ਸਤਿਗੁਰੂ ਗ੍ਰੰਥ ਸਾਹਿਬ ਵਿੱਚ, ਇਸ ਵਿੱਚ ਬ੍ਰਹਿਮੰਡ ਦੇ ਵਿਨਾਸ਼ ਅਤੇ ਮਨੋਰੰਜਨ ਦੇ ਚੱਕਰ ਦਾ ਜ਼ਿਕਰ ਹੈ। ਉਨ੍ਹਾਂ ਦੀ ਕਿਸਮਤ ਕੀ ਹੈ ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ ਪ੍ਰਾਪਤ ਨਹੀਂ ਕੀਤਾ? ਕੀ ਨਵੀਆਂ ਰੂਹਾਂ ਬਣੀਆਂ ਹਨ ਜਾਂ ਮੌਜੂਦਾ ਰੂਹਾਂ ਨੂੰ ਰੀਸਾਈਕਲ ਕੀਤਾ ਜਾਂਦਾ ਹੈ ਜਦੋਂ ਬ੍ਰਹਿਮੰਡ ਨੂੰ ਨਸ਼ਟ ਕੀਤਾ ਜਾਂਦਾ ਹੈ ਅਤੇ ਦੁਬਾਰਾ ਬਣਾਇਆ ਜਾਂਦਾ ਹੈ?
ਸਤਿਗੁਰੂ ਗ੍ਰੰਥ ਸਾਹਿਬ ਵਿੱਚ, ਇਸ ਵਿੱਚ ਬ੍ਰਹਿਮੰਡ ਦੇ ਵਿਨਾਸ਼ ਅਤੇ ਮਨੋਰੰਜਨ ਦੇ ਚੱਕਰ ਦਾ ਜ਼ਿਕਰ ਹੈ। ਉਨ੍ਹਾਂ ਦੀ ਕਿਸਮਤ ਕੀ ਹੈ ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ ਪ੍ਰਾਪਤ ਨਹੀਂ ਕੀਤਾ? ਕੀ ਨਵੀਆਂ ਰੂਹਾਂ ਬਣੀਆਂ ਹਨ ਜਾਂ ਮੌਜੂਦਾ ਰੂਹਾਂ ਨੂੰ ਰੀਸਾਈਕਲ ਕੀਤਾ ਜਾਂਦਾ ਹੈ ਜਦੋਂ ਬ੍ਰਹਿਮੰਡ ਨੂੰ ਨਸ਼ਟ ਕੀਤਾ ਜਾਂਦਾ ਹੈ ਅਤੇ ਦੁਬਾਰਾ ਬਣਾਇਆ ਜਾਂਦਾ ਹੈ?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਨਾਂਹ ਸਾਨੂੰ ਇਹ ਪਤਾ ਹੈ ਕਿ ਸ੍ਰਿਸ਼ਟੀ ਕਦੋਂ ਬਣੀ ਤੇ ਨਾਂਹ ਸਾਨੂੰ ਇਹ ਪਤਾ ਹੈ ਕਿ ਇਸ ਦਾ ਅੰਤ ਕਦੋਂ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਅਕਾਲਪੁਰਖ ਦੇ ਹੁਕਮ ਅਨੁਸਾਰ ਸ੍ਰਿਸ਼ਟੀ ਬਣੀ ਤੇ ਹੁਕਮ ਵਿਚ ਹੀ ਸ੍ਰਿਸ਼ਟੀ ਦਾ ਅੰਤ ਹੋ ਜਾਵੇਗਾ। ਇਸ ਲਈ ਪ੍ਰੇਸ਼ਾਨ ਹੋਣ ਦਾ ਕੋਈ ਫ਼ਾਇਦਾ ਨਹੀਂ ਹੈ ਬਲਕਿ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲ ਕੇ ਗੁਰਮੁਖ ਬਣਨ ਦੀ ਲੋੜ ਹੈ ਤੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚਣ ਦੀ ਲੋੜ ਹੈ ਤਾਂ ਜੋ ਇਸੇ ਜੀਵਨ ਵਿਚ ਜੀਵਨ ਮੁਕਤ ਹੋਇਆ ਜਾ ਸਕੇ।
ਆਓ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਅਕਾਲਪੁਰਖ ਦੁਆਰਾ ਬਣਾਈ ਗਈ ਰਚਨਾ ਦਾ ਅੰਤ ਕੀ ਹੈ?
ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਰਚਨਾ ਰਚਨਹਾਰ ਤੋ ਬਣੀ ਅਤੇ ਫ਼ਿਰ ਉਸੇ ਵਿਚ ਸਮਾ ਜਾਵੇਗੀ। ਇਹ ਉਸਦਾ ਸਰਗੁਣ ਸਰੂਪ ਹੈ। ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਮਾਰੂ ਰਾਗ ਵਿਚ ਫੁਰਮਾਉਂਦੇ ਹਨ:
ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥ (ਪੰਨਾ 1037)
ਅਰਥ: ਪ੍ਰਭੂ ਨਿਰੋਲ ਆਪਣੇ ਆਪੇ ਤੋਂ ਹੀ ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਬਣਾਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ। ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿਚ ਹੀ ਸਮਾ ਜਾਂਦੀ ਹੈ। ਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁਝ ਅਜੇਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ। ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ।7।
———————-
ਸੋਰਠਿ ਮਹਲਾ ੪ ਚਉਥਾ ॥ ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥ ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥ ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥
ਅਰਥ: ਹੇ ਭਾਈ! ਪ੍ਰਭੂ ਆਪ ਹੀ (ਚਾਰੇ ਖਾਣੀਆਂ) ਅੰਡਜ ਜੇਰਜ ਸੇਤਜ ਉਤਭੁਜ ਹੈ, ਪ੍ਰਭੂ ਆਪ ਹੀ (ਧਰਤੀ ਦੇ ਨੌ) ਖੰਡ ਹੈ, ਪ੍ਰਭੂ ਆਪ ਹੀ (ਸ੍ਰਿਸ਼ਟੀ ਦੇ) ਸਾਰੇ ਭਵਨ ਹੈ। ਪ੍ਰਭੂ ਆਪ ਹੀ (ਸੱਤਿਆ-ਰੂਪ) ਧਾਗਾ ਹੈ, ਪ੍ਰਭੂ ਆਪ (ਬੇਅੰਤ ਜੀਵ ਰੂਪ) ਅਨੇਕਾਂ ਮਣਕੇ ਹੈ, ਪ੍ਰਭੂ ਆਪ ਹੀ ਆਪਣੀ ਤਾਕਤ ਬਣਾ ਕੇ ਜਗਤ ਨੂੰ (ਧਾਗੇ ਵਿਚ) ਪ੍ਰੋਂਦਾ ਹੈ। ਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿਚ ਫੜ ਰੱਖਣ ਵਾਲਾ ਹੈ। ਜਦੋਂ ਉਹ (ਜਗਤ ਵਿਚੋਂ) ਧਾਗੇ ਨੂੰ ਖਿੱਚ ਲੈਂਦਾ ਹੈ, ਤਦੋਂ (ਜਗਤ) ਢਹਿ ਕੇ ਢੇਰੀ ਹੋ ਜਾਂਦਾ ਹੈ (ਜਗਤ-ਰਚਨਾ ਮੁੱਕ ਜਾਂਦੀ ਹੈ) ।੧।
ਹੁਣ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਤੋਂ ਬਾਅਦ ਇਹ ਮਨੁੱਖਾ ਸਰੀਰ ਕਿਵੇਂ ਬਣਿਆ?
ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਮਾਰੂ ਰਾਗ ਵਿਚ ਫੁਰਮਾਉਂਦੇ ਹਨ:
ਪੰਚ ਤਤੁ ਸੁੰਨਹੁ ਪਰਗਾਸਾ ॥ ਦੇਹ ਸੰਜੋਗੀ ਕਰਮ ਅਭਿਆਸਾ ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥ (ਪੰਨਾ 1037)
ਅਰਥ: ਪੰਜਾਂ ਤੱਤਾਂ ਤੋਂ ਬਣਿਆ ਇਹ ਮਨੁੱਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ। ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ। ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ।14।
ਅੰਦਰ ਬੈਠੇ ਪਰਮਾਤਮਾ ਦੀ ਦਿੱਤੀ ਸ਼ਕਤੀ ਨਾਲ ਇਹ ਸਰੀਰ ਕਿਰਿਆ ਕਰਦਾ ਰਹਿੰਦਾ ਹੈ ਪਰ ਜਦੋਂ ਉਹ ਇਹ ਸ਼ਕਤੀ ਖਿੱਚ ਲੈਂਦਾ ਹੈ ਤੇ ਸਰੀਰ ਢਹਿ ਢੇਰੀ ਹੋ ਜਾਂਦਾ ਹੈ। ਅੰਦਰ ਬੈਠੀ ਪਰਮਾਤਮਾ ਦੀ ਜੋਤ ਪਰਮਾਤਮਾ ਨਾਲ ਮਿਲ ਜਾਂਦੀ ਹੈ ਤੇ ਪੰਜ ਤੱਤ, ਪੰਜ ਤੱਤਾਂ ਨਾਲ ਮਿਲ ਜਾਂਦੇ ਹਨ ਤੇ ਬਾਕੀ ਕੁੱਝ ਵੀ ਨਹੀਂ ਰਹਿ ਜਾਂਦਾ।
ਪਰਮਾਤਮਾ ਦੀ ਜੋਤ ਜਿਸਨੂੰ ਤੁਸੀਂ ਸ਼ਾਇਦ ਰੂਹ ਕਹਿ ਰਹੇ ਹੋ, ਪਰਮਾਤਮਾ ਵਿਚ ਸਮਾਉਣ ਤੋਂ ਬਾਅਦ ਉਸ ਦਾ ਕੀ ਹੁੰਦਾ ਹੈ ਜਾਂ ਹੋਣਾ ਹੈ, ਉਸ ਦੇ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ। ਸਾਰੇ ਅੰਦਾਜ਼ੇ ਹੀ ਲਗਾਉਂਦੇ ਹਨ। ਇਸ ਲਈ ਇਸ ਬਾਰੇ ਪ੍ਰੇਸ਼ਾਨ ਹੋਣ ਦਾ ਕੋਈ ਫ਼ਾਇਦਾ ਨਹੀਂ ਹੈ।
ਚੰਗੀ ਗੱਲ ਇਹ ਹੀ ਹੈ ਕਿ ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ,ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਰੂਪ ਹਨ, ਨਾਲ ਜੁੜ ਕੇ, ਗੁਰਮੁਖ ਬਣ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚਿਆ ਜਾਵੇ ਅਤੇ ਇਸੇ ਜੀਵਨ ਵਿਚ ਮੁਕਤ ਹੋਇਆ ਜਾਵੇ ਕਿਉਂਕਿ ਮਰ ਕੇ ਮੁਕਤ ਹੋਣਾ ਸਿੱਖੀ ਸਿਧਾਂਤ ਨਹੀਂ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