What does this pangti, 'ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰ ਦੀਜੈ ਡਾਰਿ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ॥' from Gurbani mean?
What does this pangti, 'ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰ ਦੀਜੈ ਡਾਰਿ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ॥' from Gurbani mean?
Share
ਸਤਿਕਾਰ ਯੋਗ ਹੈਪੀ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਦੇ ਸਲੋਕ, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 89 ਤੇ ਸੁਸ਼ੋਭਿਤ ਹੈ, ਦਾ ਮੂਲ ਪਾਠ ਤੇ ਅਰਥ ਹੇਠਾਂ ਦੇ ਰਿਹਾ ਹੈ:-
ਸਲੋਕ ਮਃ ੨ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥ {ਪੰਨਾ 89}
ਪਦ ਅਰਥ: ਡਾਰਿ ਦੀਜੈ = ਸੁੱਟ ਦੇਈਏ। ਬਿਰਹਾ = ਪਿਆਰ ਦੀ ਖਿੱਚ।
ਅਰਥ: ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ) । ਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ) ।1।
ਦਾਸ ਦੀ ਸਮਝ ਅਨੁਸਾਰ ਗੁਰੂ ਸਾਹਿਬ ਦੀ ਸਿੱਖਿਆ ਹੈ ਕਿ ਜਿਸ ਮਨੁੱਖ ਵਿਚ ਹਉਮੈ ਹੈ ਅਰਥਾਤ ਪਿਆਰ ਨਹੀਂ ਹੈ, ਉਸ ਦੇ ਜੀਵਨ ਦਾ ਕੋਈ ਅਰਥ ਨਹੀਂ ਹੈ। ਬਿਲਕੁਲ ਇਹੋ ਵਿਚਾਰ ਸ਼ੇਖ ਫ਼ਰੀਦ ਜੀ ਦੇ ਹੇਠਾਂ ਦਿੱਤੇ ਦੋ ਸਲੋਕਾਂ (ਦੋਨਾਂ ਸਲੋਕਾਂ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ), ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1381 ਤੇ ਸੁਸ਼ੋਭਿਤ ਹਨ, ਵਿਚ ਦੇਖੇ ਜਾ ਸਕਦੇ ਹਨ:-
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥ {ਪੰਨਾ 1381}
ਅਰਥ: ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ। ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀ ਹੀਣ ਬੰਦੇ ਦਾ ਜੀਊਣਾ ਕਿਸ ਅਰਥ?) । 71।
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥ ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥ {ਪੰਨਾ 1381}
ਅਰਥ: ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ। ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) । 72।
ਗੁਰਬਾਣੀ ਵਿਚ ਹਉਮੈ ਨੂੰ ਦੀਰਘ (ਵੱਡਾ) ਰੋਗ ਦੱਸਿਆ ਗਿਆ ਹੈ ਤੇ ਦੂਸਰੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ, ਹੇਠ ਲਿੱਖੇ ਸਲੋਕ ਵਿਚ, ਇਸ ਵੱਡੇ ਰੋਗ ਤੇ ਉਸ ਤੋਂ ਪੈਦਾ ਹੋਣ ਵਾਲੇ ਦੁੱਖਾਂ ਦਾ ਇਲਾਜ, ਪ੍ਰਭੂ ਦੀ ਕ੍ਰਿਪਾ ਸਦਕਾ, ਗੁਰੂ ਸ਼ਬਦ ਕਮਾਉਣਾ, ਅਰਥਾਤ ਗੁਰਬਾਣੀ ਦੀ ਸਿੱਖਿਆ ਤੇ ਚੱਲਣਾ ਸਮਝਾ ਰਹੇ ਹਨ:-
ਮਹਲਾ ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}
ਅਰਥ: ‘ਹਉਮੈ’ ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ। ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ) ।
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ।2।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