ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ ਸਨ, ਕੀ ਇਸੇ ਲਈ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਲਾ ਸਿੱਖ ਗੁਰੂ ਬਣਾਇਆ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ ਸਨ, ਕੀ ਇਸੇ ਲਈ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਲਾ ਸਿੱਖ ਗੁਰੂ ਬਣਾਇਆ?
ਸਤਿਕਾਰ ਯੋਗ ਪ੍ਰਭਜੋਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿੱਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਧਰਮ ਨਹੀਂ ਰੂਹਾਨੀਅਤ ਸਿਖਾਉਂਦਾ ਹੈ।
ਜੋਗੀਆਂ ਨੇ ਆਪਣੇ ਵਿਚਾਰ ਵਟਾਂਦਰੇ ਦੌਰਾਨ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਨ ਪੁੱਛਿਆ ਸੀ:
ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ (ਪੰਨਾ 942)
ਅਰਥ: (ਪ੍ਰਸ਼ਨ:) = (ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈਂ?
ਉਨ੍ਹਾਂ ਦਾ ਸਪੱਸ਼ਟ ਉੱਤਰ ਸੀ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਪੰਨਾ 943)
ਅਰਥ: (ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।
ਇਸ ਲਈ ਸਿੱਖ ਦਾ ਗੁਰੂ ਸ਼ਬਦ ਹੈ।
ਗੁਰੂ ਗ੍ਰੰਥ ਸਾਹਿਬ ਦਾ ਆਰੰਭ ਇਸ ਤਰ੍ਹਾਂ ਹੁੰਦਾ ਹੈ:
ੴ (Ik Onkar) (One Universal Creator God);
ਸਤਿ ਨਾਮੁ (Sat Naam) (The Name Is Truth);
ਕਰਤਾ ਪੁਰਖੁ (Karta Purakh) (Creative Being Personified);
ਨਿਰਭਉ (Nirbhau) (No Fear);
ਨਿਰਵੈਰੁ (Nirvair) (No Enmity or Hatred),
ਅਕਾਲ ਮੂਰਤਿ (Akal Moorat) (Image of the undying);
ਅਜੂਨੀ (Ajuni) (Beyond Birth);
ਸੈਭੰ (Saibhang) (Self-existstant);
ਗੁਰ ਪ੍ਰਸਾਦਿ (Gur Parsad) (By Guru’s Grace)
ਅੱਗੇ:
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ (ਪੰਨਾ 1201) ਅਰਥਾਤ ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ।
