who is SANT, MAHAPURAKH according to Guru Granth Sahib ji?
who is SANT, MAHAPURAKH according to Guru Granth Sahib ji?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ?
ਆਓ ਪਹਿਲਾਂ ਵੇਖੀਏ ਕਿ ਗੁਰਬਾਣੀ ਵਿੱਚ ‘ਸੰਤ’ ਸ਼ਬਦ ਕਿਸ ਦੇ ਵਾਸਤੇ ਵਰਤਿਆ ਗਿਆ ਹੈ। ‘ਸੰਤ’ ਸ਼ਬਦ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਆਇਆ ਹੈ, ਇਕ-ਵਚਨ ਅਤੇ ਬਹੁ-ਵਚਨ। ਸੰਤ ਸ਼ਬਦ ਜਦੋਂ ਇਕ ਵਚਨ ਵਿੱਚ ਆਇਆ ਹੈ, ਤਾਂ ਅਕਾਲ-ਪੁਰਖ ਜਾਂ ਸਤਿਗੁਰੂ ਵਾਸਤੇ ਆਇਆ ਹੈ। ਇਸ ਦੇ ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਹਨ:
ਅਕਾਲ ਪੁਰਖ – ਸੰਤ
“ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ {ਮਾਝ ਮਹਲਾ 5, ਪੰਨਾ 97} ਅਰਥਾਤ ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
ਇਥੇ ਗੁਰਿ ਦੇ ਰਾਰੇ ਨੂੰ ਸਿਹਾਰੀ ਹੈ, ਜਿਸ ਦਾ ਭਾਵ ਹੈ ਗੁਰੂ ਮਿਲਾਉਣ ਵਾਲਾ ਹੈ, ਜਿਸ ਸੰਤ ਨੂੰ ਮਿਲਾਇਆ ਹੈ, ਉਹ ਦੂਜੀ ਪੰਗਤੀ ਵਿੱਚ ਸਪੱਸ਼ਟ ਹੈ, ‘ਪ੍ਰਭੁ ਅਬਿਨਾਸੀ’। ਇਸੇ ਤਰ੍ਹਾਂ ਹੇਠਲੇ ਦੋਹਾਂ ਪ੍ਰਮਾਣਾਂ ਵਿੱਚ ਗੁਰੂ ਨੇ ਜਿਸ ਸੰਤ ਨਾਲ ਮਿਲਾਇਆ ਹੈ, ਉਸ ਦੀ ਸਪਸ਼ਟਤਾ ਸਤਿਗੁਰੂ ਨੇ ਨਾਲ ਹੀ ਦੇ ਦਿੱਤੀ ਹੈ, ‘ਹਰਿ’ ਭਾਵ ‘ਅਕਾਲ-ਪੁਰਖ’
“ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥ ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥” {ਗਉੜੀ ਮਾਝ ਮਹਲਾ 4, ਪੰਨਾ 175} ਅਰਥਾਤ (ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ, ਮੇਰਾ ਮਿੱਤਰ ਹੈ । ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ।
“ਆਨੰਦ ਕਰਿ ਸੰਤ ਹਰਿ ਜਪਿ ॥”{ਰਾਮਕਲੀ ਮਹਲਾ 5, ਪੰਨਾ 895} ਅਰਥਾਤ ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ ।
ਗੁਰੂ – ਸੰਤ
“ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥” {ਧਨਾਸਰੀ ਮਹਲਾ 4, ਪੰਨਾ 667} ਅਰਥਾਤ ਹੇ ਭਾਈ ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ । ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ।
“ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥” {ਰਾਗੁ ਸੂਹੀ ਛੰਤ ਮਹਲਾ 5, ਪੰਨਾ 778} ਅਰਥਾਤ ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ।
“ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥” {ਨਟ ਮਹਲਾ 4, ਪੰਨਾ 977} ਅਰਥਾਤ ਹੇ ਭਾਈ ! ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ ।
ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ, ਉਪਰਲੇ ਪ੍ਰਮਾਣਾਂ ਵਿੱਚ, ਪਹਿਲੀ ਪੰਗਤੀ ਵਿੱਚ ਹੀ ਸਪੱਸ਼ਟ ਹੈ ਕਿ ਜਿਸ ਸੰਤ ਦੀ ਗੱਲ ਹੋ ਰਹੀ ਹੈ, ਉਹ ਹੋਰ ਕੋਈ ਨਹੀਂ ਸਿਰਫ ਸਤਿਗੁਰੂ ਹੈ। ਇਸੇ ਤਰ੍ਹਾਂ ਹੇਠਲੇ ਪ੍ਰਮਾਣ ਵਿੱਚ, ਪਹਿਲੀ ਪੰਕਤੀ ਵਿੱਚ ਜੇ ਇਹ ਸਮਝਾਇਆ ਗਿਆ ਹੈ, ਕਿ ਭਾਗਾਂ ਵਾਲੇ ਵਿਅਕਤੀ ਨੂੰ ਪਰਮਾਤਮਾ, ਸੰਤ ਨਾਲ ਮਿਲਾ ਦੇਂਦਾ ਹੈ ਤਾਂ ਦੂਸਰੀ ਪੰਕਤੀ ਵਿਚੋਂ ਨਾਲ ਹੀ ਸਪਸ਼ਟ ਕਰ ਦਿੱਤਾ ਹੈ, ਕਿ ਉਹ ਸੰਤ ਗੁਰੂ ਤੇ ਕੇਵਲ ਗੁਰੂ ਹੈ।
