In Sikhism, what is 'Naam'? How does it exist—are they just words, or something more? How do mind and soul experience it? And what are 'unstruck melodies'?
In Sikhism, what is 'Naam'? How does it exist—are they just words, or something more? How do mind and soul experience it? And what are 'unstruck melodies'?
Share
ਸਤਿਕਾਰ ਯੋਗ ਸੁਖ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਨਾਮ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 71 ਤੇ ਗੁਰੂ ਸਾਹਿਬ ਫੁਰਮਾਉਂਦੇ ਹਨ:
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਅੱਗੇ ਤੀਸਰੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 515 ਤੇ ਸੁਸ਼ੋਭਿਤ ਆਪਣੇ ਸਲੋਕ ਵਿਚ ਫੁਰਮਾਉਂਦੇ ਹਨ ਕਿ ਬਾਣੀ ਦੀ ਸਿਫ਼ਤ ਸਲਾਹ ਕਰਨਾ ਤੇ ਹੁਕਮ ਵਿਚ ਤੁਰਨਾ ਹੀ ਹਰ ਵੇਲੇ ਪ੍ਰਭੂ ਦਾ ਨਾਮ ਜਪਣਾ ਹੈ:-
ਸਲੋਕੁ ਮਃ ੩ ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥ {ਪੰਨਾ 515}
ਅਰਥ: ਜੋ ਪ੍ਰਭੂ ਆਕਾਰ-ਰਹਿਤ ਹੈ; ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ; ਜੋ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ, ਉਸ ਦੀ ਸਿਫ਼ਤਿ-ਸਾਲਾਹ ਉਸੇ ਦਾ ਰੂਪ ਹੈ। ਉਸ ਦਾ ਨਾਮ ਜੀਵਾਂ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ। ਸਿਫ਼ਤਿ-ਸਾਲਾਹ ਦੀ ਦਾਤਿ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ, ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ।੧।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਪੱਸ਼ਟ ਕਰ ਰਹੇ ਹਨ ਕਿ ਜੋ ਮਨੁੱਖ ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਦਾ ਹੈ (ਅਰਥਾਤ ਗੁਰਬਾਣੀ ਦੀ ਸਿੱਖਿਆ ਤੇ ਚੱਲਦਾ ਹੈ ਅਤੇ ਵਿਕਾਰਾਂ ਤੋਂ ਛੁਟਕਾਰਾ ਪਾਉਂਦਾ ਹੈ) ਅਤੇ ਹੁਕਮ ਵਿਚ ਰਹਿੰਦਾ ਹੈ, ਉਸ ਨੂੰ ਬਾਣੀ ਦੀ ਸਿਫਤ-ਸਲਾਹ ਦੀ ਦਾਤ ਮਿਲਦੀ ਹੈ ਅਰਥਾਤ ਉਹ ਹਰ ਵੇਲੇ ਨਾਮ ਜਪਦਾ ਹੈ। ਇਸ ਤਰ੍ਹਾਂ ਮਨੁੱਖ ਅਕਾਲਪੁਰਖ ਅਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਦਾ ਹੈ ਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਦਾ ਹੈ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਮੁਕਤੀ ਦੀ ਅਵਸਥਾ ਪ੍ਰਾਪਤ ਕਰਨਾ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