੰਦਿਆਂ, ਕਿਰਤ-ਕਾਰ ਕਰਦਿਆਂ ਮਨੁੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਯਾਦ ਵਿਚ ਨਿੱਤ ਜੁੜਨਾ ਹੈ। ਕਿਰਤ-ਕਾਰ ਵਿਚ ਕਮਾਈ ਸਦਾ ਹੱਕ ਦੀ ਕਰਨੀ ਹੈ, ਤੇ, ਉਸ ਵਿਚ ਲੋੜਵੰਦਿਆਂ ਦੀ ਸੇਵਾ ਭੀ ਕਰਦੇ ਰਹਿਣਾ ਹੈ, ਸੇਵਾ ਭੀ ਕਰਨੀ ਹੈ ਨਿਰਮਾਣ ਰਹਿ ਕੇ। ਦਿਨ ਵੇਲੇ ਭੀ ਜਦੋਂ ਸਬੱਬ ਬਣੇ, ਭਲੇ ਮਨੁੱਖਾਂ ਦੀ ਸੁਹਬਤ ਕਰਨੀ ਹੈ। ਕੁਸੰਗ ਤੋਂ ਬਚਣਾ ਹੈ। ਕਿਸੇ ਨੂੰ ਕੋਈ ਤਕਲੀਫ਼ ਦੇਣੀ ਜਾਂ ਕਿਸੇ ਦਾ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਦਾ ਦਿਲ ਭੀ ਕਦੇ ਕੋਈ ਖਰ੍ਹਵਾ ਬੋਲ ਵਰਤ ਕੇ ਨਹੀਂ ਦੁਖਾਣਾ। ਦੂਜੇ ਵਲੋਂ ਹੋਈ ਵਧੀਕੀ ਨੂੰ ਜਰਨਾ ਹੈ, ਬੁਰਾਈ ਕਰਨ ਵਾਲੇ ਭੀ ਭਲਾਈ ਹੀ ਕਰਨੀ ਹੈ। ਪਰਮਾਤਮਾ ਦੀ ਯਾਦ ਦੀ ਇਤਨੀ ਆਦਤ ਪਕਾਣੀ ਹੈ ਕਿ ਤੁਰਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਇਹ ਯਾਦ ਮਨ ਵਿਚ ਟਿਕੀ ਰਹੇ। ਇਸ ਯਾਦ ਦੀ ਬਰਕਤਿ ਨਾਲ ਮਨ ਨੂੰ ਸਦਾ ਵਿਕਾਰਾਂ ਵਲੋਂ ਰੋਕਦੇ ਰਹਿਣਾ ਹੈ। ਇਸ ਤਰ੍ਹਾਂ ਅੰਦਰ ਪੁਰਾਣੇ ਟਿਕੇ ਹੋਏ ਭੈੜੇ ਸੰਸਕਾਰ ਸਹਜੇ ਸਹਜੇ ਮਿਟਦੇ ਮਿਟਦੇ ਉੱਕਾ ਹੀ ਮਿਟ ਜਾਣਗੇ, ਆਚਰਨ ਇਤਨਾ ਉੱਚਾ ਹੋ ਜਾਏਗਾ ਕਿ ਜੀਵਾਤਮਾ ਤੇ ਪਰਮਾਤਮਾ ਇਕ-ਰੂਪ ਹੋ ਜਾਏਗਾ। ਬੱਸ! ਇਹ ਹੀ ਹੈ ਮੁਕਤੀ। ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ। ਜਿਹੜਾ ਮਨੁੱਖ ਇਸ ਅਵਸਥਾ ਤੇ ਅੱਪੜ ਗਿਆ, ਉਸ ਦੀ ਪਰਮਾਤਮਾ ਨਾਲੋਂ ਵਿੱਥ ਮੁਕ ਗਈ। ਉਸ ਨੂੰ ਆਪਣੇ ਅੰਦਰ ਤੇ ਬਾਹਰ ਹਰ ਥਾਂ ਹਰੇਕ ਜੀਵ ਵਿਚ ਉਹ ਸਿਰਜਣਹਾਰ ਪ੍ਰਭੂ ਹੀ ਦਿੱਸ ਪਿਆ। ਉਹ ਕਦੇ ਲੁਕ ਕੇ ਭੀ ਕੋਈ ਵਿਕਾਰ ਨਹੀਂ ਕਰ ਸਕਦਾ। ਲੁਕੇ ਕਿਸ ਤੋਂ? ਵੇਖਣ ਵਾਲਾ ਤਾਂ ਉਸ ਨੂੰ ਆਪਣੇ ਹੀ ਅੰਦਰ ਬੈਠਾ ਪ੍ਰਤੱਖ ਦਿੱਸਦਾ ਹੈ। ਸੁਖ ਆਵੇ ਚਾਹੇ ਦੁੱਖ ਆਵੇ, ਉਸ ਨੂੰ ਸਭ ਪਰਮਾਤਮਾ ਦੀ ਰਜ਼ਾ ਵਿਚ ਆਇਆ ਦਿੱਸਦਾ ਹੈ, ਤੇ ਰਜ਼ਾ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ।
ਜੀਵਨ -ਸਫਰ ਦੀ ਇਸ ਪਟੜੀ ਉਤੇ ਮਨੁੱਖ ਨੂੰ ਗੁਰੂ ਤੋਰਦਾ ਹੈ, ਆਪਣੇ ਉਪਦੇਸ਼ ਦੀ ਰਾਹੀਂ, ਆਪਣੀ ਬਾਣੀ ਦੀ ਰਾਹੀਂ, ਆਪਣੇ ਜੀਵਨ-ਪੂਰਨਿਆਂ ਦੀ ਰਾਹੀਂ। ਤੇ, ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ।”
ਇਸ ਸਾਰੀ ਸਿੱਖਿਆ ਦਾ ਸਾਰ ਅੰਸ਼ ਇਹ ਹੀ ਹੈ ਕਿ ਸਿੱਖ ਨੇ ਮਨਮੁਖ ਨਾਂਹ ਬਣ ਕੇ ਗੁਰਮੁਖ ਬਣਨਾ ਹੈ ਤੇ ਆਪਣੇ ਜ਼ਿੰਦਗੀ ਨੂੰ ਹਰ ਪਲ ਗੁਰਮਤਿ ਦੀ ਪਟੜੀ ਤੇ ਰੱਖਣਾ ਹੈ ਤੇ ਕਦੇ ਵੀ ਥੱਲੇ ਉੱਤਰਣ ਨਹੀਂ ਦੇਣਾ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥ {ਪੰਨਾ 444}
ਅਰਥ: (ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ।8।2।9।
I truly appreciate your detailed explanation. Thank you very much.