“ਵਡਭਾਗੀ ਹਰਿ ਸੰਤੁ ਮਿਲਾਇਆ ॥ ਗੁਰਿ ਪੂਰੈ ਹਰਿਰਸੁ ਮੁਖਿ ਪਾਇਆ ॥ ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ ॥”{ਮਾਝ ਮਹਲਾ 4, ਪੰਨਾ 95} ਅਰਥਾਤ ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ। ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ।
ਹੇਠਲੇ ਦੋ ਪ੍ਰਮਾਣਾਂ ਵਿੱਚ, ਪਹਿਲੀ ਪੰਕਤੀ ਵਿੱਚ ਗੁਰੂ ਦੀ ਬਖਸ਼ਿਸ਼ ਦੀ ਗੱਲ ਕੀਤੀ ਗਈ ਹੈ, ਤਾਂ ਦੂਸਰੀ ਪੰਕਤੀ ਵਿੱਚ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਨੂੰ ਸੰਤ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ:
“ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥ ਸੰਤ ਕਾ ਕੀਆ ਸਤਿ ਕਰਿ ਮਾਨਿ ॥”{ਗਉੜੀ ਗੁਆਰੇਰੀ ਮਹਲਾ 5, ਪੰਨਾ 177} ਅਰਥਾਤ (ਹੇ ਭਾਈ !) ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ, (ਇਸ ਵਾਸਤੇ, ਹੇ ਭਾਈ !) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ ।
“ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥” {ਗਉੜੀ ਸੁਖਮਨੀ ਮਃ 5, ਪੰਨਾ 293} ਅਰਥਾਤ (ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ । ਹੇ ਨਾਨਕ ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ ।1।
ਉਪਰੋਕਤ ਸਾਰੇ ਪ੍ਰਮਾਣਾਂ ਤੋਂ ਗੱਲ ਬਿਲਕੁਲ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਸ਼ਬਦ ਜਦੋਂ ਵੀ ਇਕ ਵਚਨ ਵਿੱਚ ਆਇਆ ਹੈ ਤਾਂ ਕੁਝ ਜਗ੍ਹਾ ਤੇ ਅਕਾਲ ਪੁਰਖ ਵਾਸਤੇ ਅਤੇ ਬਾਕੀ ਸਭ ਜਗ੍ਹਾ ਤੇ ਕੇਵਲ ਗੁਰੂ ਵਾਸਤੇ ਆਇਆ ਹੈ
ਸਾਧੂ
ਇਸੇ ਤਰ੍ਹਾਂ ਸਾਧੂ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਇਕ ਵਚਨ ਆਇਆ ਹੈ ਤਾਂ ਕੇਵਲ ਗੁਰੂ ਵਾਸਤੇ ਹੀ ਆਇਆ ਹੈ। ਜਿਵੇਂ:
“ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥ ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ ॥”(ਮਲਾਰ ਮਹਲਾ 4, ਪੰਨਾ 1263) ਅਰਥਾਤ ਹੇ ਹਰੀ ! (ਮਿਹਰ ਕਰ, ਮੈਨੂੰ ਉਹ) ਸਾਧੂ ਗੁਰੂ ਲਿਆ ਕੇ ਮਿਲਾ ਦੇ, ਜਿਸ ਦੇ ਹਿਰਦੇ ਵਿਚ, ਹੇ ਹਰੀ ! ਦਿਨ ਰਾਤ ਤੇਰਾ ਨਾਮ ਵੱਸਿਆ ਰਹਿੰਦਾ ਹੈ। ਹੇ ਭਾਈ ! ਜੇ ਗੁਰੂ ਦਾ ਦਰਸ਼ਨ ਹੋ ਜਾਏ, ਤਾਂ ਗੁਰੂ ਦਾ ਸਿੱਖ ਇਉਂ ਖ਼ੁਸ਼ ਹੁੰਦਾ ਹੈ ਜਿਵੇਂ ਬੱਚਾ (ਆਪਣੀ) ਮਾਂ ਨੂੰ ਵੇਖ ਕੇ।
“ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ ॥ ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥” {ਰਾਗੁ ਭੈਰਉ ਮਹਲਾ 4, ਪੰਨਾ 1134} ਅਰਥਾਤ ਹੇ ਮੇਰੇ ਮਨ ! ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਉਸ ਦੇ ਸਾਰੇ ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ।
“ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥ ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥” {ਜੈਤਸਰੀ ਮਹਲਾ 4, ਪੰਨਾ 666} ਅਰਥਾਤ ਹੇ ਭਾਈ ! ਮੇਰੇ ਮਨ ਵਿਚ ਪਰਮਾਤਮਾ ਨੇ ਆਪਣਾ ਨਾਮ-ਹੀਰਾ ਲੁਕਾ ਕੇ ਰੱਖਿਆ ਹੋਇਆ ਸੀ। ਦੀਨਾਂ ਉਤੇ ਦਇਆ ਕਰਨ ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਮਿਲਣ ਨਾਲ ਮੈਂ ਉਹ ਹੀਰਾ ਪਰਖ ਲਿਆ (ਮੈਂ ਉਸ ਹੀਰੇ ਦੀ ਕਦਰ ਸਮਝ ਲਈ)
ਉਪਰੋਕਤ ਸਾਰੇ ਪ੍ਰਮਾਣਾਂ ਵਿੱਚ ਜਿਥੇ ਵੀ ਸਾਧੂ ਲਫਜ਼ ਆਇਆ ਹੈ, ਸਤਿਗੁਰੂ ਨੇ ਨਾਲ ਹੀ ਗੁਰੁ ਸ਼ਬਦ ਲਿੱਖ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸਾਧੂ ਗੁਰੂ ਹੀ ਹੈ, ਹੋਰ ਕੋਈ ਦੁਨਿਆਵੀ ਵਿਅਕਤੀ ਨਹੀਂ।
ਸੰਤ, ਸਾਧੂ-ਬਹੁਵਚਨ
ਗੁਰਬਾਣੀ ਵਿੱਚ ਜਿਥੇ ਵੀ ਸੰਤ ਜਾਂ ਸਾਧੂ ਸ਼ਬਦ ਬਹੁਵਚਨ ਵਿੱਚ ਆਇਆ ਹੈ, ਤਾਂ ਇਹ ਸੰਗਤ ਵਾਸਤੇ ਆਇਆ ਹੈ। ਇਸ ਨੂੰ ਬਹੁਵਚਨ ਬਨਾਉਣ ਵਾਸਤੇ ਨਾਲ ਕਈ ਗੁਣ ਵਾਚਕ ਸ਼ਬਦ ਯਾ ਰੂਪ ਵਰਤੇ ਗਏ ਹਨ, ਜਿਵੇ ਹੇਠਲੇ ਪ੍ਰਮਾਣ ਵਿੱਚ ‘ਸੰਤ’ ਦੇ ਨਾਲ ‘ਜਨਾ’ ਸ਼ਬਦ ਲੱਗ ਕੇ ਇਹ ਬਹੁਵਚਨ ਬਣ ਗਿਆ ਹੈ:
“ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥” {ਸਲੋਕ ਮ: 4, ਪੰਨਾ 302} ਅਰਥਾਤ
ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।
ਇਸੇ ਤਰ੍ਹਾਂ ਹੇਠਲੇ ਸ਼ਬਦ ਵਿੱਚ ‘ਸੰਤ’ ਦੇ ਨਾਲ ‘ਸੰਗਿ’ ਜੋੜਨ ਨਾਲ, ਉਸ ਤੋਂ ਹੇਠਲੇ ਸ਼ਬਦ ਵਿੱਚ ‘ਸਭਾ’ ਜੋੜਨ ਨਾਲ, ਤੀਸਰੇ ਸ਼ਬਦ ਵਿੱਚ ‘ਸੰਗਤਿ’ ਜੋੜਨ ਨਾਲ, ਅਤੇ ਚੌਥੇ ਸ਼ਬਦ ਵਿੱਚ ‘ਸਾਜਨ’ ਜੋੜਨ ਨਾਲ ਇਹ ਬਹੁਵਚਨ ਬਣ ਗਏ ਹਠ:
“ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥ ਸੰਤ ਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥” {ਗਉੜੀ ਬਾਵਨ ਅਖਰੀ ਮਹਲਾ 5, ਪੰਨਾ 257} ਅਰਥਾਤ (ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ; ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ ! ਇਹੀ ਅੰਤ ਤੇਰੇ ਕੰਮ ਆਵੇਗਾ ।
“ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥ ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥” {ਆਸਾ ਮਹਲਾ 1, ਪੰਨਾ 356} ਅਰਥਾਤ ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ । ਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ।
“ਸੰਤ ਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ ॥ ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ ॥”{ਸੂਹੀ ਮਹਲਾ 3, ਪੰਨਾ 771} ਅਰਥਾਤ ਹੇ ਭਾਈ ! ਜਿਨ੍ਹਾਂ ਮਨੁੱਖਾਂ ਦਾ ਸਾਧ ਸੰਗਤਿ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਵਲੋਂ ਨਿਰਲੇਪ ਰਹਿੰਦੇ ਹਨ।
“ਚਿਤਵਉ ਵਾ ਅਉਸਰ ਮਨ ਮਾਹਿ ॥ ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ ॥” {ਸਾਰਗ ਮਹਲਾ 5, ਪੰਨਾ 1222} ਅਰਥਾਤ ਹੇ ਭਾਈ ! ਮੈਂ ਤਾਂ ਆਪਣੇ ਮਨ ਵਿਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ, ਜਦੋਂ ਮੈਂ ਸੰਤਾਂ ਸੱਜਣਾਂ(ਸਤਿ ਸੰਗਤ) ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ।
