IS SHABAD DE ARTH SAMJHAO JI
IS SHABAD DE ARTH SAMJHAO JI
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਦੋ ਪੰਕਤੀਆਂ, ‘ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥ ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ।।’, ਲਿੱਖ ਕੇ ਵਿਚਾਰ ਮੰਗੀ ਹੈ।
ਕਿਉਂਕਿ ਦੋ ਪੰਕਤੀਆਂ ਦੀ ਵਿਚਾਰ ਸੰਭਵ ਨਹੀਂ ਹੈ ਇਸ ਲਈ ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।
ਇਹ ਸ਼ਬਦ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦਾ ਸਿਰੀ ਰਾਗ ਵਿਚ ਉਚਾਰਿਆ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 51 ਤੇ ਸੁਸ਼ੋਭਿਤ ਹੈ।
ਇਸ ਵਿਚ ਗੁਰੂ ਸਾਹਿਬ ਪਰਮਾਤਮਾ ਦੀ ਬੇਅੰਤਤਾ ਦਾ ਉਪਦੇਸ਼ ਦੇ ਕੇ ਫੁਰਮਾਉਂਦੇ ਹਨ ਕਿ ਗੁਰੂ ਦੀ ਚਰਨੀਂ ਲੱਗ ਕੇ ਅਰਥਾਤ ਗੁਰੂ ਦੀ ਸ਼ਰਨ ਪੈ ਕੇ ਆਪਣੀ ਅਗਿਆਨਤਾ ਦੂਰ ਕਰ, ਆਪਣੀ ਹਉਮੈ ਛੱਡ, ਸੰਤੋਖੀ ਬਣ, ਨਿਮਰਤਾ ਭਾਵ ਨਾਲ ਸੇਵਾ ਕਰ ਅਰਥਾਤ ਆਪਣੀ ਕਰਣੀ ਸ੍ਰੇਸ਼ਟ ਬਣਾ, ਔਗੁਣ/ਵਿਕਾਰਾਂ ਕੋਲੋਂ ਛੁਟਕਾਰਾ ਪਾ ਤੇ ਜੀਵਨ ਮੁਕਤ ਹੋ ਜਾ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀਆਂ ਹੋਣ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਤੋਂ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————————–
ਸਿਰੀਰਾਗੁ ਮਹਲਾ ੫ ॥ ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥ ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥ ਜਪਿ ਮਨ ਨਾਮੁ ਏਕੁ ਅਪਾਰੁ ॥ ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥ ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥ ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥ ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥ ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥ ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥ ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥ {ਪੰਨਾ 51}
ਅਰਥ: ਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ, ਜਿਸ ਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਤੇ ਸਰੀਰ ਦਿੱਤਾ ਹੈ, ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ।1। ਰਹਾਉ।
(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤਰ੍ਹਾਂ) ਸਾਰੇ ਵਿਕਾਰ ਛੱਡ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ।1।
ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਮਸਤ ਰਹਿੰਦੇ ਹਨ। (ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ।2।
ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ, ਉਹ ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਤੇ ਇਹੀ ਹੈ ਸ੍ਰੇਸ਼ਟ ਕਰਣੀ।3।
ਹੇ ਨਾਨਕ! ਆਖ– ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ, ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ, ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ।4। 25। 95।