ਇਨ੍ਹਾਂ ਵਿਚ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਕਾਲਪੁਰਖ ਇੱਕ ਹੈ ਤੇ ਉਹ ਸਰੀਰ ਨਹੀਂ ਹੈ ਹਾਲਾਂਕਿ ਹਰ ਸਰੀਰ ਵਿਚ ਤੇ ਕੁਦਰਤ ਵਿਚ ਵਸਦਾ ਹੈ ਅਤੇ ਉਸ ਨਾਲ ਸ਼ਬਦ ਗੁਰੂ ਦੀ ਮਦੱਦ ਨਾਲ ਜੁੜਿਆ ਜਾ ਸਕਦਾ ਹੈ।
ਇਸ ਲਈ ਆਰੰਭ ਤੋਂ ਹੀ, ਗੁਰੂ ਗ੍ਰੰਥ ਸਾਹਿਬ ਵਿਚ ਜੋ ਵੀ ਸ਼ਬਦ ਸ਼ਾਮਿਲ ਕੀਤਾ ਗਿਆ ਹੈ, ਉਹ ਹੀ ਸਿੱਖੀ ਵਿਚ ਗੁਰੂ ਹੈ, ਕੋਈ ਵੀ ਸਰੀਰ (ਗੁਰੂ ਸਾਹਿਬਾਨ, ਭਗਤ ਜਾਂ ਸਿੱਖ ਦਾ) ਨਹੀਂ।
ਗੁਰੂ ਸਰੀਰਾਂ ਨੂੰ ਸਿੱਖੀ ਵਿਚ ਗੁਰੂ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਆਤਮਿਕ ਤੌਰ ਤੇ ਉਹ ਅਕਾਲਪੁਰਖ ਨਾਲ ਜੁੜੇ ਹੋਏ ਸਨ ਤੇ ਸਾਰੇ ਹੀ ਨਾਨਕ ਸਨ ਕਿਉਂਕਿ ਉਨ੍ਹਾਂ ਵਿਚ ਇੱਕੋ ਹੀ ਜੋਤ ਸੀ ਤੇ ਜੀਉਣ ਦਾ ਢੰਗ ਵੀ ਇੱਕ ਹੀ ਸੀ। ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ {ਪੰਨਾ 966}
ਅਰਥ: (ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਸਾਹਿਬ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।
ਜੋਤ ਦੇ ਅਰਥ ਹਨ – ਪ੍ਰਕਾਸ਼, ਚਮਕ, ਤੇਜ ਤੇ ਜੋਤਿ ਦੇ ਅਰਥ ਹਨ – ਆਤਮਿਕ ਰੋਸ਼ਨੀ, ਰੂਹਾਨੀ ਰੋਸ਼ਨੀ ਤੇ ਜੁਗਤਿ ਦਾ ਅਰਥ ਹੈ ਜੀਵਨ ਦਾ ਢੰਗ।
ਗੁਰੁ ਸਾਹਿਬ ਨੇ ਸਮਝਾਇਆ ਹੈ ਕਿ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਤੇ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ, ਵਿਚ ਕੋਈ ਫ਼ਰਕ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਤਮਿਕ ਜਾਂ ਰੂਹਾਨੀ ਰੋਸ਼ਨੀ ਗੁਰੂ ਅੰਗਦ ਸਾਹਿਬ ਦੇ ਵਿਚ ਪ੍ਰਗਟ ਹੋ ਗਈ ਹੈ ਤੇ ਦੋਨਾਂ ਦਾ ਜੀਵਨ ਢੰਗ ਵੀ ਇੱਕ ਹੀ ਹੈ। ਇਹ ਹੀ ਸਿਧਾਂਤ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਚਲਦਾ ਰਿਹਾ। ਸਾਰੇ ਗੁਰੂ ਸਰੀਰ ਅਕਾਲਪੁਰਖ ਤੋਂ ਇੱਕ ਮਿਸ਼ਨ ਲੈ ਕੇ ਆਏ ਤੇ ਮਿਸ਼ਨ ਪੂਰਾ ਹੋਣ ਤੇ ਬਦਲਦੇ ਰਹੇ।
ਮੂਲ ਸਿੱਖੀ ਸਿਧਾਂਤ, ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਬਾਣੀ ਜਪੁ ਦੀ ਪਹਿਲੀ ਪਉੜੀ ਦੀ ਹੇਠ ਲਿੱਖੀਆਂ ਦੋ ਪੰਕਤੀਆਂ ਵਿਚ ਸਮਝਾਇਆ ਗਿਆ ਹੈ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ (ਪੰਨਾ ੧)