ਉਪਰਲੇ ਸ਼ਬਦਾਂ ਵਿੱਚ ਜਿਵੇਂ ਗੁਣਵਾਚਕ ਜਾਂ ਸਹਾਇਕ ਲਫਜ਼ ਵਰਤਣ ਨਾਲ, ਬਹੁਵਚਨ ਬਣ ਜਾਂਦਾ ਹੈ ਤਿਵੇਂ ਲਫਜ਼ ਦਾ ਸਰੂਪ ਬਦਲਣ ਨਾਲ ਵੀ ਇਹ ਬਹੁਵਚਨ ਬਣ ਜਾਂਦਾ ਹੈ ਜਿਵੇ ਹੇਠਲੇ ਪ੍ਰਮਾਣਾਂ ਵਿੱਚ ਸੰਤਹੁ, ਸੰਤਾ, ਸੰਤੀ ਅਤੇ ਸੰਤਨ ਆਦਿ ਲਫਜ਼ ਵਰਤੇ ਗਏ ਹਨ:
“ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ॥ ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥” {ਮ: 4, ਪੰਨਾ 311} ਅਰਥਾਤ (ਪ੍ਰਸ਼ਨ) ਹੇ ਸੰਤ ਜਨੋ ! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ ? (ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ ਮਨੁੱਖਾ ਸਰੀਰ ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ ।
“ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥” {ਆਸਾ ਮਹਲਾ 5, ਪੰਨਾ 400} ਅਰਥਾਤ ਹੇ ਮੇਰੀ ਸੋਹਣੀ ਜਿੰਦੇ ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ ! ਇਹ ਕਰਤੱਬ ਸਿੱਖ, ਤੇ, ਹੇ ਜਿੰਦੇ ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ ।
“ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥ {ਦੇਵਗੰਧਾਰੀ 5, ਪੰਨਾ 530} ਅਰਥਾਤ ਹੇ ਭਾਈ ! ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤਿ ਬਖਸ਼ੀ ਹੈ । ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ (ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ ।
“ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ ਗ੍ਰਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥” {ਬਿਲਾਵਲੁ ਮਹਲਾ 5, ਪੰਨਾ 811} ਅਰਥਾਤ ਹੇ ਭਾਈ ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ) । ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ)।
ਉਪਰੋਕਤ ਪ੍ਰਮਾਣਾਂ ਰਾਹੀਂ ਜਿਥੇ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਸੰਤ ਲਫਜ਼ ਬਹੁਵਚਨ ਕਿਵੇਂ ਬਣਦਾ ਹੈ, ਉਥੇ ਇਸ ਲੇਖ ਦੇ ਵਿਸ਼ੇ ਨਾਲ ਸਬੰਧਤ, ਮਹੱਤਵ ਪੂਰਨ ਸਮਝਣ ਵਾਲੀ ਗੱਲ ਇਹ ਹੈ, ਕਿ ਗੁਰਬਾਣੀ ਵਿੱਚ ਜਿਥੇ ਵੀ ਸੰਤ ਸ਼ਬਦ ਬਹੁਵਚਨ ਵਿੱਚ ਆਉਂਦਾ ਹੈ, ਉਥੇ ਕਿਸੇ ਇਕ ਵਿਸ਼ੇਸ ਵਿਅਕਤੀ ਜਾਂ ਵਿਅਕਤੀ ਸਮੂਹ ਵਾਸਤੇ ਨਹੀਂ, ਬਲਕਿ ਅਧਿਆਤਮ ਜੀਵਨ ਦੀ ਜਗਿਆਸੂ ਸੰਗਤ ਵਾਸਤੇ ਆਉਂਦਾ ਹੈ, ਜਿਸਨੂੰ ਗੁਰਬਾਣੀ ਵਿੱਚ ਸਤਿਸੰਗਤ ਅਤੇ ਸਾਧਸੰਗਤ ਕਿਹਾ ਗਿਆ ਹੈ। ਗੁਰਬਾਣੀ ਦਾ ਅਭਿਆਸ ਕਰਦਾ, ਅਕਾਲ-ਪੁਰਖ ਦੀ ਸਿਫਤ-ਸਲਾਹ ਵਿੱਚ ਜੁੜਿਆਂ, ਯਾ ਅਕਾਲ-ਪੁਰਖ ਨੂੰ ਹਿਰਦੇ ਵਿੱਚ ਵਸਾ ਕੇ ਆਪਣੀ ਸੁਕ੍ਰਿਤ ਜਾਂ ਜੀਵਨ ਦਾ ਕੋਈ ਹੋਰ ਕਾਰ-ਵਿਹਾਰ ਕਰਦਾ ਹਰ ਵਿਅਕਤੀ ਸਤਿਸੰਗਤ ਕਰ ਰਿਹਾ ਹੈ ਅਤੇ ਉਸ ਸਮੇਂ ਸੰਤ ਹੈ। ਭਾਵੇਂ ਉਹ ਇਹ ਕਾਰਜ ਗੁਰਦੁਆਰੇ ਵਿੱਚ ਜੁੜ ਕੇ ਕਰ ਰਿਹਾ ਹੈ, ਕਿਸੇ ਮਿਤ੍ਰ ਮੰਡਲੀ ਵਿੱਚ ਯਾ ਇਕੱਲਾ ਆਪਣੇ ਘਰ ਵਿੱਚ। ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਸਤਿਸੰਗਤ ਦੀ ਪ੍ਰਭਾਸ਼ਾ ਇੰਜ ਦੱਸੀ ਹੈ:
“ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥5॥”{ਸਿਰੀ ਰਾਗੁ ਮਹਲਾ 1,ਪੰਨਾ 72} ਅਰਥਾਤ ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ ? (ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ । ਹੇ ਨਾਨਕ ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ।5।
ਇਸੇ ਤਰ੍ਹਾਂ ਸਾਧੂ ਸ਼ਬਦ ਵੀ ਬਹੁਵਚਨ ਵਿੱਚ ਸਤਿਸੰਗਤਿ ਵਾਸਤੇ ਹੀ ਆਉਂਦਾ ਹੈ। ਜਿਵੇਂ:
“ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥” {ਰਾਗੁ ਗਉੜੀ ਮਹਲਾ 9, ਪੰਨਾ 219} ਅਰਥਾਤ ਹੇ ਸੰਤ ਜਨੋ ! (ਆਪਣੇ) ਮਨ ਦਾ ਅਹੰਕਾਰ ਛੱਡ ਦਿਉ । ਕਾਮ ਅਤੇ ਕ੍ਰੋਧ (ਭੀ) ਭੈੜੇ ਮਨੁੱਖ ਦੀ ਸੰਗਤਿ (ਵਾਂਗ ਹੀ) ਹੈ, ਇਸ ਤੋਂ (ਭੀ) ਦਿਨ ਰਾਤ (ਹਰ ਵੇਲੇ) ਪਰੇ ਰਹੋ ।
“ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥ ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥”{ਰਾਗੁ ਦੇਵਗੰਧਾਰੀ ਮਹਲਾ 4,ਪੰਨਾ 528} ਅਰਥਾਤ ਹੇ ਨਾਨਕ ! (ਆਖ-) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸਦੇ ਰਹਿੰਦੇ ਹਨ । ਗੁਰੂ ਦੀ ਸੰਗਤਿ ਵਿਚ ਮਿਲ ਕੇ ਵਿਕਾਰੀ ਮਨੁੱਖ ਭੀ ਚੰਗੇ ਆਚਰਨ ਵਾਲੇ ਬਣ ਜਾਂਦੇ ਹਨ, ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿਚੋਂ ਬਚ ਨਿਕਲਦੇ ਹਨ ।
ਸੁਖਮਨੀ ਬਾਣੀ ਦੀ ਸਤਵੀਂ ਪਉੜੀ ਸਾਧ ਦੇ ਬੇਅੰਤ ਗੁਣ ਦਰਸਾਉਂਦੀ ਹੈ। ਉਪਰੋਕਤ ਪ੍ਰਮਾਣਾਂ ਤੋਂ ਇਹ ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਇਹ ਸ਼ਬਦ ਇਕ ਵਚਨ ਵਿੱਚ ਗੁਰੂ ਪਾਤਿਸ਼ਾਹ ਵਾਸਤੇ ਅਤੇ ਬਹੁਵਚਨ ਵਿੱਚ ਸਤਿਸੰਗਤ ਵਾਸਤੇ ਹੀ ਵਰਤਿਆ ਗਿਆ ਹੈ, ਸੋ ਉਥੇ ਜਿਸ ਸਾਧ ਦੀ ਵਡਿਆਈ ਕੀਤੀ ਗਈ ਹੈ, ਉਹ ਹੋਰ ਕੋਈ ਨਹੀਂ, ਸਤਿਗੁਰੂ ਹੀ ਹਨ।
ਮਹਾਂ-ਪੁਰਖ
ਇਸੇ ਤਰ੍ਹਾਂ ਗੁਰਬਾਣੀ ਦੇ ਹੇਠਲੇ ਪ੍ਰਮਾਣਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮਹਾ-ਪੁਰਖ ਸ਼ਬਦ ਵੀ ਗੁਰੂ ਵਾਸਤੇ ਹੀ ਵਰਤਿਆ ਗਿਆ ਹੈ:
“ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥” (ਕਾਨੜਾ ਮਹਲਾ 4, ਪੰਨਾ 1311) ਅਰਥਾਤ ਹੇ ਭਾਈ ! ਗੁਰੂ (ਭੀ) ਬਹੁਤ ਵੱਡਾ ਪੁਰਖ ਹੈ, (ਗੁਰੂ ਭੀ) ਪਾਰਸ ਹੈ । ਜਿਹੜਾ ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ।
“ਹਰਿ ਹਰਿ ਨਾਮੁ ਸਦਾ ਸੁਖਦਾਤਾ ॥ ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥ ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥” {ਜੈਤਸਰੀ ਮਹਲਾ 4, ਪੰਨਾ 693} ਅਰਥਾਤ ਹੇ ਭਾਈ ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ । ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ । ਹੇ ਨਾਨਕ ! (ਆਖ-) ਹੇ ਹਰੀ ! ਮੈਨੂੰ ਗੁਰੂ ਮਹਾ ਪੁਰਖ ਮਿਲਾ । ਹੇ ਗੁਰੂ ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ।4।
ਦੋਹਾਂ ਪ੍ਰਮਾਣਾਂ ਵਿਚੋਂ ਹੀ ਸਪਸ਼ਟ ਹੋ ਰਿਹਾ ਹੈ ਕਿ ਮਹਾ-ਪੁਰਖ ਲਫਜ਼ ਗੁਰੂ ਪਾਤਿਸ਼ਾਹ ਵਾਸਤੇ ਵਰਤਿਆ ਗਿਆ ਹੈ। ਫਿਰ ਜਦੋਂ ਅਸੀਂ ਇਹ ਸ਼ਬਦ ਕਿਸੇ ਦੁਨਿਆਵੀ ਵਿਅਕਤੀ ਵਾਸਤੇ ਵਰਤਦੇ ਹਾਂ ਤਾਂ ਕੀ ਅਸੀਂ ਉਸ ਵਿਅਕਤੀ ਦੀ ਬਰਾਬਰੀ ਸਤਿਗੁਰੂ ਨਾਲ ਕਰਕੇ ਸਤਿਗੁਰੂ ਦਾ ਅਪਮਾਨ ਨਹੀਂ ਕਰ ਰਹੇ ਹੁੰਦੇ?
