“The goal of human life is to break the cycle of birth’s and deaths and merge with God.”.
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
“The goal of human life is to break the cycle of birth’s and deaths and merge with God.”.
ਸਤਿਕਾਰ ਯੋਗ ਹਰਨੂਰ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਗੁਰਬਾਣੀ ਅਨੁਸਾਰ ਕਿਵੇਂ ਆਵਾਗਉਣ ਦੇ ਚੱਕਰ ਵਿਚੋਂ ਨਿਕਲ ਕੇ ਇਸੇ ਮਨੁੱਖਾ ਜੀਵਨ ਵਿਚ ਪਰਮਾਤਮਾ ਨਾਲ ਇੱਕ-ਮਿੱਕ ਹੋਣ ਦਾ ਨਿਸ਼ਾਨਾ ਕਿਵੇਂ ਪ੍ਰਾਪਤ ਕਰਨਾ ਹੈ?
ਦਾਸ ਦੀ ਸਮਝ ਅਨੁਸਾਰ, ਗੁਰਬਾਣੀ ਇੱਕ ਜੀਵਨ ਜਾਚ ਸਿਖਾਉਂਦੀ ਹੈ, ਜਿਸ ਤੇ ਚੱਲ ਕੇ ਮਨੁੱਖ/ਸਿੱਖ ਇਸੇ ਜਨਮ ਜਾਂ ਜੀਵਨ ਵਿਚ ਜੀਵਨ ਮੁਕਤ ਹੋ ਸਕਦਾ ਹੈ ਜੋ ਕਿ ਹੋਰ ਕੋਈ ਧਰਮ ਨਹੀਂ ਸਿਖਾਉਂਦਾ।
ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਹੋਇਆ, ਸਾਰੰਗ ਰਾਗ ਵਿਚ ਇਕ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1219 ਤੇ ਸੁਸ਼ੋਭਿਤ ਹੈ, ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ। ਪੰਜਵੇਂ ਗੁਰੂ ਸਰੀਰ ਉਪਦੇਸ਼ ਦੇ ਰਹੇ ਹਨ ਕਿ ਜਗਤ ਵਿਚ ਜੀਵ ਦੇ ਆਉਣ ਦਾ ਅਸਲ ਮਨੋਰਥ ਹੀ ਬਾਣੀ ਪੜ੍ਹਨਾ ਤੇ ਸੁਣਨਾ ਅਰਥਾਤ ਪਰਮਾਤਮਾ ਦੀ ਸਿਫ਼ਤ ਸਲਾਹ ਸੁਣਨਾ ਤੇ ਪੜ੍ਹਨਾ ਹੁੰਦਾ ਹੈ ਤੇ ਜੇ ਸਿੱਖ/ਮਨੁੱਖ ਇਹ ਨਾਂਹ ਕਰੇ ਤਾਂ ਉਹ ਹੋਰ ਲਾਲਚਾਂ ਵਿਚ ਲੱਗ ਜਾਂਦਾ ਹੈ ਤਾਂ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਇਸ ਲਈ ਹਰ ਮਨੁੱਖ/ ਸਿੱਖ ਨੇ ਇਹ ਵਿਚਾਰ ਕਰਨੀ ਹੈ ਕਿ ਕੀ ਉਸ ਨੇ ਆਪਣਾ ਹੀਰੇ ਜੈਸਾ ਜਨਮ ਵਿਸ਼ੇ-ਵਿਕਾਰਾਂ ਵਿਚ ਲੱਗ ਕੇ ਗਵਾਉਣਾ ਹੈ ਜਾਂ ਉਸ ਨੂੰ ਸਫ਼ਲ ਕਰਨਾ ਹੈ?