ਇਹ ਹੀ ਸਿਧਾਂਤ ਸਾਰੇ ਗੁਰੂ ਸਰੀਰਾਂ ਨੇ ਅਪਨਾਇਆ ਤੇ ਅਕਾਲਪੁਰਖ ਦੇ ਹੁਕਮ ਵਿਚ ਸਚਿਆਰ ਬਣ ਕੇ ਆਪਣਾ ਜੀਵਨ ਬਤੀਤ ਕੀਤਾ। ਕਿਸੇ ਨੇ ਕੋਈ ਕਰਾਮਾਤ ਨਹੀਂ ਦਿਖਾਈ।
ਜਦੋਂ ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਿਸ਼ਨ ਪੂਰਾ ਹੋ ਗਿਆ ਤਾਂ ਉਨ੍ਹਾਂ ਨੇ ਅਕਾਲਪੁਰਖ ਦੇ ਹੁਕਮ ਵਿਚ ਸ਼ਬਦ ਗੁਰੂ, ਜੋ ਗੁਰੂ ਗ੍ਰੰਥ ਸਾਹਿਬ ਵਿਚ ਹੈ, ਸਦਾ ਲਈ ਗੁਰੂ ਥਾਪ ਦਿੱਤਾ ਤੇ ਗੁਰੂ ਸਰੀਰਾਂ ਦੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ। ਇਸ ਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਕੋਈ ਸੰਬੰਧ ਨਹੀਂ ਸੀ।
ਇੱਕ ਗੱਲ ਹੋਰ ਨੋਟ ਕਰ ਲੈਣਾ ਕਿ ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਸਾਹਿਬ ਤੱਕ ਉਨ੍ਹਾਂ ਦੇ ਪੁੱਤਰ ਗੁਰੂ ਨਹੀਂ ਬਣੇ। ਚੌਥੇ ਨਾਨਕ, ਗੁਰੂ ਰਾਮਦਾਸ ਸਾਹਿਬ ਦੇ ਤਿੰਨ ਬੇਟੇ ਹਨ ਪਰ ਵੱਡੇ ਦੋ ਨੂੰ ਛੱਡ ਕੇ ਸਭ ਤੋਂ ਛੋਟਾ ਪੰਜਵਾਂ ਗੁਰੂ ਨਾਨਕ ਬਣਿਆ। ਫਿਰ ਛੇਵੇਂ ਗੁਰੂ ਨਾਨਕ, ਗੁਰੂ ਹਰਿਗੋਬਿੰਦ ਸਾਹਿਬ ਦਾ ਪੁੱਤਰ ਨਹੀਂ, ਪੋਤਰਾ ਗੁਰੂ ਬਣਿਆ ਤੇ ਸਤਵੇਂ ਨਾਨਕ ਗੁਰੂ ਹਰਿਰਾਇ ਸਾਹਿਬ ਦੀ ਵੱਡਾ ਪੁੱਤਰ ਨਹੀਂ ਛੋਟਾ ਪੁੱਤਰ ਗੁਰੂ ਬਣਿਆ। ਅੱਗੇ ਅੱਠਵੇਂ ਗੁਰੂ ਨਾਨਕ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਬਾਬੇ ਤੇਗ਼ ਬਹਾਦਰ ਸਾਹਿਬ ਨੂੰ ਨੌਵਾਂ ਗੁਰੂ ਸਾਹਿਬ ਥਾਪਿਆ। ਇਸ ਲਈ ਲਿਆਕਤ ਨੂੰ ਮੁੱਖ ਰੱਖ ਕੇ ਗੁਰੂ ਥਾਪੇ ਜਾਂਦੇ ਰਹੇ।
ਇਸ ਸਾਰੀ ਗੱਲਬਾਤ ਨੂੰ ਮੁੱਖ ਰੱਖ ਕੇ, ਹਰ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਨੇ ਵੀ ਇਹ ਹੀ ਪ੍ਰੇਰਣਾ ਲੈਣੀ ਹੈ ਕਿ ਉਹ ਸਚਿਆਰ/ਗੁਣਵਾਨ – ਗੁਰਮੁਖ )(Righteous/ Virtuous i.e. Gurmukh) ਬਣੇ ਅਤੇ ਹੁਕਮ ਵਿਚ ਰਹਿਣਾ ਸਿਖੇ।
ਸਚਿਆਰ ਬਣਨ ਲਈ ਉਸ ਨੂੰ ਆਪਣੇ ਕਰਮ ਸੁਧਾਰਨੇ ਪੈਣਗੇ ਅਰਥਾਤ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਉੱਦਮ ਕਰਨਾ ਪਵੇਗਾ ਤਾਂ ਜੋ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਸਕੇ ਅਤੇ ਆਤਮਿਕ ਅਡੋਲਤਾ (Spiritual equipoise) ਤੇ ਆਤਮਿਕ ਆਨੰਦ (Spiritual bliss) ਦੀ ਅਵਸਥਾ ਵਿਚ ਪਹੁੰਚ ਸਕੇ, ਜਿਥੇ ਦੁੱਖ ਤੇ ਸੁੱਖ ਵਿਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ ਅਰਥਾਤ ਸਿੱਖ ਹੁਕਮ ਵਿਚ ਰਹਿਣ ਦੇ ਯੋਗ ਹੋ ਸਕੇਗਾ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ ਕਿਉਂਕਿ ਸਿੱਖੀ ਵਿਚ ਮਰ ਕੇ ਮੁਕਤ ਹੋਣ ਦਾ ਕੋਈ ਸਿਧਾਂਤ ਨਹੀਂ ਹੈ ਜੀ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਉਸ ਦਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ, ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਤੁਹਾਡਾ ਵੀਰ
ਅਕਾਲਪੁਰਖ ਵਰਗਾ ਹੋਣਾ
ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥ ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥ (ਪੰਨਾ 1427-1428)
ਅਰਥ: ਹੇ ਨਾਨਕ! ਆਖ– (ਹੇ ਭਾਈ!) ਜਿਹੜਾ ਮਨੁੱਖ ਰਾਤ ਦਿਨ (ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦਾ ਰੂਪ ਸਮਝੋ। ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ।29।
————-
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥ ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥ ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥ ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥ ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥ {ਪੰਨਾ 1372}
ਅਰਥ: ਹੇ ਕਬੀਰ! (ਜੇ ‘ਜਾ ਕੇ ਸੰਗ ਤੇ ਬੀਛੁਰਾ, ਤਾ ਹੀ ਕੇ ਸੰਗਿ’ ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ ਵਿਚ ਪਏ ਹੋਏ ਰੋੜੇ ਵਰਗਾ ਹੋ ਜਾਹ (ਤੇ ਹਰੇਕ ਰਾਹੀ ਦੇ ਠੇਡੇ ਸਹਾਰ) ! ਜੇਹੜਾ ਕੋਈ ਮਨੁੱਖ ਅਜੇਹਾ ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ।146।
ਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ (ਰੋੜਾ ਠੇਡੇ ਤਾਂ ਸਹਾਰਦਾ ਹੈ, ਪਰ ਨੰਗੀਂ ਪੈਰੀਂ ਤੁਰਨ ਵਾਲੇ) ਰਾਹੀਆਂ ਦੇ ਪੈਰਾਂ ਵਿਚ ਚੁੱਭਦਾ ਭੀ ਹੈ (ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ) । ਹੇ ਪ੍ਰਭੂ! ਤੇਰਾ ਭਗਤ ਤਾਂ ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ ਰਾਹ ਦੀ ਬਾਰੀਕ ਧੂੜ ।147।
ਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ ਜਾਂਦੀ ਹੈ, ਖੇਹ (ਪੈਰਾਂ ਨਾਲ) ਉੱਡ ਕੇ (ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ। ਪਰਮਾਤਮਾ ਦਾ ਭਗਤ ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ ।148।
ਹੇ ਕਬੀਰ! ਪਾਣੀ ਵਾਂਗ ਸਭ ਨਾਲ ਮੇਲ ਰੱਖਿਆਂ (ਭੀ) ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ ਤੱਤਾ ਹੋ ਜਾਂਦਾ ਹੈ, ਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਾਹ ਰਹਿ ਜਾਏ ।149।
ਪ੍ਰਭੂ ਦੇ ਸਿਮਰਨ ਦੀ ਸਹਾਇਤਾ ਨਾਲ ਜੀਵਨ ਨੂੰ ਸਹਜੇ ਸਹਜੇ ਉੱਚਾ ਕਰ ਕੇ ਪਰਮਾਤਮਾ ਨਾਲ ਇਕ-ਮਿਕ ਕਰਨ ਲਈ ਇਹਨਾਂ ਚਾਰ ਸ਼ਲੋਕਾਂ ਵਿਚ ਕਬੀਰ ਜੀ ਰੋੜੇ, ਧੂੜ ਅਤੇ ਪਾਣੀ ਦਾ ਦ੍ਰਿਸ਼ਟਾਂਤ ਦੇ ਕੇ ਇਹਨਾਂ ਦੇ ਗੁਣ ਧਾਰਨ ਅਤੇ ਇਹਨਾਂ ਵਾਲੇ ਅਵਗੁਣ ਛੱਡਣ ਦਾ ਉਪਦੇਸ਼ ਕਰਦੇ ਹਨ।
ਪਹੇ ਵਿਚ ਪਿਆ ਹੋਇਆ ਰੋੜਾ ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ, ਇਸੇ ਤਰ੍ਹਾਂ ਮਨੁੱਖ ਨੇ ਦੂਜਿਆਂ ਵਲੋਂ ਆਏ ਕਲੇਸ਼ਾਂ ਤੇ ਕੁਬੋਲਾਂ ਨੂੰ ਸਹਾਰਨ ਦੀ ਆਦਤ ਪਕਾਣੀ ਹੈ। ਰੋੜਾ ਨੰਗੀਂ ਪੈਰੀਂ ਜਾਣ ਵਾਲੇ ਰਾਹੀ ਦੇ ਪੈਰਾਂ ਵਿਚ ਚੁੱਭਦਾ ਹੈ, ਭਗਤ ਨੇ ਕਿਸੇ ਗ਼ਰੀਬ ਤੋਂ ਗ਼ਰੀਬ ਨੂੰ ਭੀ ਕੋਈ ਚੋਭਵਾਂ ਬੋਲ ਨਹੀਂ ਬੋਲਣਾ, ਧੂੜ ਵਾਂਗ ਨਰਮ-ਦਿਲ ਰਹਿਣਾ ਹੈ। ਪਰ ਧੂੜ ਮਸਾਫ਼ਿਰਾਂ ਉਤੇ ਪੈ ਕੇ ਉਹਨਾਂ ਨੂੰ ਗੰਦਾ ਕਰਦੀ ਹੈ; ਭਗਤ ਨੇ ਇਸ ਵਾਦੀ ਤੋਂ ਬਚਣਾ ਹੈ, ਕਿਸੇ ਦੇ ਐਬ ਨਹੀਂ ਫਰੋਲਣੇ। ਜਿਵੇਂ ਪਾਣੀ ਸਾਰੇ ਅੰਗਾਂ ਵਾਸਤੇ ਇਕ-ਸਮਾਨ ਹੁੰਦਾ ਹੈ, ਸਭ ਸ਼ਕਲਾਂ ਦੇ ਭਾਂਡਿਆਂ ਨਾਲ ਭੀ ਮੇਲ ਕਰ ਲੈਂਦਾ ਹੈ, ਭਗਤ ਨੇ ਚੰਗੇ ਮੰਦੇ ਸਭ ਨਾਲ ਪਿਆਰ ਕਰਨਾ ਹੈ। ਪਰ ਭਗਤ ਨੇ ਸਦਾ ਠੰਢੇ ਸੁਭਾਵ ਵਾਲਾ ਰਹਿਣਾ ਹੈ, ਇਤਨਾ ਇੱਕ-ਰਸ ਕਿ ਪਰਮਾਤਮਾ ਤੇ ਇਸ ਵਿਚ ਕੋਈ ਵਿੱਥ ਨਾਹ ਰਹਿ ਜਾਏ।
