ਮੈਂ ਇਹ ਜਾਣਨ ਲਈ ਉਤਸੁਕ ਹਾਂ ਕਿ ਕੀ ਕਿਸੇ ਵੀ ਬਾਣੀ, ਰਹਿਤਨਾਮਿਆਂ ਵਿਚ ਈਸਾਈ ਧਰਮ ਬਾਰੇ ਕੁਝ ਗੱਲ ਕਰਨ ਦਾ ਕੋਈ ਸਬੂਤ ਹੈ ਜਿਵੇਂ ਕਿ ਯਿਸੂ ਮਸੀਹ?
ਮੈਂ ਇਹ ਜਾਣਨ ਲਈ ਉਤਸੁਕ ਹਾਂ ਕਿ ਕੀ ਕਿਸੇ ਵੀ ਬਾਣੀ, ਰਹਿਤਨਾਮਿਆਂ ਵਿਚ ਈਸਾਈ ਧਰਮ ਬਾਰੇ ਕੁਝ ਗੱਲ ਕਰਨ ਦਾ ਕੋਈ ਸਬੂਤ ਹੈ ਜਿਵੇਂ ਕਿ ਯਿਸੂ ਮਸੀਹ?
Share
ਸਤਿਕਾਰ ਯੋਗ ਪਰਮਜੀਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਅਲੱਗ ਤੋਂ ਯੀਸ਼ੂ ਮਸੀਹ ਬਾਰੇ ਕੋਈ ਜ਼ਿਕਰ ਗੂਰੂ ਗ੍ਰੰਥ ਸਾਹਿਬ ਵਿਚ ਆਇਆ ਲੱਗਦਾ ਨਹੀਂ ਹੈ। ਇੱਕ ਸਾਂਝਾ ਲਫ਼ਜ਼ ਕਤੇਬ ਜਾਂ ਕਤੇਬਾਂ ਬਹੁਤ ਵਾਰ ਆਇਆ ਹੈ ਜਿਸ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ‘ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ’ ਕਰਦੇ ਹਨ। ਕੁਝ ਉਦਾਹਰਣਾਂ ਤੁਹਾਡੇ ਗਿਆਤ ਵਾਸਤੇ ਹੇਠਾਂ ਦਿੱਤੀਆਂ ਹਨ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
———————–
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ (ਪੰਨਾ 5)
ਪਦ ਅਰਥ: ਸਹਸ ਅਠਾਰਹ = ਅਠਾਰਾਂ ਹਜ਼ਾਰ (ਆਲਮ) । ਕਹਨਿ ਕਤੇਬਾ = ਕਤੇਬਾਂ ਆਖਦੀਆਂ ਹਨ। ਕਤੇਬਾ = ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ।
ਅਰਥ: (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ”। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ) ।
—————–
ਪਉੜੀ ॥ ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ ॥ (ਪੰਨਾ 518)
ਪਦਅਰਥ: ਕਤੇਬਾ = ਤੌਰੇਤ, ਜ਼ਬੂਰ, ਅੰਜੀਲ, ਕੁਰਾਨ।
——————–
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ (ਪੰਨਾ 727)
ਪਦਅਰਥ: ਕਤੇਬ = ਪੱਛਮੀ ਮਤਾਂ ਦੇ ਧਰਮ = ਪੁਸਤਕ (ਤੌਰੇਤ, ਜ਼ੰਬੂਰ, ਅੰਜੀਲ, ਕੁਰਾਨ) । ਇਫਤਰਾ = {ਅਰਬੀ} ਮੁਬਾਲਗ਼ਾ, ਬਣਾਵਟ, ਅਸਲੀਅਤ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ।
———————–
ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥੩॥ (ਪੰਨਾ 885)
ਪਦ ਅਰਥ: ਕਤੇਬ = ਕੁਰਾਨ, ਅੰਜੀਲ ਆਦਿਕ ਪੱਛਮੀ ਧਰਮਾਂ ਦੇ ਧਾਰਮਿਕ ਗ੍ਰੰਥ।