Awal Allah Noor Upaya – Please explin
Awal Allah Noor Upaya – Please explin
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਪੰਗਤੀ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’ ਤੇ ਵਿਚਾਰ ਮੰਗੀ ਹੈ। ਕਿਉਂਕਿ ਇੱਕ ਪੰਗਤੀ ਦੀ ਵਿਚਾਰ ਸੰਭਵ ਨਹੀਂ ਹੈ, ਇਸ ਲਈ ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਤੁਹਾਡੇ ਗਿਆਤ ਵਾਸਤੇ ਹੇਠਾਂ ਦਿੱਤੇ ਹਨ ਜੀ।
ਦੇਖੋਗੇ ਕਿ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਇਹ ਸ਼ਬਦ ਪ੍ਰਭਾਤੀ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1349-50 ਤੇ ਸੁਸ਼ੋਭਿਤ ਹੈ ਜਿਸ ਵਿਚ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਹਨ ਕਿ ਸਰਬ-ਵਿਆਪਕ ਪ੍ਰਭੂ ਹੀ ਸਾਰੇ ਜੀਵਾਂ ਦਾ ਸਿਰਜਣਹਾਰ ਹੈ ਤੇ ਇਸ ਖ਼ਲਕਤ ਵਿਚ ਮੌਜੂਦ ਹੈ। ਕਿਉਂਕਿ ਪ੍ਰਭੂ ਨੇ ਸਾਰੇ ਜੀਵਾਂ ਨੂੰ ਇਕੋ ਜਿਹੇ ਤੱਤਾਂ ਤੋਂ ਬਣਾਇਆ ਹੈ ਅਰਥਾਤ ਸਭ ਜੀਵਾਂ ਦਾ ਅਸਲਾ ਇਕੋ ਹੈ, ਇਸ ਲਈ ਕਿਸੇ ਨੂੰ ਚੰਗਾ ਮੰਦਾ, ਉੱਚਾ ਨੀਚਾ ਨਾਂਹ ਸਮਝੋ ਤੇ ਜ਼ਾਤ ਮਜ਼ਹਬ ਦੇ ਝਗੜਿਆਂ ਵਿਚ ਪੈਣ ਦੀ ਬਜਾਏ ਹਮੇਸ਼ਾਂ ਪ੍ਰਭੂ ਦੀ ਰਜ਼ਾ ਵਿਚ ਰਹੋ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
————————
ਪ੍ਰਭਾਤੀ ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥ {ਪੰਨਾ 1349-1350}
ਅਰਥ: ਹੇ ਲੋਕੋ! ਹੇ ਭਾਈ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ।1। ਰਹਾਉ।
ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ। ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ।1।
ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇੁ ਜੀਆ-ਜੰਤ ਪੈਦਾ ਕਰ ਦਿੱਤੇ ਹਨ। (ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ।2।
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ।3।
ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਕਬੀਰ ਆਖਦਾ ਹੈ– ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ) ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ।4।3।