ਕੀ ਗੁਰੂਦਵਾਰਾ ਸਾਹਿਬ ਦੀ ਸਜਾਵਟ ਲਈ ਕੁਦਰਤ ਦੇ ਸਾਜੇ ਸੋਹਣੇ ਸੋਹਣੇ ਫੁੱਲਾਂ ਨੂੰ ਤੋੜਨਾ ਸਹੀ ਹੈ ? ਅੱਜ ਕਲ ਆਮ ਦੇਖਿਆ ਜਾਂਦਾ ਹੈ ਗੁਰਪੁਰਬ ਦੇ ਸਮੇਂ ਜਾਂ ਕਿਸੇ ਵੱਡੇ ਸਮਾਗਮ ਸਮੇਂ ਗੁਰੂਦਵਾਰਾ ਸਾਹਿਬ ਵਿੱਚ ਫੁੱਲਾਂ ਨਾਲ ਸਜਾਵਟ ਕੀਤੀ ਜਾਂਦੀ ਹੈ। ਨਗਰ ਕੀਰਤਨ ਸਮੇਂ ਵੀ ਜੁੱਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ, ਕੀ ਫੁੱਲਾਂ ਨੂੰ ਤੋੜਨਾ ਸਹੀ ਹੈ ?
Share
ਸਤਿਕਾਰ ਯੋਗ ਸਤਿੰਦਰ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਗੁਰਬਾਣੀ ਵਿਚੋਂ ਸਿਰਫ਼ ਦੋ ਤੁੱਕਾਂ ਵਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹੈ, ਜਿਸ ਵਿਚ ਗੁਰੂ ਸਾਹਿਬ ਸਿੱਖਿਆ ਦੇ ਰਹੇ ਹਨ ਕਿ ਕਿਉਂਕਿ ਅਕਾਲਪੁਰਖ ਕੁਦਰਤ ਵਿਚ ਵੱਸਦਾ ਹੈ ਇਸ ਲਈ ਸਿੱਖ/ਮਨੁੱਖ ਨੇ ਕੁਦਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਜੋ ਹੁਣੇ ਬੇਦਰਦੀ ਨਾਲ ਹੋ ਰਿਹਾ ਹੈ ਤੇ ਮਨੁੱਖਤਾ ਉਸ ਦੇ ਨਤੀਜੇ ਵੀ ਭੁਗਤ ਰਹੀ ਹੈ। ਅਰਦਾਸ ਕਰੀਏ ਕਿ ਅਕਾਲਪੁਰਖ ਮਨੁੱਖਾਂ ਨੂੰ ਸੁਮੱਤ ਬਖਸ਼ਣ ਤਾਂ ਜੋ ਇਹ ਬਰਬਾਦੀ ਰੁੱਕ ਜਾਵੇ!
ਇਸ ਵਿਸ਼ੇ ਤੇ ਦਾਸ ਤੁਹਾਡਾ ਧਿਆਨ ਭਾਈ ਵੀਰ ਸਿੰਘ ਜੀ ਦੀ ਇੱਕ ਛੋਟੀ ਜਿਹੀ ਕਵਿਤਾ ਵੱਲ ਵੀ ਦਿਵਾਉਣਾ ਚਾਹੁੰਦਾ ਹੈ ਜਿਸ ਵਿਚ ਉਹ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਸਮਝਾਉਂਦੇ ਹਨ:-
ਡਾਲੀ ਨਾਲੋਂ ਤੋੜ ਨ ਸਾਨੂੰ,
ਅਸਾਂ ਹੱਟ ‘ਮਹਿਕ’ ਦੀ ਲਾਈ !
ਲੱਖ ਗਾਹਕ ਜੇ ਸੁੰਘੇ ਆਕੇ
ਖਾਲੀ ਇਕ ਨ ਜਾਈ,
ਤੂੰ ਜੇ ਇਕ ਤੋੜ ਕੇ ਲੈ ਗਿਓਂ,
ਇਕ ਜੋਗਾ ਰਹਿ ਜਾਸਾਂ,-
ਉਹ ਭੀ ਪਲਕ ਝਲਕ ਦਾ ਮੇਲਾ-
ਰੂਪ ਮਹਿਕ ਨਸ ਜਾਈ ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥ (ਪੰਨਾ 469)
ਅਰਥ: ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ।1। ਰਹਾਉ।
———————–
ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ੴ ਸਤਿਗੁਰ ਪ੍ਰਸਾਦਿ ॥ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
ਅਰਥ: (ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ। ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ।1।
(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ, (ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ।1। ਰਹਾਉ।
ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ। ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ?।2।