ਇਸ ਤਰ੍ਹਾਂ ਔਗੁਣਾਂ/ਵਿਕਾਰਾਂ ਨੂੰ ਛੱਡ ਕੇ ਮਨੁੱਖ ਵੀ ਅਕਾਲਪੁਰਖ ਦਾ ਰੂਪ ਹੋ ਸਕਦਾ ਹੈ ਜੀ।
ਸੁਰਤਿ ਜੋੜਨਾ (Meditation) ਅਰਥਾਤ ਸਿੱਖੀ ਵਿਚ ਨਾਮ ਸਿਮਰਨ
Meditation /To connect one’s consciousness (ਸੁਰਤ ਜੋੜਨਾ- ਅਕਸਰ ਰੂਹਾਨੀ ਸੰਦਰਭ ਵਿੱਚ, ਪ੍ਰਭੂ ਨਾਲ ਧਿਆਨ ਜੋੜਨਾ)
ਸੁਖਮਨੀ ਸਾਹਿਬ ਵਿਚ ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਸਿੱਖਿਆ ਦਿੰਦੇ ਹਨ:
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।
ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ‘ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ’ ਦੇ ਪੰਨਾ 12 ਤੇ ‘ਸਿਮਰਨ ਕੀ ਹੈ’ ਬਾਰੇ ਲਿੱਖਦੇ ਹਨ:-
….ਆਪਣੀ ਨਿੱਕੀ ਜਿਹੀ ‘ਸੁਰਤਿ’ ਨੂੰ ਇਸ ਨੇ ਸਰਬ-ਵਿਆਪਕ ‘ਸੁਰਤਿ’ ਵਿਚ ਜੋੜਨਾ ਹੈ, ਆਪਣੇ ਨਿੱਕੇ ਜਿਹੇ ਮਨ ਨੂੰ ਇਸ ਨੇ ਸਰਬ-ਵਿਆਪਕ ਮਨ ਵਿਚ ਇਕ-ਮਿਕ ਕਰਨਾ ਹੈ, ਆਪਣੀ ਨਿੱਕੀ ਜਿਹੀ ਜਿੰਦ ਨੂੰ ਇਸ ਨੇ ਸਰਬ-ਵਿਆਪਕ ਜਿੰਦ ਵਿਚ ਚੁਭੀ ਲੁਆਣੀ ਹੈ। ਇਸੇ ਦਾ ਨਾਮ ‘ਸਿਮਰਨ’ ਹੈ। ਸਿਮਰਨ ਦਾ ਅਰਥ ਹੈ, ‘ਯਾਦ ਕਰਨਾ, ਯਾਦ ਰੱਖਣਾ’। ਉਸ ਸਰਬ-ਵਿਆਪਕ ਜੋਤਿ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ‘ਤੂੰ ਹੈਂ ਤੂੰ’ ਆਖਦੇ ਰਹਿਣਾ ਉਸ ਦਾ ‘ਸਿਮਰਨ’ ਹੈ। ਸ਼ਬਦ ਦੀ ਰਾਹੀਂ ਉਸ ਦੀਆਂ ਸਿਫਤਾਂ ਪੜ੍ਹਨੀਆਂ ਸੁਣਨੀਆਂ, ਗਾਣੀਆਂ ਭੀ ਉਸ ਦਾ ਸਿਮਰਨ ਹੈ।
ਗੁਰਬਾਣੀ ਅਨੁਸਾਰ ਕੰਮ-ਕਾਰ ਕਰਦਿਆਂ ਸੁਰਤਿ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰੱਖਣਾ ਅਕਾਲਪੁਰਖ/ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀ ਹੈ ਤੇ ਇਹ ਹੀ ਨਾਮ ਸਿਮਰਨ ਹੈ। ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਕਿਉਂਕਿ ਇਹ ਸਾਸ ਸਾਸ ਕਰਨਾ ਸੰਭਵ ਨਹੀਂ ਹੈ।
ਭਗਤ ਨਾਮਦੇਵ ਜੀ ਆਪਣੀ ਬਾਣੀ ਵਿਚ ਸਿੱਖਿਆ ਦਿੰਦੇ ਹਨ:
ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ {ਪੰਨਾ 972}
ਅਰਥ: (ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ।1। ਰਹਾਉ।
