TIRATH NAAVAN JAAOU TIRATH NAAM HAI TIRATH SHABADH BICHAR ANTTAR GHYAN HAI.
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
TIRATH NAAVAN JAAOU TIRATH NAAM HAI TIRATH SHABADH BICHAR ANTTAR GHYAN HAI.
ਸਤਿਕਾਰ ਯੋਗ ਬਾਨੀ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਦੀਆਂ ਪੰਕਤੀਆਂ ‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥’ ਲਿੱਖ ਕੇ ਗੂੜ੍ਹੀ/ਡੂੰਘੀ ਵਿਚਾਰ ਦੀ ਮੰਗ ਕੀਤੀ ਹੈ।
ਇਹ ਸ਼ਬਦ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦਾ ਧਨਾਸਰੀ ਰਾਗ ਵਿਚ ਉਚਾਰਨ ਕੀਤਾ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 687-688 ਤੇ ਸੁਸ਼ੋਭਿਤ ਹੈ। ਸ਼ਬਦ ਦੇ ਸਿਰਲੇਖ ਵਿਚ ਇਸ ਨੂੰ ਛੰਤ ਦੱਸਿਆ ਗਿਆ ਹੈ, ਜੋ ਕਿ ਕਾਵਿ ਰੂਪ ਦੀ ਇੱਕ ਕਿਸਮ ਹੈ। ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਤੁਹਾਡੇ ਵਿਚਾਰ ਵਾਸਤੇ ਦਿੱਤੇ ਗਏ ਹਨ।
ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਪਾਪ ਧੋਣ ਲਈ ਤੀਰਥਾਂ ਦਾ ਇਸ਼ਨਾਨ ਹਿੰਦੂ ਧਰਮ ਦਾ ਇੱਕ ਕਰਮਕਾਂਡ ਹੈ, ਜਿਸ ਲਈ ਗੁਰਮਤਿ ਵਿਚ ਕੋਈ ਥਾਂ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿਚ ਆਪਣੀ ਮੁੱਢਲੀ ਬਾਣੀ ‘ਜਪੁ’ ਵਿਚ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ, ਸਿੱਖਿਆ ਦਿੰਦੇ ਹਨ ਕਿ ਤੀਰਥ ਤੇ ਇਸ਼ਨਾਨ ਪ੍ਰਭੂ ਦੀ ਪ੍ਰਸੰਨਤਾ ਤੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਜ਼ਰੂਰਤ ਹੈ ਅਕਾਲਪੁਰਖ ਤੇ ਸ਼ਬਦ ਗੁਰੂ (ਸਤਿਗੁਰੂ), ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨੂੰ ਅੰਗਸੰਗ ਜਾਣ ਕੇ/ਨਾਲ ਜੁੜ ਕੇ ਗੁਣ ਧਾਰਨ ਕਰਨ ਦੀ ਤੇ ਗੁਰੂ ਦੀ ਸਿੱਖਿਆ ਅਰਥਾਤ ਉਪਦੇਸ਼ ਨੂੰ ਪੱਲੇ ਬੰਨ੍ਹ ਕੇ ਉਸ ਉੱਤੇ ਚੱਲਣ ਦੀ ਅਤੇ ਮਿਹਰ ਪ੍ਰਾਪਤ ਕਰਨ ਦੇ ਯੋਗ ਬਣਨ ਦੀ ਤਾਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜਿਆ ਜਾ ਸਕੇ :-
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥ (ਪੰਨਾ 2)
ਅਰਥ: ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ। ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ) । (ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।6।
ਅੱਗੇ ਜਪੁ ਬਾਣੀ ਵਿਚ ਹੀ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਕਰਮਕਾਂਡਾਂ ਵਿਚ ਫੱਸਣ ਦੀ ਬਜਾਏ, ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰਕੇ ਅਰਥਾਤ ਅਕਾਲਪੁਰਖ ਨਾਲ ਜੁੜ ਕੇ ਚੰਗੀ ਤਰ੍ਹਾਂ ਮਨ ਦੀ ਮੈਲ ਧੋਣੀ ਜ਼ਿਆਦਾ ਜ਼ਰੁਰੀ ਹੈ:-
ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ (ਪੰਨਾ 4)
ਅਰਥ: ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ-(ਇਹਨਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ। (ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ, ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ) ।
ਕਿਉਂਕਿ ‘ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥ ਅਰਥਾਤ ਹੇ ਭਾਈ! ਜੇ ਮਨੁੱਖ ਦਾ ਮਨ (ਵਿਕਾਰਾਂ ਦੀ) ਮੈਲ ਨਾਲ ਭਰਿਆ ਰਹੇ ਤਾਂ ਉਤਨਾ ਚਿਰ ਮਨੁੱਖ ਜੋ ਕੁਝ ਕਰਦਾ ਹੈ ਸਭ ਕੁਝ ਵਿਕਾਰ ਹੀ ਕਰਦਾ ਹੈ, ਸਰੀਰ ਨੂੰ (ਤੀਰਥਾਂ ਆਦਿਕ ਦੇ) ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ। ਪਰ ਇਹ ਸੰਸਾਰ (ਤੀਰਥ-ਇਸ਼ਨਾਨ ਤੋਂ ਮਨ ਦੀ ਪਵਿਤ੍ਰਤਾ ਮਿਲ ਜਾਣ ਦੇ) ਭੁਲੇਖੇ ਵਿਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ। ਕੋਈ ਵਿਰਲਾ ਮਨੁੱਖ (ਇਸ ਸੱਚਾਈ ਨੂੰ) ਸਮਝਦਾ ਹੈ।੧।
ਹੋਰ ਅੱਗੇ ਰਾਮਕਲੀ ਰਾਗ ਵਿਚ, ਅਨੰਦੁ ਸਾਹਿਬ ਵਿਚ, ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਸਿੱਖਿਆ ਦਿੰਦੇ ਹਨ ਕਿ ‘ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥’ ਅਰਥਾਤ ‘(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।’
ਹੁਣ ਆਉਂਦੇ ਹਾਂ ਉਸ ਸ਼ਬਦ ਵੱਲ ਜਿਸ ਦੀ ਤੁਸੀਂ ਵਿਆਖਿਆ ਮੰਗੀ ਹੈ। ਦਾਸ ਦੀ ਸਮਝ ਅਨੁਸਾਰ ਇਸ ਸ਼ਬਦ ਵਿਚ ਗੁਰੂ ਸਾਹਿਬ ਇਹ ਹੀ ਸਮਝਾ ਰਹੇ ਹਨ ਕਿ ਆਪਣੇ ਜੀਵਨ ਨੂੰ ਬਦਲਣ ਦਾ ਉਪਰਾਲਾ ਕਰਨਾ ਹੈ, ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ (ਅਰਥਾਤ ਆਪਣੇ ਮਨ ਨੂੰ ਸ਼ਬਦ ਗੁਰੂ ਦੁਆਰਾ ਦਿੱਤੇ ਗਿਆਨ ਨਾਲ ਧੋ ਕੇ ਅਰਥਾਤ ਆਪਣੇ ਅੰਦਰ ਤੀਰਥ ਬਣਾ ਕੇ ਮਨ ਨੂੰ ਨਿਰਮਲ ਕਰਕੇ) ਸਚਿਆਰ/ਗੁਣਵਾਨ (ਗੁਰਮੁਖ) ਬਣਨਾ ਹੈ ਅਤੇ ਅਕਾਲਪੁਰਖ ਤੇ ਸ਼ਬਦ ਗੁਰੂ (ਸਤਿਗੁਰੂ), ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਉੱਚੀ ਆਤਮਿਕ ਅਵਸਥਾ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ) ਵਿਚ ਪਹੁੰਚਣਾ ਹੈ। ਆਖ਼ਰੀ ਮੰਜ਼ਿਲ ਤਾਂ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਜੀਵਨ ਮੁਕਤ ਹੋਣ ਦੀ ਹੈ।
