ਕਿਰਪਾ ਕਰਕੇ ਇਸ ਨੂੰ ਸਮਝਾਓ ਜੀ
ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕਿਰਪਾ ਕਰਕੇ ਇਸ ਨੂੰ ਸਮਝਾਓ ਜੀ
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਪੰਗਤੀ ‘ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ’ ਲਿੱਖ ਕੇ ਵਿਚਾਰ ਮੰਗੀ ਹੈ। ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਤਾਂ ਜੋ ਗੁਰੂ ਸਾਹਿਬ ਦੀ ਸਿੱਖਿਆ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇ।
ਸ਼ਬਦ, ਜਿਸ ਵਿਚੋਂ ਤੁਸੀਂ ਪੰਗਤੀ ਚੁਣੀ ਹੈ, ਉਹ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦਾ ਮਾਰੂ ਰਾਗ ਵਿਚ ਉਚਾਰਿਆ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1015-16 ਤੇ ਸੁਸ਼ੋਭਿਤ ਹੈ।
ਇਸ ਸਾਰੇ ਸ਼ਬਦ ਦਾ ਭਾਵ ਜੋ ਦਾਸ ਨੂੰ ਸਮਝ ਆਉਂਦਾ ਹੈ, ਉਹ ਇਹ ਹੈ ਕਿ ਗੁਰੂ ਸਾਹਿਬ ਉਪਦੇਸ਼ ਦੇ ਰਹੇ ਹਨ ਕਿ ਜੋ ਮਨੁੱਖ/ਸਿੱਖ ਆਪਣੇ ਮਨ ਦੀ ਮੱਤ ਦੇ ਪਿੱਛੇ ਚੱਲਦਾ ਹੈ, ਗੁਰੂ ਦੀ ਮੱਤ ਲੈ ਕੇ ਹੁਕਮ/ਰਜ਼ਾ/ਭਾਣੇ ਵਿਚ ਨਹੀਂ ਰਹਿੰਦਾ ਅਰਥਾਤ ਮਨਮੁਖ ਹੈ, ਉਹ ਮੂਰਖ ਕੀ ਮੂਰਖਾਂ ਸਿਰ ਮੂਰਖ਼ ਹੈ। ਪਰ ਇਸ ਦੇ ਉਲਟ ਜੋ ਮਨੁੱਖ/ਸਿੱਖ ਗੁਰੂ ਦੀ ਮੱਤ ਲੈ ਕੇ ਹੁਕਮ/ਰਜ਼ਾ/ਭਾਣੇ ਵਿਚ ਰਹਿੰਦਾ ਹੈ ਅਰਥਾਤ ਗੁਰਮੁਖ ਹੈ, ਉਹ ਸਿਆਣਾ ਹੈ ਤੇ ਉਹ ਆਪਣੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਸੰਸਾਰ ਸਮੁੰਦਰ ਵਿਚੋਂ ਪਾਰ ਹੋ ਜਾਂਦਾ ਹੈ ਤੇ ਜੀਵਨ ਮੁਕਤ ਹੋ ਜਾਂਦਾ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
————————-
ਮਾਰੂ ਮਹਲਾ ੧ ॥ ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥ ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥ ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥ ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥ ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥ ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥ ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥ ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥ ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥ ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥ ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥ ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥ ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥ ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥ ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥ ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥ {ਪੰਨਾ 1015-1016}
