Who Is Maha Mayi ? ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਹਰਰਾਜ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ‘ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ।।’ ਦੇ ਉੱਤਰ ਵਿਚ ਦਾਸ ਭਗਤ ਨਾਮਦੇਵ ਜੀ ਦਾ ਉਚਾਰਿਆ ਪੂਰਾ ਸ਼ਬਦ, ਜੋ ਕਿ ਗੋਂਡ ਰਾਗ ਵਿਚ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 874 ਤੇ ਸੁਸ਼ੋਭਿਤ ਹੈ, ਅਤੇ ਉਸ ਦੇ ਅਰਥ ਹੇਠਾਂ ਦੇ ਰਿਹਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਭਗਤ ਜੀ ਨੇ ਮਹਾ ਮਾਈ ਲਫ਼ਜ਼ ਪਾਰਵਤੀ ਵਾਸਤੇ ਇਸਤੇਮਾਲ ਕੀਤਾ ਹੈ। ਸ਼ਬਦ ਦੀ ਸਿੱਖਿਆ ਇਹ ਹੈ ਕਿ ਕਿਸੇ ਕਲਪਿਤ ਦੇਵੀ ਦੇਵਤੇ ਨਾਲ ਜੁੜਨ ਦੀ ਬਜਾਏ ਅਕਾਲਪੁਰਖ ਨਾਲ ਜੁੜਨਾ ਜ਼ਰੂਰੀ ਹੈ ਕਿਉਂਕਿ ਮੁਕਤੀ ਦਾ ਦਾਤਾ ਉਹ ਆਪ ਹੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਸਿੱਖ ਨੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ (ਗੁਰਮੁਖ) ਬਣਨਾ ਹੈ ਅਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ, ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚਣਾ ਹੈ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ। ਮਰ ਕੇ ਮੁਕਤ ਹੋਣਾ ਹਿੰਦੂ ਧਰਮ ਦਾ ਸਿਧਾਂਤ ਹੈ, ਸਿੱਖੀ ਦਾ ਨਹੀਂ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————–
ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ {ਪੰਨਾ 874}
ਪਦ ਅਰਥ: ਮਹਾ = ਵੱਡੀ। ਮਹਾ ਮਾਈ = ਵੱਡੀ ਮਾਂ, ਪਾਰਵਤੀ। ਸੈ = ਤੋਂ। ਹੋਇ = ਬਣ ਕੇ। ਅਉਤਰੈ = ਜੰਮਦਾ ਹੈ।੩।
ਅਰਥ: ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ।੧।
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।੧।ਰਹਾਉ।
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ।੨।
ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।੩।
ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।੪।
ਸੋ, ਨਾਮਦੇਵ ਬੇਨਤੀ ਕਰਦਾ ਹੈ-ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ।੫।੨।੬।
ਸ਼ਬਦ ਦਾ ਭਾਵ: ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ।