What is Guru Sahib conveying to us in this shabad where it is mentioned, 'ਚਾਰੇ ਵੇਦ ਹੋਏ ਸਚਿਆਰ' (Charai Ved Hoey Sachiar)?
What is Guru Sahib conveying to us in this shabad where it is mentioned, 'ਚਾਰੇ ਵੇਦ ਹੋਏ ਸਚਿਆਰ' (Charai Ved Hoey Sachiar)?
Share
ਸਤਿਕਾਰ ਯੋਗ ਪ੍ਰਭ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਵਿਚੋਂ ਇੱਕ ਪੰਗਤੀ ‘ਚਾਰੇ ਵੇਦ ਹੋਏ ਸਚਿਆਰ॥’ ਲਿੱਖ ਕੇ ਵਿਚਾਰ ਪੁੱਛੀ ਹੈ। ਇਹ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਆਸਾ ਰਾਗ ਵਿਚ ਵਾਰ ਵਿਚੋਂ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 470 ਤੇ ਸੁਸ਼ੋਭਿਤ ਹੈ। ਪੂਰੇ ਸਲੋਕ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।
ਗੁਰਬਾਣੀ ਜੁਗਾਂ ਦੀ ਵੰਡ ਨੂੰ ਨਹੀਂ ਮੰਨਦੀ ਤੇ ਸਿੱਖਿਆ ਦੇਂਦੀ ਹੈ ਕਿ:-
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥ (ਪੰਨਾ 902-03)
ਅਰਥ: ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ, ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ।1।
ਜੁਗਾਂ ਦੀ ਵੰਡ ਹਿੰਦੂ ਧਰਮ ਦਾ ਸਿਧਾਂਤ ਹੈ ਜਿਸ ਅਨੁਸਾਰ ਸਤਿਜੁਗ ਦੀ ਉਮਰ 17,28,000 ਵਰ੍ਹੇ, ਤ੍ਰੇਤਾ ਦੀ 12,96,000 ਵਰ੍ਹੇ, ਦ੍ਵਾਪਰ ਦੀ 8,64,000 ਵਰ੍ਹੇ ਅਤੇ ਕਲਿਜੁਗ ਦੀ 4,32,000 ਵਰ੍ਹੇ ਹੈ ਪਰ ਗੁਰਮਤਿ ਨੇ ਸਤਿਜੁਗ ਨੂੰ ਕੋਈ ਬੀਤਿਆ ਹੋਇਆ ਜੁਗ ਨਹੀਂ ਮੰਨਿਆ ਹੈ ਅਤੇ ਨ ਹੀ ਕਲਿਜੁਗ ਨੂੰ ਵਰਤਮਾਨ ਜੁਗ ਸਮਝਿਆ ਹੈ।
ਗੁਰਮਤਿ ਅਨੁਸਾਰ ਸਮਾਂ ਕਿਉਂਕਿ ਹਮੇਸ਼ਾਂ ਇੱਕੋ ਜਿਹਾ ਹੈ, ਇਸ ਲਈ ਮਨੁੱਖ ਆਪਣੇ ਮਨ ਦੀ ਦਸ਼ਾ ਅਨੁਸਾਰ ਕਹੇ ਜਾਂਦੇ ਸਤਿਜੁਗ ਜਾਂ ਕਲਿਜੁਗ ਵਿਚ ਹੈ। ਜੇ ਮਨ ਸਤਿ ਤੇ ਸੰਤੋਖ ਵਿਚ ਹੈ ਤਾਂ ਹਮੇਸ਼ਾਂ ਸਤਿਜੁਗ ਵਿਚ ਹੀ ਹੈ ਪਰ ਜੇ ਝੂਠ, ਫ਼ਰੇਬ ਤੇ ਠੱਗੀ ਵਿਚ ਹੈ ਤਾਂ ਹਮੇਸ਼ਾਂ ਕਲਿਜੁਗ ਵਿਚ ਹੀ ਰਹੇਗਾ ਅਰਥਾਤ ਗੁਰਮਤਿ ਅਨੁਸਾਰ ਜਿਥੇ ਅਤੇ ਜਦੋਂ ਵੀ ਲੋਕ ਅਧਰਮ ਵਿਚ ਮਗਨ ਹੁੰਦੇ ਹਨ, ਉਥੇ ਉਦੋਂ ਕਲਿਜੁਗ ਹੀ ਸਮਝਣਾ ਚਾਹੀਦਾ ਹੈ।