ਗੁਰੂ ਸਾਹਿਬ ਇਹ ਵੀ ਸਮਝਾ ਰਹੇ ਹਨ ਕਿ ਜਿਹੜੇ ਮਨੁੱਖ ਸ਼ਬਦ ਗੁਰੂ ਦੇ ਉਪਦੇਸ਼ ਤੇ ਨਾਂਹ ਚੱਲ ਕੇ, ਮਾਇਆ ਦੇ ਮੋਹ ਵਿਚ ਫੱਸ ਕੇ, ਆਪਣੇ ਮਨ ਕੋਲੋਂ ਦਿਸ਼ਾ ਲੈਂਦੇ ਹਨ ਅਰਥਾਤ ਮਨਮੁਖ ਬਣਦੇ ਹਨ ਉਹ ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਤੇ ਤੀਰਥ-ਇਸ਼ਨਾਨ ਆਦਿਕ ਦੀ ਟੇਕ ਰੱਖ ਕੇ ਹਰ ਪਲ ਆਤਮਿਕ ਮੌਤ ਮਰਦੇ ਹੋਏ, ਜੂਨਾਂ ਵਿਚ ਪੈਂਦੇ ਹੋਏ, ਠੇਡੇ ਖਾਂਦੇ ਹੋਏ ਹੀ ਜਗਤ ਤੋਂ ਕੂਚ ਕਰ ਜਾਂਦੇ ਹਨ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————–
ਧਨਾਸਰੀ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥ ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥ ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ ਆਪਿ ਪਾਰਸੁ ਪਰਮ ਧਿਆਨੀ ਸਾਚੁ ਸਾਚੇ ਭਾਵਏ ॥ ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥ ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥੨॥ ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥ ਗਾਵੈ ਗਾਵਣਹਾਰੁ ਸਬਦਿ ਸੁਹਾਵਣੋ ॥ ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ ॥ ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ ॥ ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥ ਗਤਿ ਸੰਗਿ ਮੀਤਾ ਸੰਤਸੰਗਤਿ ਕਰਿ ਨਦਰਿ ਮੇਲਿ ਮਿਲਾਇਆ ॥੩॥ ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ ॥ ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ ॥ ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥ ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ ॥ ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥ ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਪੰਨਾ 687-688}
ਅਰਥ: ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ। ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! ਮੈਨੂੰ ਆਪਣਾ ਨਾਮ) ਦੇਹ। ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ।੧।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਫਿਰ ਤੀਰਥ ਆਦਿਕਾਂ ਤੇ ਜਾ ਕੇ) ਕੋਈ ਮੈਲ ਧੋਣ ਦੀ ਲੋੜ ਹੀ ਨਹੀਂ ਪੈਂਦੀ। ਪਰਮਾਤਮਾ ਦੇ ਗੁਣਾਂ ਦਾ ਹਾਰ (ਹਿਰਦੇ ਵਿਚ) ਪ੍ਰੋ ਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ (ਆਪਣੇ ਮਨ ਨੂੰ ਵਿਕਾਰਾਂ ਵਲੋਂ) ਮਾਰ ਲੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਹੋਰਨਾਂ ਨੂੰ ਭੀ) ਪਾਰ ਲੰਘਾ ਲੈਂਦਾ ਹੈ, ਉਹ ਮੁੜ ਜੂਨਾਂ (ਦੇ ਚੱਕਰ) ਵਿਚ ਨਹੀਂ ਆਉਂਦਾ। ਉਹ ਮਨੁੱਖ ਆਪ ਪਾਰਸ ਬਣ ਜਾਂਦਾ ਹੈ, ਬੜੀ ਹੀ ਉੱਚੀ ਸੁਰਤਿ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੀ ਖ਼ੁਸ਼ੀ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਆਪਣੇ (ਸਾਰੇ) ਦੁੱਖ ਪਾਪ ਦੂਰ ਕਰ ਲੈਂਦਾ ਹੈ।
ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ-ਨਾਮ ਪ੍ਰਾਪਤ ਕਰ ਲਿਆ, ਜਿਸ ਨੂੰ ਗੁਰੂ ਨੇ (ਪ੍ਰਭੂ) ਵਿਖਾ ਦਿੱਤਾ, ਉਸ ਦੇ ਸਦਾ-ਥਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ।੨।
ਸਾਧ ਸੰਗਤਿ ਵਿਚ ਮਿੱਤਰ-ਪ੍ਰਭੂ ਦਾ ਮਿਲਾਪ ਹੋ ਜਾਣਾ-ਇਹੀ ਉਹ ਤੀਰਥ-ਇਸ਼ਨਾਨ ਹੈ ਜਿਸ ਵਿਚ ਕੋਈ ਉਕਾਈ ਨਹੀਂ ਰਹਿ ਜਾਂਦੀ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗਾਵਣ-ਜੋਗ ਪ੍ਰਭੂ (ਦੇ ਗੁਣ) ਗਾਂਦਾ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਸਤਿਗੁਰੂ ਨੂੰ (ਜੀਵਨ-ਦਾਤਾ) ਮੰਨ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਦੀ ਮਤਿ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈ; ਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ।
(ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਇੱਕ ਅਕਾਲ ਪੁਰਖ ਨੂੰ ਸਿਮਰ, ਜੋ ਸਦਾ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ ਤੇ (ਜਿਸ ਦੀਆਂ ਦਿੱਤੀਆਂ ਦਾਤਾਂ ਦਿਨੋ ਦਿਨ) ਵਧਦੀਆਂ ਹਨ। ਮਿੱਤਰ-ਪ੍ਰਭੂ ਦੀ ਸੰਗਤਿ ਵਿਚ, ਗੁਰੂ ਸੰਤ ਦੀ ਸੰਗਤਿ ਵਿਚ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਪ੍ਰਭੂ ਮੇਹਰ ਦੀ ਨਜ਼ਰ ਕਰ ਕੇ ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ।੩।
ਹਰੇਕ ਜੀਵ (ਪਰਮਾਤਮਾ ਬਾਰੇ) ਕਥਨ ਕਰਦਾ ਹੈ (ਤੇ ਆਖਦਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ, ਪਰ) ਕੋਈ ਨਹੀਂ ਦੱਸ ਸਕਦਾ ਕਿ ਉਹ ਕੇਡਾ ਵੱਡਾ ਹੈ। (ਮੈਂ ਇਤਨੇ ਜੋਗਾ ਨਹੀਂ ਕਿ ਪਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ) ਮੈਂ (ਤਾਂ) ਮੂਰਖ ਹਾਂ, ਨੀਵੇਂ ਸੁਭਾਵ ਦਾ ਹਾਂ, ਅੰਞਾਣ ਹਾਂ, ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ (ਕੁਝ) ਸਮਝ ਸਕਦਾ ਹਾਂ (ਭਾਵ, ਮੈਂ ਤਾਂ ਉਤਨਾ ਕੁਝ ਹੀ ਮਸਾਂ ਸਮਝ ਸਕਦਾ ਹਾਂ ਜਿਤਨਾ ਗੁਰੂ ਆਪਣੇ ਸ਼ਬਦ ਦੀ ਰਾਹੀਂ ਸਮਝਾਏ) । ਮੇਰਾ ਮਨ ਤਾਂ ਉਸ ਗੁਰ-ਸ਼ਬਦ ਵਿਚ ਹੀ ਪਤੀਜ ਗਿਆ ਹੈ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਜੋ ਆਤਮਕ ਜੀਵਨ ਦੇਣ ਵਾਲਾ ਹੈ।
ਜੇਹੜੇ ਜੀਵ (ਮਾਇਆ-ਮੋਹ ਦੇ) ਜ਼ਹਰ ਨਾਲ ਲੱਦੇ ਹੋਏ ਜਗਤ ਵਿਚ ਆਉਂਦੇ ਹਨ (ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਤੇ ਤੀਰਥ-ਇਸ਼ਨਾਨ ਆਦਿਕ ਦੀ ਟੇਕ ਰੱਖ ਕੇ, ਉਸੇ ਜ਼ਹਰ ਨਾਲ ਲੱਦੇ ਹੋਏ ਹੀ ਜਗਤ ਤੋਂ) ਕੂਚ ਕਰ ਜਾਂਦੇ ਹਨ, ਪਰ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਦੇ ਹਨ, ਉਹਨਾਂ ਨੂੰ ਮੇਰਾ ਗੁਰੂ ਉਸ ਜ਼ਹਰ ਦੇ ਭਾਰ ਤੋਂ ਬਚਾ ਲੈਂਦਾ ਹੈ।
(ਪਰਮਾਤਮਾ ਦੇ ਗੁਣ ਬੇਅੰਤ ਹਨ, ਗੁਣ) ਬਿਆਨ ਕਰਨ ਨਾਲ ਮੁੱਕਦੇ ਨਹੀਂ, (ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ, ਜੀਵਾਂ ਨੂੰ ਭਗਤੀ ਦੀ ਦਾਤਿ ਵੰਡਿਆਂ) ਭਗਤੀ ਦੇ ਖ਼ਜ਼ਾਨਿਆਂ ਵਿਚ ਕੋਈ ਕਮੀ ਨਹੀਂ ਹੁੰਦੀ, (ਪਰ ਭਗਤੀ ਕਰਨ ਨਾਲ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਮਨੁੱਖ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਹੀ ਹਰ ਥਾਂ ਵਿਆਪਕ ਹੈ। ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਦਰ ਤੇ ਅਰਦਾਸਾਂ ਕਰਦਾ ਹੈ (ਤੇ ਇਸ ਤਰ੍ਹਾਂ) ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਸਾਫ਼ ਕਰ ਲੈਂਦਾ ਹੈ ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਤੀਰਥ-ਇਸ਼ਨਾਨਾਂ ਨਾਲ ਇਹ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ) ।੪।੧।
ਬਾਨੀ ਕੌਰ ਜੀ, ਦਾਸ ਰਾਮਕਲੀ ਰਾਗ ਵਿਚ ਹੀ, ਆਨੰਦੁ ਸਾਹਿਬ ਵਿਚ, ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦੀ ਸਿੱਖਿਆ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹੈ ਜਿਸ ਵਿਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜਿਹੜੇ ਮਨੁੱਖ ਮਨੋਂ ਵਿਕਾਰੀ ਹੋਣ ਤਾਂ ਸਮਝੋ ਕਿ ਉਨ੍ਹਾਂ ਨੇ ਆਪਣੇ ਜਨਮ ਨੂੰ ਗੰਵਾ ਦਿਤਾ ਹੈ ਪਰ ਜਿਨ੍ਹਾਂ ਨੇ ਸ਼ਬਦ ਗੁਰੂ ਦੀ ਸਿੱਖਿਆ ਤੇ ਚੱਲ ਕੇ ਆਪਣੇ ਮਨ ਨੂੰ ਨਿਰਮਲ ਕਰ ਲਿਆ ਹੈ, ਉਨ੍ਹਾਂ ਨੂੰ ਕਾਮਯਾਬ ਸਮਝੋ:-
ਜੀਅਹੁ ਮੈਲੇ ਬਾਹਰਹੁ ਨਿਰਮਲ ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥ ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥ ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥ {ਪੰਨਾ 919}
ਅਰਥ: (ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ। ਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਆਉਂਦਾ ਹੈ। (ਉਹਨਾਂ ਨੂੰ ਅੰਦਰੋ-ਅੰਦਰ) ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, (ਮਾਇਆ ਦੇ ਲਾਲਚ ਵਿਚ) ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ। (ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ) ।
