What is the difference between mental amazement and soulful vismad as described in Gurbani?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਜਪ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਵਿਸਮਾਦੁ ਦਾ ਪਦ ਅਰਥ ਹੈ, ਅਦਭੁਤ (Amazing)।
‘ਅਦਭੁਤ’ ਰਸ ਕੀਹ ਹੈ? ਹੈਰਾਨਗੀ; ਅਚਰਜਤਾ, ਵਿਸਮਾਦ। ਕੁਦਰਤ ਦੇ ਬੇਅੰਤ ਰੰਗਾ-ਰੰਗ ਦੇ ਪਦਾਰਥਾਂ ਨੂੰ ਵੇਖ ਕੇ ਮਨੁੱਖ ਦੇ ਮਨ ਵਿਚ ਇਕ ਹੈਰਾਨਗੀ ਪੈਦਾ ਹੁੰਦੀ ਹੈ, ਜਿਸ ਤੋਂ ‘ਅਦਭੁਤ’ ਰਸ ਉਤਪੰਨ ਹੁੰਦਾ ਹੈ।
ਕੁਦਰਤ ਦੇ ਬੇਅੰਤ ਪਦਾਰਥਾਂ ਨੂੰ ਵੇਖ ਕੇ (ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੀ ਅਕਲ ਚਕ੍ਰਿਤ ਜਿਹੀ ਹੋ ਜਾਏ, ਜਿਨ੍ਹਾਂ ਤੋਂ ਕਾਦਰ ਦੀ ਕਾਰੀਗੀਰੀ ਦਾ ਕਮਾਲ ਪਰਗਟ ਹੋਵੇ) ਮਨੁੱਖ ਦੇ ਮਨ ਵਿਚ ਇਕ ਥੱਰਾਹਟ ਜਿਹੀ, ਇਕ ਕਾਂਬਾ ਜਿਹਾ ਆ ਜਾਂਦਾ ਹੈ। ਇਸ ਥੱਰਾਹਟ, ਇਸ ਕਾਂਬੇ ਨੂੰ ‘ਵਿਸਮਾਦ’ ਕਿਹਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਵਿਸਮਾਦੁ ਸ਼ਬਦ 18 ਵਾਰ ਆਉਂਦਾ ਹੈ ਅਤੇ 18 ਵਿਚੋਂ 15 ਵਾਰ, ਆਸਾ ਕੀ ਵਾਰ ਦੇ ਹੇਠਾਂ ਦਿੱਤੇ ਸਲੋਕ ਵਿਚ:-
ਸਲੋਕ ਮਃ ੧ ॥ ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥ ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫਿਰਹਿ ਜੰਤ ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥ ਵਿਸਮਾਦੁ ਸਾਦਿ ਲਗਹਿ ਪਰਾਣੀ ॥ ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥ ਵਿਸਮਾਦੁ ਭੁਖ ਵਿਸਮਾਦੁ ਭੋਗੁ ॥ ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥ ਵਿਸਮਾਦੁ ਉਝੜ ਵਿਸਮਾਦੁ ਰਾਹ ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥ ਵਿਸਮਾਦੁ ਦੇਖੈ ਹਾਜਰਾ ਹਜੂਰਿ ॥ ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ਬੁਝਣੁ ਪੂਰੈ ਭਾਗਿ ॥੧॥ {ਪੰਨਾ 463-464}
ਅਰਥ: ਹੇ ਨਾਨਕ! (ਰੱਬ ਦੀ) ਅਚਰਜ ਕੁਦਰਤ ਨੂੰ ਪੂਰੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ; ਇਸ ਨੂੰ ਵੇਖ ਕੇ ਮਨ ਵਿਚ ਕਾਂਬਾ ਜਿਹਾ ਛਿੜ ਰਿਹਾ ਹੈ।
ਕਈ ਨਾਦ ਤੇ ਕਈ ਵੇਦ; ਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ; ਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ ਰੂਪ ਤੇ ਕਈ ਰੰਗ = ਇਹ ਸਭ ਕੁਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ।
ਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ, ਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ; ਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂ = ਇਹ ਕੁਦਰਤ ਵੇਖ ਕੇ ਮਨ ਵਿਚ ਥੱਰਾਹਟ ਪੈਦਾ ਹੋ ਰਹੀ ਹੈ।
ਜੀਵ ਪਦਾਰਥਾਂ ਦੇ ਸੁਆਦ ਵਿਚ ਲੱਗ ਰਹੇ ਹਨ; ਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ; ਕਿਤੇ ਭੁੱਖ (ਸਤਾ ਰਹੀ ਹੈ) , ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ) , ਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ, ਕਿਤੇ ਔਝੜ ਹੈ, ਕਿਤੇ ਰਸਤੇ ਹਨ– ਇਹ ਅਚਰਜ ਖੇਡ ਵੇਖ ਕੇ ਮਨ ਵਿਚ ਹੈਰਤ ਹੋ ਰਹੀ ਹੈ।
(ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ; (ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ– ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ। ਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ।1।
ਇਸ ਸਲੋਕ ਵਿਚ ਪਹਿਲੇ ਸਰੀਰ ਗੁਰੂ ਨਾਨਕ ਸਾਹਿਬ ਅਕਾਲਪੁਰਖ ਦੀ ਬਣਾਈ ਅਚਰਜ ਕੁਦਰਤ ਦੀ ਬੇਅੰਤਤਾ ਦੇ ਬਾਰੇ ਸਮਝਾਉਂਦੇ ਹੋਏ ਕਹਿ ਰਹੇ ਹਨ ਕਿ ਇਸ ਸਾਰੇ ਕੌਤਕ ਨੂੰ ਦੇਖ ਕੇ ਮਨ ਵਿਚ ਝਰਨਾਟ ਛਿੜ ਰਹੀ ਹੈ।
ਸਾਇੰਸ ਦੀਆਂ ਹਜ਼ਾਰਾਂ ਕਾਢਾਂ ਦਿਮਾਗ ਤੇ ਅਸਰ ਤਾਂ ਕਰਦੀਆਂ ਹਨ ਪਰ ਮਨ ਵਿਚ ਉਹੋ ਜਿਹਾ ਕਾਂਬਾ ਨਹੀਂ ਛਿੜਦਾ ਜਿਹੋ ਜਿਹਾ ਕੁਦਰਤ ਦੀ ਬੇਅੰਤਤਾ ਨੂੰ ਵੇਖ ਕੇ ਛਿੜਦਾ ਹੈ।
ਪੰਛੀਆਂ ਦੀਆਂ ਕਿਸਮਾਂ ਹੀ ਵੇਖ ਲਵੋ। ਉਨ੍ਹਾਂ ਦੇ ਰੰਗ ਰੂਪ ਨੂੰ ਵੇਖ ਵੇਖ ਕੇ ਮਨ ਅਸਚਰਜਤਾ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ ਤੇ ਕੁਦਰਤ ਦੀ ਸਿਫ਼ਤ ਸਲਾਹ ਕਰਦਾ ਥੱਕਦਾ ਨਹੀਂ ਹੈ। ਇਹੋ ਜਿਹਾ ਕੁੱਝ ਵੀ ਸਾਇੰਸ ਦੀਆਂ ਕਾਢਾਂ ਨੂੰ ਵੇਖ ਕੇ ਨਹੀਂ ਹੁੰਦਾ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