ਇਸ ਸਲੋਕ ਵਿਚ ਵੀ ਗੁਰੂ ਸਾਹਿਬ ਕਿਸੇ ਵੇਦ ਦਾ ਕਿਸੇ ਖ਼ਾਸ ਜੁਗ ਨਾਲ ਸੰਬੰਧ ਨਹੀਂ ਦੱਸ ਰਹੇ। ‘ਸਾਮ’, ‘ਰਿਗੁ’, ‘ਜੁਜ’ ਅਤੇ ‘ਅਥਰਬਣੁ’ ਨੂੰ ਤਰਤੀਬਵਾਰ ਕੇਵਲ ਸ਼ਬਦ ‘ਸੇਤੰਬਰ’ ‘ਰਾਮ’ ‘ਜਾਦਮੁ’ ਅਤੇ ‘ਅਲਹੁ’ ਨਾਲ ਵਰਤਿਆ ਗਿਆ ਹੈ ਅਤੇ ਹਰੇਕ ਵੇਦ ਦੇ ਨਾਉਂ ਦਾ ਪਹਿਲਾ ਅੱਖਰ ਰੱਬ ਦੇ ਉਸ ਸਮੇਂ ਦੇ ਪਰਧਾਨ ਨਾਮ ਦੇ ਪਹਿਲੇ ਅੱਖਰ ਨਾਲ ਮਿਲਦਾ ਦੱਸਿਆ ਹੈ। ਪਰ ਆਪਣੇ ਵਿਚਾਰ ਆਖ਼ਿਰ ਵਿਚ ਦੱਸਦੇ ਹਨ ਕਿ ਜੋ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ ਅਰਥਾਤ ਅਹੰਕਾਰ ਤੋਂ ਬਚਿਆ ਰਹਿੰਦਾ ਹੈ, ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ।
ਗੁਰੂ ਸਾਹਿਬ ਅਨੁਸਾਰ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਸਿੱਖ/ਮਨੁੱਖ ਨੇ ਸਚਿਆਰ ਬਣਨਾ ਹੈ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨਾ ਹੈ ਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਪ੍ਰਾਪਤ ਕਰਕੇ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣਾ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————
ਮਃ ੧ ॥ ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ ॥ ਰਿਗੁ ਕਹੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥ ਨਾਇ ਲਇਐ ਪਰਾਛਤ ਜਾਹਿ ॥ ਨਾਨਕ ਤਉ ਮੋਖੰਤਰੁ ਪਾਹਿ ॥ ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ੍ਹ ਕ੍ਰਿਸਨੁ ਜਾਦਮੁ ਭਇਆ ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥ ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥ ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥ ਚਾਰੇ ਵੇਦ ਹੋਏ ਸਚਿਆਰ ॥ ਪੜਹਿ ਗੁਣਹਿ ਤਿਨ੍ਹ੍ਹ ਚਾਰ ਵੀਚਾਰ ॥ ਭਾਉ ਭਗਤਿ ਕਰਿ ਨੀਚੁ ਸਦਾਏ ॥ ਤਉ ਨਾਨਕ ਮੋਖੰਤਰੁ ਪਾਏ ॥੨॥ {ਪੰਨਾ 470}
ਅਰਥ: ਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ ‘ਸੇਤੰਬਰੁ’ (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ ‘ਸੇਤੰਬਰ’ ਮੰਨ ਕੇ ਪੂਜਾ ਹੋ ਰਹੀ ਸੀ) , ਜੋ ਸਦਾ ‘ਸੱਚ’ ਵਿਚ ਟਿਕਿਆ ਰਹਿੰਦਾ ਹੈ; ਤਦੋਂ ਹਰੇਕ ਜੀਵ ‘ਸੱਚ’ ਵਿਚ ਲੀਨ ਹੁੰਦਾ ਹੈ (‘ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ’) ; (ਜਦੋਂ ਆਮ ਤੌਰ ਤੇ ਹਰੇਕ ਜੀਵ ‘ਸੱਚ’ ਵਿਚ, ‘ਧਰਮੁ’ ਵਿਚ ਦ੍ਰਿੜ੍ਹ ਸੀ, ਤਦੋਂ ਸਤਜੁਗ ਵਰਤ ਰਿਹਾ ਸੀ) ।
