What does ‘mangai’ in the above mean?
ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What does ‘mangai’ in the above mean?
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਵਿਚੋਂ ਇੱਕ ਪੰਗਤੀ ‘ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ’ ਲਿੱਖ ਕੇ ਵਿਚਾਰ ਮੰਗੀ ਹੈ।
ਇਹ ਪੰਗਤੀ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀ, ਗਉੜੀ ਰਾਗ ਵਿਚ ਵਾਰ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 300 ਤੋਂ 323 ਤੇ ਸੁਸ਼ੋਭਿਤ ਹੈ, ਦੀ 13ਵੀਂ ਪਉੜੀ ਦੀ ਆਖ਼ਰੀ ਪੰਗਤੀ ਹੈ।
ਪੂਰੀ ਪਉੜੀ ਤੇ ਉਸ ਤੋਂ ਪਹਿਲਾਂ ਦੇ ਦੋ ਸਲੋਕ, ਜੋ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੇ ਹਨ ਤੇ ਜੋ ਉਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਵਕਤ ਨਾਲ ਜੋੜੇ ਸਨ, ਦਾ ਮੂਲ ਪਾਠ ਤੇ ਅਰਥ ਹੇਠਾਂ ਦੇ ਰਿਹਾ ਹਾਂ ਜੀ।
ਜੋ ਇਨ੍ਹਾਂ ਸ਼ਲੋਕਾਂ ਤੇ ਪਉੜੀ ਤੋਂ ਗੁਰੂ ਸਾਹਿਬ ਦਾ ਉਪਦੇਸ਼ ਸਮਝ ਆਉਂਦਾ ਹੈ, ਉਹ ਇਹ ਹੈ ਕਿ ਸੰਸਾਰ-ਸਮੁੰਦਰ ਵਿਚ ਅਨੇਕਾਂ ਦੁੱਖ ਤੇ ਵਿਕਾਰ ਹਨ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਅਰਥਾਤ ਹਮੇਸ਼ਾਂ ਹੁਕਮ/ਰਜ਼ਾ/ਭਾਣੇ ਵਿਚ ਰਹਿੰਦਾ ਹੈ ਤੇ ਆਪਣੇ ਔਗੁਣਾਂ/ਵਿਕਾਰਾਂ ਕੋਲੋਂ ਛੁਟਕਾਰਾ ਪਾ ਲੈਂਦਾ ਹੈ, ਉਹ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ ਤੇ ਗੁਰਮੁਖ ਬਣ ਕੇ ਸੰਸਾਰ ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਂਦਾ ਹੈ। ਇਸ ਦੇ ਉਲਟ ਜੋ ਮਨੁੱਖ ਆਪਣੀ ਹਉਮੈ ਵਿਚ ਰਹਿੰਦਾ ਹੈ ਤੇ ਸਤਸੰਗ ਵਿਚ ਆਉਣ ਦੀ ਥਾਂ ਮਾੜੀ ਸੰਗਤ ਵਿਚ ਪੈ ਜਾਂਦਾ ਹੈ ਤੇ ਮਨ ਦੇ ਕਹੇ ਤੇ ਚੱਲਦਾ ਹੈ ਅਰਥਾਤ ਮਨਮੁਖ ਬਣ ਜਾਂਦਾ ਹੈ, ਉਹ ਠੇਡੇ ਖਾਂਦਾ ਹੈ ਤੇ ਇਹ ਰਤਨ ਜਨਮ ਗਵਾ ਕੇ ਚਲਾ ਜਾਂਦਾ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
————————-
ਸਲੋਕ ਮਃ ੫ ॥ ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥ ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥ {ਪੰਨਾ 321}
ਅਰਥ: ਹੇ ਨਾਨਕ! ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਢੇ-ਠਾਰ ਰਹਿੰਦੇ ਹਨ ਤੇ ਇਹ ਸੁਖ ਇਕ-ਸਾਰ ਉੱਠਦਿਆਂ ਬੈਠਦਿਆਂ ਸੁੱਤਿਆਂ ਹਰ ਵੇਲੇ ਬਣਿਆ ਰਹਿੰਦਾ ਹੈ।1।
ਮਃ ੫ ॥ ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥ ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥ {ਪੰਨਾ 321}
ਅਰਥ: (ਜਗਤ ਮਾਇਆ ਦੇ) ਲਾਲਚ ਨਾਲ ਲਿੱਬੜਿਆ ਹੋਇਆ ਸਦਾ (ਭਟਕਦਾ) ਫਿਰਦਾ ਹੈ, ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ। (ਪਰ) ਹੇ ਨਾਨਕ! ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਉਹ ਪ੍ਰਭੂ ਵੱਸ ਪੈਂਦਾ ਹੈ।2।
ਪਉੜੀ ॥ ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥ ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥ ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥ ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥ ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥ {ਪੰਨਾ 321}
ਅਰਥ: (ਦੁਨੀਆ ਦੀਆਂ ਬਾਕੀ) ਸਾਰੀਆਂ ਚੀਜ਼ਾਂ (ਆਖ਼ਰ) ਕੌੜੀਆਂ (ਹੋ ਜਾਂਦੀਆਂ) ਹਨ (ਇਕ) ਸੱਚੇ ਪ੍ਰਭੂ ਦਾ ਨਾਮ (ਹੀ ਸਦਾ) ਮਿੱਠਾ (ਰਹਿੰਦਾ) ਹੈ, (ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ ਵੇਖਿਆ ਹੈ, ਤੇ ਉਸੇ ਮਨੁੱਖ ਦੇ ਮਨ ਵਿਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿਚ ਪਾਰਬ੍ਰਹਮ ਨੇ ਲਿਖ ਦਿੱਤਾ ਹੈ। (ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ।
ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ ਹੈ।13।