ਨਾਨਕ ਆਖਦਾ ਹੈ– ਜਿਨ੍ਹਾਂ ਨੇ ਪਰਮਾਤਮਾ ਦਾ ਨਾਮ (-ਸਿਮਰਨ) ਛੱਡਿਆ ਹੋਇਆ ਹੈ, ਤੇ ਜੋ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ, ਉਹਨਾਂ ਆਪਣੀ ਜੀਵਨ-ਖੇਡ ਜੂਏ ਵਿਚ ਹਾਰ ਲਈ ਸਮਝੋ।
ਭਾਵ: ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਨਾਲ ਮਨ ਦੀ ਵਿਕਾਰਾਂ ਦੀ ਮੈਲ ਟਿਕੀ ਰਹਿੰਦੀ ਹੈ, ਮਨ ਨੂੰ ਮਾਇਆ ਦੇ ਮੋਹ ਦਾ ਰੋਗ ਚੰਬੜਿਆ ਰਹਿੰਦਾ ਹੈ। ਜਿੱਥੇ ਰੋਗ ਹੈ ਉਥੇ ਆਨੰਦ ਕਿੱਥੇ? ਸੋ, ਸਦਾ ਹਰਿ-ਨਾਮ ਸਿਮਰਦੇ ਰਹੋ। ਇਹੀ ਹੈ ਮਨ ਦੀ ਅਰੋਗਤਾ ਦਾ ਵਸੀਲਾ, ਤੇ ਆਤਮਕ ਆਨੰਦ ਦੇਣ ਵਾਲਾ।
———–
ਜੀਅਹੁ ਨਿਰਮਲ ਬਾਹਰਹੁ ਨਿਰਮਲ ॥ ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥ ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥ ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥ ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥ {ਪੰਨਾ 919}
ਅਰਥ: ਜੋ ਬੰਦੇ (ਆਚਰਨ-ਉਸਾਰੀ ਦੀ) ਉਹ ਕਮਾਈ ਕਰਦੇ ਹਨ ਜਿਸ ਦੀ ਹਿਦਾਇਤ ਗੁਰੂ ਤੋਂ ਮਿਲਦੀ ਹੈ, ਉਹ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ (ਭਾਵ, ਉਹਨਾਂ ਦਾ ਜਗਤ ਨਾਲ ਵਰਤਾਰਾ ਭੀ ਸੁਚੱਜਾ ਹੁੰਦਾ ਹੈ) , ਉਹ ਬਾਹਰੋਂ ਭੀ ਪਵਿਤ੍ਰ ਤੇ ਅੰਦਰੋਂ ਭੀ ਸੁੱਚੇ ਰਹਿੰਦੇ ਹਨ। ਉਹਨਾਂ ਦੇ ਮਨ ਦਾ ਮਾਇਕ ਫੁਰਨਾ ਸਿਮਰਨ ਵਿਚ ਹੀ ਮੁੱਕ ਜਾਂਦਾ ਹੈ, (ਉਹਨਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣਦਾ ਹੈ ਕਿ) ਮਾਇਆ ਦੇ ਮੋਹ ਦੀ ਖ਼ਬਰ ਤਕ ਉਹਨਾਂ ਦੇ ਮਨ ਤਕ ਨਹੀਂ ਪਹੁੰਚਦੀ।
(ਜੀਵ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਏ ਹਨ) ਉਹੀ ਜੀਵ-ਵਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ-ਕਮਾਈ ਕਰ ਕੇ) ਸ੍ਰੇਸ਼ਟ ਮਨੁੱਖਾ ਜਨਮ ਸਫਲਾ ਕਰ ਲਿਆ।
ਨਾਨਕ ਆਖਦਾ ਹੈ– ਜਿਨ੍ਹਾਂ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ) ਉਹ (ਅੰਤਰ ਆਤਮੇ) ਸਦਾ ਗੁਰੂ ਦੇ ਚਰਨਾਂ ਵਿਚ ਰਹਿੰਦੇ ਹਨ। 20।
ਭਾਵ: ਮਨੁੱਖ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਉਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਮਾਇਆ ਦਾ ਮੋਹ ਉਸ ਦੇ ਨੇੜੇ ਨਹੀਂ ਢੁਕਦਾ। ਉਸ ਦਾ ਮਨ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਬਾਹਰ ਦੁਨੀਆ ਨਾਲ ਭੀ ਉਸ ਦਾ ਵਰਤਾਰਾ ਸੁਚੱਜਾ ਹੁੰਦਾ ਹੈ। ਉਸ ਦੀ ਜ਼ਿੰਦਗੀ ਕਾਮਯਾਬ ਸਮਝੋ।
Dhanwaad Ji