(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ।1।
(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ।2।
(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।3।
ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ– ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ।4।1।
ਭਾਵ: ਪ੍ਰੀਤਿ ਦਾ ਸਰੂਪ = ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ।
ਹੋਰ ਅੱਗੇ ਭਗਤ ਕਬੀਰ ਜੀ ਫੁਰਮਾਉਂਦੇ ਹਨ:
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375-1376}
ਅਰਥ: ਤ੍ਰਿਲੋਚਨ ਆਖਦਾ ਹੈ-ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ।212।
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ-ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ।213।
ਕਬੀਰ ਜੀ ਇਹਨਾਂ ਸ਼ਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ ਜੋ ਨਾਮਦੇਵ ਜੀ ਨੇ ਆਪ ਰਾਮਕਲੀ ਰਾਗ ਦੇ ਸ਼ਬਦ ਵਿਚ ਦਿੱਤਾ ਹੈ। ਸਾਥੀਆਂ ਨਾਲ ਗੱਪਾਂ ਮਾਰਦੇ ਇਕ ਮੁੰਡੇ ਦਾ ਕਾਗ਼ਜ਼ ਦੀ ਗੁੱਡੀ ਉਡਾਣਾ, ਰਲ ਕੇ ਗੱਲਾਂ ਕਰਦੀਆਂ ਕੁੜੀਆਂ ਦਾ ਖੂਹ ਤੋਂ ਪਾਣੀ ਭਰ ਕੇ ਲਿਆਉਣਾ, ਗਾਈਆਂ ਦਾ ਵੱਛਿਆਂ ਤੋਂ ਜੁਦਾ ਹੋ ਕੇ ਬਾਹਰ ਘਾਹ ਚੁਗਣ ਜਾਣਾ, ਮਾਂ ਦਾ ਆਪਣੇ ਨਿੱਕੇ ਬੱਚੇ ਨੂੰ ਪੰਘੂੜੇ ਤੇ ਸੁਆ ਕੇ ਘਰ ਦੇ ਕੰਮ-ਕਾਜ ਵਿਚ ਲੱਗਣਾ-ਇਹ ਸਾਰੇ ਕੰਮ-ਕਾਰ ਹੁੰਦਿਆਂ ਹੋਇਆਂ ਭੀ ਮੁੰਡੇ ਦੀ ਸੁਰਤਿ ਗੁੱਡੀ ਵਿਚ, ਕੁੜੀਆਂ ਦੀ ਸੁਰਤਿ ਆਪੋ ਆਪਣੇ ਘੜੇ ਵਿਚ, ਹਰੇਕ ਗਾਂ ਦੀ ਸੁਰਤਿ ਆਪਣੇ ਵੱਛੇ ਵਿਚ, ਤੇ, ਮਾਂ ਦੀ ਸੁਰਤਿ ਬੱਚੇ ਵਿਚ ਹੁੰਦੀ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋ ਸ਼ਲੋਕਾਂ ਵਿਚ ਦੇ ਰਹੇ ਹਨ।
ਇਹ ਸ਼ਬਦ ਸਿੱਖਾਂ ਦੇ ਮਨ ਦਾ ਭਰਮ ਦੂਰ ਕਰਦੇ ਹਨ ਕਿ ਕੀ ਘੰਟਾ ਦੋ ਘੰਟੇ ਚੌਂਕੜੀ ਮਾਰਕੇ ਬੈਠਣਾ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਨਾਮ ਸਿਮਰਨ ਹੈ?
Guru Granth Sahib ji embodies the divine wisdom of all Sikh Gurus.