ਬ੍ਰਹਮਗਿਆਨੀ
ਇਹ ਸ਼ਬਦ ਵੀ ਅੱਜ ਕੱਲ ਤਕਰੀਬਨ ਹਰ ‘ਅਖੌਤੀ’ ਸਿੱਖ ਸਾਧ ਵਲੋਂ ਆਪਣੀ ਡਿਗਰੀ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਬਲਕਿ ਇਹ ਤਾਂ ਸਤਿਗੁਰੂ ਤੋਂ ਵੀ ਬਹੁਤ ਅੱਗੇ ਨਿਕਲ ਗਏ ਹਨ, ਕਿਉਂਕਿ ਇਨ੍ਹਾਂ ਦੇ ਛਪਦੇ ਇਸ਼ਤਿਹਾਰਾਂ ਵਿੱਚ ਅਕਸਰ ਇਨ੍ਹਾਂ ਨੂੰ ‘ਪੂਰਨ ਬ੍ਰਹਮਗਿਆਨੀ’ ਲਿਖਿਆ ਜਾਂਦਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਬਾਣੀ ਬ੍ਰਹਮਗਿਆਨੀ ਦੀ ਬੇਅੰਤ ਉਪਮਾ ਦਸਦੀ ਹੈ। ਗਉੜੀ ਰਾਗ ਵਿੱਚ ਸੁਖਮਨੀ ਬਾਣੀ ਦੀ ਅਠਵੀਂ ਅਸ਼ਟਪਦੀ ਤਾਂ ਸਤਿਗੁਰੂ ਅਰਜਨਦੇਵ ਪਾਤਿਸ਼ਾਹ ਨੇ ਪੂਰੀ ਬ੍ਰਹਮ ਗਿਆਨੀ ਦੀਆਂ ਵਡਿਆਈਆਂ ਵਿੱਚ ਹੀ ਉਚਾਰਨ ਕੀਤੀ ਹੈ। ਇਸੇ ਅਸ਼ਟਪਦੀ ਵਿੱਚ ਸਤਿਗੁਰੂ ਨੇ ਬ੍ਰਹਮਗਿਆਨੀ ਦੇ ਕੁਝ ਵਿਸ਼ੇਸ ਗੁਣ ਦੱਸੇ ਹਨ। ਆਓ ਜਰ੍ਹਾ ਇਨ੍ਹਾਂ ਵਿਚੋਂ ਕੁਝ ਗੁਣਾਂ ਨੂੰ ਵਿਚਾਰੀਏ:
“ਬ੍ਰਹਮਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮਗਿਆਨੀ ਸਦ ਜੀਵੈ ਨਹੀ ਮਰਤਾ ॥ ਬ੍ਰਹਮਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮਗਿਆਨੀ ਪੂਰਨ ਪੁਰਖੁ ਬਿਧਾਤਾ ॥” {ਗਉੜੀ ਸੁਖਮਨੀ ਮਃ 5, ਪੰਨਾ 273}
“ਬ੍ਰਹਮਗਿਆਨੀ ਕਾ ਸਗਲ ਅਕਾਰੁ ॥ ਬ੍ਰਹਮਗਿਆਨੀ ਆਪਿ ਨਿਰੰਕਾਰੁ ॥ ਬ੍ਰਹਮਗਿਆਨੀ ਕੀ ਸੋਭਾ ਬ੍ਰਹਮਗਿਆਨੀ ਬਨੀ ॥ ਨਾਨਕ ਬ੍ਰਹਮਗਿਆਨੀ ਸਰਬ ਕਾ ਧਨੀ ॥8॥8॥” {ਗਉੜੀ ਸੁਖਮਨੀ ਮਃ 5, ਪੰਨਾ 274}
ਅਸੀਂ ਆਪ ਹੀ ਵਿਚਾਰ ਲਈਏ, ਕਿ ਕੀ ਇਹ ਗੁਣ ਕਿਸੇ ਆਮ ਦੁਨਿਆਵੀ ਵਿਅਕਤੀ ਵਿੱਚ ਹੋ ਸਕਦੇ ਹਨ। ਜਿਸ ਵੇਲੇ ਕੋਈ ਇਕ ਬਾਬਾ ਮਰਦਾ ਹੈ, ਉਸ ਦੇ ਚੇਲਿਆਂ ਵਿੱਚ ਗੱਦੀ ਵਾਸਤੇ ਲੜਾਈਆਂ ਹੁੰਦੀਆਂ ਅਤੇ ਫੇਰ ਇਕ ਦੀਆਂ ਤਿੰਨ-ਚਾਰ ਗੱਦੀਆਂ ਬਣਦੀਆਂ ਅਕਸਰ ਵੇਖੀਆਂ ਜਾਂਦੀਆਂ ਹਨ, ਤਕਰੀਬਨ ਬਹੁਤੇ ਡੇਰਿਆਂ ਤੇ ਧੀਆਂ ਭੈਣਾਂ ਦੀ ਪੱਤ ਲੁੱਟੀ ਜਾਣ ਦੀਆਂ ਖਬਰਾਂ, ਇਕ ਆਮ ਜਿਹੀ ਗੱਲ ਹੈ। ਦੂਸਰਿਆਂ ਨੂੰ ਮਾਇਆ ਤੋਂ ਨਿਰਲੇਪ ਰਹਿਣ ਦੀ ਸਿਖਿਆ ਦੇਣ ਵਾਲਿਆਂ ਕੋਲ ਆਪ ਸਿਵਾਏ ਮਾਇਆ ਦੇ ਹੋਰ ਕੋਈ ਧੰਦਾ ਹੀ ਨਹੀਂ। ਡੇਰਿਆਂ ਦੇ ਨਾਂ ਤੇ ਆਲੀਸ਼ਾਨ ਮਹਿਲ, ਸੇਵਾਦਾਰਾਂ ਦੇ ਨਾਂ ਤੇ, ਤੱਪ ਅਸਥਾਨ ਜਾਂ ਸੱਚਖੰਡ ਦੇ ਨਾਂ ਤੇ ਠੰਡੀ ਹਵਾ ਵਾਲਾ (Air Conditioned) ਕਮਰਾ, ਚਾਕਰਾ ਦੀ ਫੌਜ ਅਤੇ ਵੱਡੀਆਂ ਵੱਡੀਆਂ ਕੀਮਤੀ ਗੱਡੀਆਂ। ਜਿਨੀ ਵੱਡੀ ਗੱਡੀ, ਓਡਾ ਵੱਡਾ ਬਾਬਾ। ਕੀ ਐਸੇ ਈਰਖਾ, ਦਵੈਸ਼, ਕਾਮ, ਤ੍ਰਿਸ਼ਨਾ, ਅਹੰਕਾਰ ਜਿਹੇ ਵਿਕਾਰਾਂ ਵਿੱਚ ਗਲਤਾਨ ਵਿਅਕਤੀਆਂ ਵਾਸਤੇ ਸਤਿਗੁਰੂ ਨੇ ਬ੍ਰਹਮਗਿਆਨੀ ਦਾ ਸਨਮਾਨ ਵਰਤਿਆ ਹੈ? ਪਰ ਦੁੱਖ ਦੀ ਗੱਲ ਹੈ ਕਿ ਅੰਧੀ ਸ਼ਰਧਾ ਅਧੀਨ, ਇਨ੍ਹਾਂ ਦੇ ਸ਼ਰਧਾਲੂਆਂ ਨੂੰ ਇਹ ਸਾਰੇ ਔਗੁਣ ਨਜ਼ਰ ਨਹੀਂ ਆਉਂਦੇ ਅਤੇ ਉਹ ਇਨ੍ਹਾਂ ਦੁਆਰਾ ਆਪੇ ਲਾਈ, ਬ੍ਰਹਮਗਿਆਨੀ ਦੀ ਇਸ ਡਿਗਰੀ ਨੂੰ ਸੱਚ ਸਮਝ ਕੇ ਇਨ੍ਹਾਂ ਦੀ ਪੂਜਾ ਵਿੱਚ ਲੱਗੇ ਹੋਏ ਹਨ।