ਅਰਥ: ਹੇ ਪ੍ਰਭੂ! (ਤੇਰੇ ਨਾਮ ਤੋਂ ਖੁੰਝ ਕੇ) ਮੈਂ ਮਤਿ-ਹੀਨ ਰਹਿੰਦਾ ਹਾਂ (ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ-ਸਮੁੰਦਰ ਤੋਂ) ਮੈਂ ਤੇਰੇ ਨਾਮ ਵਿਚ ਜੁੜ ਕੇ ਹੀ ਪਾਰ ਲੰਘ ਸਕਦਾ ਹਾਂ। ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ (ਤੇਰੇ ਨਾਮ ਦੀ ਬਰਕਤਿ ਨਾਲ ਹੀ ਮੈਨੂੰ ਸਮਝ ਆਉਂਦੀ ਹੈ ਕਿ) ਤੂੰ ਸਾਡਾ ਸਿਰਜਨਹਾਰ ਹੈਂ, ਤੂੰ ਸਾਡੇ ਦਿਲ ਦੀ ਜਾਣਦਾ ਹੈਂ, ਤੂੰ ਸਾਡੇ ਕੰਮਾਂ ਨੂੰ ਹਰ ਵੇਲੇ ਵੇਖਦਾ ਹੈਂ।1। ਰਹਾਉ।
ਮੈਂ ਨਹੀਂ ਸਮਝ ਸਕਦਾ ਕਿ ਜੇਹੜਾ (ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ) ਉਹ ਮੂਰਖ (ਕਿਵੇਂ) ਹੈ, ਤੇ ਜੇਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ। (ਅਸਲ ਸਿਆਣਪ ਨਾਮ ਸਿਮਰਨ ਵਿਚ ਹੈ, ਇਸ ਵਾਸਤੇ) ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹਾਂ।1।
ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ। ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ। ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ।2।
ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਦੇ ਮਨ ਵਿਚ ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ।3।
ਜੇਹੜੇ ਬੰਦੇ ਰਾਜ, ਰੰਗ-ਤਮਾਸ਼ੇ, ਰੂਪ, ਮਾਲ-ਧਨ ਤੇ ਜਵਾਨੀ = ਸਿਰਫ਼ ਇਹੀ ਵਿਹਾਝਦੇ ਰਹਿੰਦੇ ਹਨ ਉਹਨਾਂ ਨੂੰ ਜੁਆਰੀਏ ਸਮਝੋ। ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੇ ਹੁਕਮ ਵਿਚ ਬੱਝੇ ਹੋਏ ਉਹ (ਮਾਇਕ ਪਦਾਰਥਾਂ ਦੀ) ਚਉਪੜ ਖੇਡ ਖੇਡਦੇ ਰਹਿੰਦੇ ਹਨ, ਇਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ।4।
ਜੇਹੜਾ ਬੰਦਾ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ; ਪੜ੍ਹਦੇ ਹਨ (ਮਾਇਆ ਕਮਾਣ ਵਾਲੀ) ਮੂਰਖਾਂ ਦੀ ਵਿੱਦਿਆ, ਪਰ ਆਪਣਾ ਨਾਮ ਸਦਾਂਦੇ ਹਨ ‘ਪੰਡਿਤ’। (ਇਹ ਪੰਡਿਤ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ; ਤੇ ਆਪਣੇ ਵਲੋਂ ਵੇਦ (ਆਦਿਕ ਧਰਮ ਪੁਸਤਕਾਂ) ਨੂੰ ਸੰਭਾਲ ਰਹੇ ਹਨ, ਇਹ ਵਿਦਵਾਨ ਆਤਮਕ ਜੀਵਨ ਦੀ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿਚ ਭੁੱਲੇ ਪਏ ਹਨ।5।
ਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ, ਇਸ ਤਰ੍ਹਾਂ) ਇਹ ਜਗਤ ਤ੍ਰਿਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ (ਉਹ ਨਿਕਲ ਨਹੀਂ ਸਕਦਾ) ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤ੍ਰਿਸ਼ਨਾ-ਅੱਗ ਵਿਚ) ਸੜ ਜਾਂਦਾ ਹੈ।6।
ਰਾਜੇ ਤੇ (ਰਾਜਿਆਂ ਦੀ) ਪਰਜਾ = ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ) । ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ) ਪਰ ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਜਨਮ ਮਰਨ ਦਾ ਗੇੜ ਭੀ ਸਹੇੜ ਲੈਂਦਾ ਹੈ) । ਨਾਨਕ ਆਖਦਾ ਹੈ– ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।7।3।11।
It means ignorant are people who are oblivious to the truth around them.