ਰਿਗਵੇਦ ਆਖਦਾ ਹੈ ਕਿ (ਭਾਵ, ਤ੍ਰੇਤੇ ਜੁਗ ਵਿਚ) (ਸ੍ਰੀ) ਰਾਮ (ਜੀ) ਦਾ ਨਾਮ ਹੀ ਸਾਰੇ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ; ਉਹੀ ਸਭ ਥਾਈਂ ਵਿਆਪਕ ਹੈ। ਹੇ ਨਾਨਕ! (ਰਿਗਵੇਦ ਆਖਦਾ ਹੈ ਕਿ) (ਸ੍ਰੀ) ਰਾਮ (ਜੀ) ਦਾ ਨਾਮ ਲਿਆਂ (ਹੀ) ਪਾਪ ਦੂਰ ਹੋ ਜਾਂਦੇ ਹਨ ਅਤੇ (ਜੀਵ) ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ।
ਯਜੁਰ ਵੇਦ (ਵਿਚ ਭਾਵ, ਦੁਆਪਰ ਵਿਚ) ਜਗਤ ਦੇ ਮਾਲਕ ਦਾ ਨਾਮ ਸਾਂਵਲ ‘ਜਾਦਮੁ’ ਕ੍ਰਿਸ਼ਨ ਪਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ ਜਿਸ ਨੇ ਆਪਣੀ ਗੋਪੀ (ਸਤ੍ਯਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਵਰਤਾਇਆ।
ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜਗਤ ਦੇ ਮਾਲਕ ਦਾ ਨਾਮ ‘ਖੁਦਾਇ’ ਤੇ ‘ਅਲਹੁ’ ਵੱਜਣ ਲੱਗ ਪਿਆ ਹੈ; ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ।
ਚਾਰੇ ਵੇਦ ਸੱਚੇ ਹੋ ਗਏ ਹਨ (ਭਾਵ, ਚੌਹਾਂ ਹੀ ਜੁਗਾਂ ਵਿਚ ਜਗਤ ਦੇ ਮਾਲਕ ਦਾ ਨਾਮ ਵਖੋ-ਵਖਰਾ ਵੱਜਦਾ ਰਿਹਾ ਹੈ, ਹਰੇਕ ਸਮੇ ਇਹੀ ਖ਼ਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ ‘ਸੇਤੰਬਰ’, ‘ਰਾਮ’, ‘ਕ੍ਰਿਸ਼ਨ’ ਤੇ ‘ਅਲਹੁ’ ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ) ; ਅਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, (ਭਾਵ, ਆਪੋ ਆਪਣੇ ਸਮੇ ਵਿਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ-ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ) ਉਹ ਹੋਏ ਭੀ ਚੰਗੀਆਂ ਯੁਕਤੀਆਂ (ਚਾਰ=ਸੁੰਦਰ; ਵੀਚਾਰ=ਦਲੀਲ, ਯੁਕਤੀ) ਵਾਲੇ ਹਨ। (ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ) ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ।2।