ਬਾਬਾ
ਸਭ ਤੋਂ ਜਿਆਦਾ ਪ੍ਰਚਲਤ ਲਫਜ਼ ਜੋ ਅਕਸਰ ਇਨ੍ਹਾਂ ਦੁਆਰਾ ਅਤੇ ਇਨ੍ਹਾਂ ਵਾਸਤੇ ਵਰਤਿਆ ਜਾਂਦਾ ਹੈ, ਉਹ ਹੈ ਬਾਬਾ। ਇਹ ਲਫਜ਼ ਗੁਰਬਾਣੀ ਵਿੱਚ ਹੇਠ ਦਿੱਤੇ ਸੰਧਰਭ ਵਿੱਚ ਆਇਆ ਹੈ
ਬਾਬਾ- ਆਮ ਮਨੁੱਖ ਨੂੰ ਸੰਬੋਧਨ
ਸਭ ਤੋਂ ਪਹਿਲਾਂ ਤਾਂ ਗੁਰਬਾਣੀ ਵਿੱਚ ਆਮ ਲੋਕਾਈ ਨੂੰ ਸੰਬੋਧਨ ਕਰਨ ਲਈ ਇਹ ਸ਼ਬਦ ਵਰਤਿਆ ਗਿਆ ਹੈ। ਜਿਵੇਂ:
“ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ ॥”{ਰਾਗੁ ਆਸਾ ਮਹਲਾ 1, ਪੰਨਾ 12} ਅਰਥਾਤ ਹੇ ਭਾਈ ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ । ਇਸੇ ਵਿਚ) ਤੇਰੀ ਭਲਾਈ ਹੈ ।
“ਬਾਬਾ ਮਾਇਆ ਰਚਨਾ ਧੋਹੁ ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹੁ ਨ ਓਹੁ ॥”{ਸਿਰੀ ਰਾਗੁ ਮਹਲਾ 1, ਪੰਨਾ 15} ਅਰਥਾਤ ਹੇ ਭਾਈ ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ । ਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ ।
ਬਾਬਾ – ਅਕਾਲ ਪੁਰਖੁ
ਗੁਰਬਾਣੀ ਵਿੱਚ ਕਈ ਜਗ੍ਹਾ ਤੇ ਸਤਿਗੁਰੂ ਨੇ ਅਕਾਲ-ਪੁਰਖ ਨੂੰ ਵੀ ਬਾਬਾ ਲਫਜ਼ ਨਾਲ ਸੰਬੋਧਤ ਕੀਤਾ ਹੈ। ਜਿਵੇਂ:
“ਬਾਬਾ ਬਿਖੁ ਦੇਖਿਆ ਸੰਸਾਰੁ ॥ ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥1॥ ਰਹਾਉ ॥” {ਆਸਾ ਮਹਲਾ 5, ਪੰਨਾ 382} ਅਰਥਾਤ ਹੇ ਪ੍ਰਭੂ ! ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । ਹੇ ਮੇਰੇ ਖਸਮ-ਪ੍ਰਭੂ ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ ।1।ਰਹਾਉ।
“ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥1॥ ਰਹਾਉ ॥” {ਰਾਗੁ ਆਸਾ ਮਹਲਾ 1, ਪੰਨਾ 417} ਅਰਥਾਤ ਹੇ ਅਕਾਲ ਪੁਰਖ ! (ਬਿਪਤਾ ਵੇਲੇ ਸਾਡੇ ਜੀਵਾਂ ਦੀ ਤੈਨੂੰ ਹੀ) ਨਮਸਕਾਰ ਹੈ (ਹੋਰ ਕੇਹੜਾ ਆਸਰਾ ਹੋ ਸਕਦਾ ਹੈ ?) ਹੇ ਆਦਿ ਪੁਰਖ ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ । ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ ।1।ਰਹਾਉ।
“ਬਾਬਾ ਜਿਸੁ ਤੂ ਦੇਹਿ, ਸੋਈ ਜਨੁ ਪਾਵੈ ॥ ਪਾਵੈ ਤ ਸੋ ਜਨੁ ਦੇਹਿ ਜਿਸ ਨੋ, ਹੋਰਿ ਕਿਆ ਕਰਹਿ ਵੇਚਾਰਿਆ ॥ {ਰਾਮਕਲੀ ਮਹਲਾ 3, ਪੰਨਾ 918} ਅਰਥਾਤ ਹੇ ਪ੍ਰਭੂ ! ਜਿਸ ਮਨੁੱਖ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ, ਉਹੀ ਮਨੁੱਖ (ਇਸ ਦਾਤਿ ਨੂੰ) ਮਾਣਦਾ ਹੈ ਜਿਸ ਨੂੰ ਤੂੰ ਦਿੰਦਾ ਹੈਂ, ਹੋਰਨਾਂ ਵਿਚਾਰਿਆਂ ਦੀ (ਮਾਇਆ ਦੇ ਹੜ੍ਹ ਅੱਗੇ) ਕੋਈ ਪੇਸ਼ ਨਹੀਂ ਜਾਂਦੀ ।
ਬਾਬਾ – ਸਤਿਗੁਰੂ
ਇਹੀ ਬਾਬਾ ਲਫਜ਼ ਗੁਰਬਾਣੀ ਵਿੱਚ ਸਤਿਗੁਰੂ ਵਾਸਤੇ ਵੀ ਵਰਤਿਆ ਮਿਲਦਾ ਹੈ:
“ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥ ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥”{ਰਾਗੁ ਸੂਹੀ ਛੰਤ ਮਹਲਾ 1,ਪੰਨਾ 763} ਅਰਥਾਤ ਹੇ ਪਿਆਰੇ ਸਤਿਗੁਰੂ ! ਮੈਨੂੰ ਖਸਮ-ਪ੍ਰਭੂ ਮਿਲਾ । (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ ਜਾਵਾਂ, ਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿਚ ਜਿਸ ਦਾ ਹੁਕਮ ਚੱਲ ਰਿਹਾ ਹੈ ।
ਬਾਬਾ – ਗੁਰੂ ਨਾਨਕ ਪਾਤਿਸ਼ਾਹ
ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਿਸ਼ਾਹ ਵਾਸਤੇ ਵੀ ਇਸ ਬਾਬਾ ਲਫਜ਼ ਦੀ ਵਰਤੋਂ ਕੀਤੀ ਹੈ:
“ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥” {ਸਲੋਕ ਮ: 4, ਪੰਨਾ 307} ਅਰਥਾਤ ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ । ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ ? ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ) ।
“ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥”{ਰਾਮਕਲੀ ਮਹਲਾ 5, ਪੰਨਾ 886}
ਅਰਥਾਤ ਹੇ ਭਾਈ ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ-ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ ।
“ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲੁ ॥ ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥” (ਸਲੋਕ ਮਹਲਾ 5, ਪੰਨਾ 1426) ਅਰਥਾਤ ਹੇ ਨਾਨਕ ! (ਆਖ-) ਹੇ ਭਾਈ ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ । (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ । ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ ਧਨ ਕਦੇ ਭੀ ਨਹੀਂ ਮੁੱਕਦਾ ।
ਉਪਰੋਕਤ ਸਮਝਣ ਤੋਂ ਬਾਅਦ, ਇਸ ਵਿੱਚ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਇਨ੍ਹਾਂ ਸਭ ਲਫਜ਼ਾਂ ਦੀ ਦੁਰਵਰਤੋਂ ਹੋ ਰਹੀ ਹੈ। ਅਸਲ ਵਿੱਚ ਗੁਰਬਾਣੀ ਵਿੱਚ ਕਿਸੇ ਵਿਅਕਤੀ ਦੇ ਸੰਤ, ਸਾਧ, ਮਹਾਂਪੁਰਖ, ਬਾਬਾ, ਹੋਣ ਦਾ ਕੋਈ ਸੰਕਲਪ ਹੀ ਨਹੀਂ। ਜੇ ਇਹ ਗੱਲ ਸਮਝ ਆ ਜਾਵੇ, ਤਾਂ ਇਹ ਵੀ ਸਮਝ ਆ ਜਾਵੇਗਾ ਕਿ ਜੋ ਸਮਾਜ ਨੂੰ ਸੁਚੇਤ ਕਰਨ ਵਾਲਿਆਂ ਨੂੰ ਸੰਤ ਨਿੰਦਕ ਅਤੇ ਸੰਤ ਦੋਖੀ ਦੇ ਫਤਵੇ ਜਾਰੀ ਕਰ ਰਹੇ ਹਨ, ਅਸਲ ਵਿੱਚ, ਉਹ ਆਪ ਸੰਤ ਨਿੰਦਕ ਅਤੇ ਸੰਤ ਦੋਖੀ ਹਨ, ਕਿਉਂਕਿ ਗੁਰਬਾਣੀ ਵਿੱਚ ਇਹ ਸਾਰੇ ਲਫਜ਼ ਤਾਂ ਕੇਵਲ ਗੁਰੂ ਪਾਤਿਸ਼ਾਹ ਵਾਸਤੇ ਵਰਤੇ ਗਏ ਹਨ ਅਤੇ ਇਹ ਆਪਣੇ ਨਾਂ ਨਾਲ ਇਹ ਸ਼ਬਦ ਵਰਤ ਕੇ, ਸਤਿਗੁਰੂ ਦਾ ਮੁਕਾਬਲਾ ਅਤੇ ਅਪਮਾਨ ਕਰ ਰਹੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਫਿਰ ਸਿੱਖ ਕੌਮ ਵਿੱਚ ਇਹ ਬਾਬਿਆਂ ਅਤੇ ਡੇਰਿਆਂ ਦਾ ਹੜ੍ਹ ਕਿਥੋਂ ਅਤੇ ਕਿਵੇਂ ਆ ਗਿਆ?