ਅੱਗਲਾ ਜਤਨ ਬਾਣੀ ਦੁਆਰਾ ਦਿੱਤੀ ਗਈ ਸਿੱਖਿਆ ਤੇ ਚੱਲ ਕੇ ਵਿਸ਼ੇ-ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਹੋਣਾ ਹੈ ਤਾਂ ਜੋ ਮਨੁੱਖ/ਸਿੱਖ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ ਤੇ ਜੀਵਨ ਮੁਕਤ ਹੋ ਜਾਵੇ।
ਦਾਸ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ (ਅਰਥ), ਦਸ ਪੋਥੀਆਂ ਵਿਚ ਕਰਨ ਤੋਂ ਬਾਅਦ ਦਸਵੀਂ ਪੋਥੀ ਵਿਚ ਆਪਣੀ ਸਮਝ ਅਨੁਸਾਰ ਇੱਕ ਗੁਰਮਤਿ ਸਿਧਾਂਤ ਲਿਖਿਆ ਜਿਸ ਦਾ ਸਿਰਲੇਖ ਹੈ ‘ਕਿਵ ਕੂੜੈ ਤੁਟੈ ਪਾਲਿ’। ਪ੍ਰੋਫੈਸਰ ਸਾਹਿਬ ਅਨੁਸਾਰ ਪੂਰਾ ਗੁਰੁ ਗ੍ਰੰਥ ਸਾਹਿਬ ਇਸ ਪੰਗਤੀ ‘ਕਿਵ ਕੂੜੈ ਤੁਟੈ ਪਾਲਿ’ ਦੀ ਵਿਆਖਿਆ ਹੈ।
ਇਸ ਗੁਰਮਤਿ ਸਿਧਾਂਤ ਦੇ ਅੰਤ ਵਿਚ ਦਿੱਤੀ ਸੰਖੇਪ ਜਿਹੀ ਵਿਚਾਰ ‘ਗੁਰਮਤਿ ਦੀ ਪਟੜੀ’, ਜੋ ਦਾਸ ਦੀ ਸਮਝ ਅਨੁਸਾਰ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਨਿਚੋੜ ਹੈ, ਹੇਠਾਂ ਦੇ ਰਿਹਾ ਹਾਂ ਜਿਸ ਨੂੰ ਧਿਆਨ ਨਾਲ ਪੜ੍ਹਨ ਤੇ ਇਸ ਉੱਪਰ ਚੱਲਣ ਦੀ ਲੋੜ ਹੈ:-
“ਗੁਰਮਤਿ ਦੀ ਪਟੜੀ”
“ਗ੍ਰਿਹਸਤ ਵਿਚ ਰਹਿੰਦਿਆਂ, ਕਿਰਤ-ਕਾਰ ਕਰਦਿਆਂ ਮਨੁੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਯਾਦ ਵਿਚ ਨਿੱਤ ਜੁੜਨਾ ਹੈ। ਕਿਰਤ-ਕਾਰ ਵਿਚ ਕਮਾਈ ਸਦਾ ਹੱਕ ਦੀ ਕਰਨੀ ਹੈ, ਤੇ, ਉਸ ਵਿਚ ਲੋੜਵੰਦਿਆਂ ਦੀ ਸੇਵਾ ਭੀ ਕਰਦੇ ਰਹਿਣਾ ਹੈ, ਸੇਵਾ ਭੀ ਕਰਨੀ ਹੈ ਨਿਰਮਾਣ ਰਹਿ ਕੇ। ਦਿਨ ਵੇਲੇ ਭੀ ਜਦੋਂ ਸਬੱਬ ਬਣੇ, ਭਲੇ ਮਨੁੱਖਾਂ ਦੀ ਸੁਹਬਤ ਕਰਨੀ ਹੈ। ਕੁਸੰਗ ਤੋਂ ਬਚਣਾ ਹੈ। ਕਿਸੇ ਨੂੰ ਕੋਈ ਤਕਲੀਫ਼ ਦੇਣੀ ਜਾਂ ਕਿਸੇ ਦਾ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਦਾ ਦਿਲ ਭੀ ਕਦੇ ਕੋਈ ਖਰ੍ਹਵਾ ਬੋਲ ਵਰਤ ਕੇ ਨਹੀਂ ਦੁਖਾਣਾ। ਦੂਜੇ ਵਲੋਂ ਹੋਈ ਵਧੀਕੀ ਨੂੰ ਜਰਨਾ ਹੈ, ਬੁਰਾਈ ਕਰਨ ਵਾਲੇ ਭੀ ਭਲਾਈ ਹੀ ਕਰਨੀ ਹੈ। ਪਰਮਾਤਮਾ ਦੀ ਯਾਦ ਦੀ ਇਤਨੀ ਆਦਤ ਪਕਾਣੀ ਹੈ ਕਿ ਤੁਰਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਇਹ ਯਾਦ ਮਨ ਵਿਚ ਟਿਕੀ ਰਹੇ। ਇਸ ਯਾਦ ਦੀ ਬਰਕਤਿ ਨਾਲ ਮਨ ਨੂੰ ਸਦਾ ਵਿਕਾਰਾਂ ਵਲੋਂ ਰੋਕਦੇ ਰਹਿਣਾ ਹੈ। ਇਸ ਤਰ੍ਹਾਂ ਅੰਦਰ ਪੁਰਾਣੇ ਟਿਕੇ ਹੋਏ ਭੈੜੇ ਸੰਸਕਾਰ ਸਹਜੇ ਸਹਜੇ ਮਿਟਦੇ ਮਿਟਦੇ ਉੱਕਾ ਹੀ ਮਿਟ ਜਾਣਗੇ, ਆਚਰਨ ਇਤਨਾ ਉੱਚਾ ਹੋ ਜਾਏਗਾ ਕਿ ਜੀਵਾਤਮਾ ਤੇ ਪਰਮਾਤਮਾ ਇਕ-ਰੂਪ ਹੋ ਜਾਏਗਾ। ਬੱਸ! ਇਹ ਹੀ ਹੈ ਮੁਕਤੀ। ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ। ਜਿਹੜਾ ਮਨੁੱਖ ਇਸ ਅਵਸਥਾ ਤੇ ਅੱਪੜ ਗਿਆ, ਉਸ ਦੀ ਪਰਮਾਤਮਾ ਨਾਲੋਂ ਵਿੱਥ ਮੁਕ ਗਈ। ਉਸ ਨੂੰ ਆਪਣੇ ਅੰਦਰ ਤੇ ਬਾਹਰ ਹਰ ਥਾਂ ਹਰੇਕ ਜੀਵ ਵਿਚ ਉਹ ਸਿਰਜਣਹਾਰ ਪ੍ਰਭੂ ਹੀ ਦਿੱਸ ਪਿਆ। ਉਹ ਕਦੇ ਲੁਕ ਕੇ ਭੀ ਕੋਈ ਵਿਕਾਰ ਨਹੀਂ ਕਰ ਸਕਦਾ। ਲੁਕੇ ਕਿਸ ਤੋਂ? ਵੇਖਣ ਵਾਲਾ ਤਾਂ ਉਸ ਨੂੰ ਆਪਣੇ ਹੀ ਅੰਦਰ ਬੈਠਾ ਪ੍ਰਤੱਖ ਦਿੱਸਦਾ ਹੈ। ਸੁਖ ਆਵੇ ਚਾਹੇ ਦੁੱਖ ਆਵੇ, ਉਸ ਨੂੰ ਸਭ ਪਰਮਾਤਮਾ ਦੀ ਰਜ਼ਾ ਵਿਚ ਆਇਆ ਦਿੱਸਦਾ ਹੈ, ਤੇ ਰਜ਼ਾ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ।
ਜੀਵਨ -ਸਫਰ ਦੀ ਇਸ ਪਟੜੀ ਉਤੇ ਮਨੁੱਖ ਨੂੰ ਗੁਰੂ ਤੋਰਦਾ ਹੈ, ਆਪਣੇ ਉਪਦੇਸ਼ ਦੀ ਰਾਹੀਂ, ਆਪਣੀ ਬਾਣੀ ਦੀ ਰਾਹੀਂ, ਆਪਣੇ ਜੀਵਨ-ਪੂਰਨਿਆਂ ਦੀ ਰਾਹੀਂ। ਤੇ, ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ।”
ਦਾਸ ਦੀ ਸਮਝ ਅਨੁਸਾਰ, ਜੇ ਮਨੁੱਖ/ਸਿੱਖ ਗੁਰੂ ਗ੍ਰੰਥ ਸਾਹਿਬ ਦੀ ਉੱਪਰ ਦਿੱਤੀ ਸੰਖੇਪ ਜਿਹੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਏ ਤਾਂ ਉਹ ਜੀਵਨ ਮੁਕਤ ਹੋ ਸਕਦਾ ਹੈ ਅਰਥਾਤ ਪਰਮਾਤਮਾ ਨਾਲ ਇੱਕ-ਮਿੱਕ ਹੋ ਸਕਦਾ ਹੈ। ਇਹ ਹੀ ਗੁਰਬਾਣੀ ਦੀ ਸਭ ਤੋਂ ਵੱਡੀ ਸ਼ਕਤੀ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
——————————–
ਸਾਰਗ ਮਹਲਾ ੫ ॥ ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ ਉਦਮੁ ਸਕਤਿ ਸਿਆਣਪ ਤੁਮ੍ਹ੍ਹਰੀ ਦੇਹਿ ਤ ਨਾਮੁ ਵਖਾਣੀ ॥ ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥ {ਪੰਨਾ 1219}
ਅਰਥ: ਹੇ ਭਾਈ! (ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ) । ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ।1। ਰਹਾਉ।
ਹੇ ਮੇਰੇ ਗ਼ਾਫ਼ਿਲ ਮਨ! ਹੋਸ਼ ਕਰ, ਅਕੱਥ ਪ੍ਰਭੂ ਦੀ ਜਿਹੜੀ ਸਿਫ਼ਤਿ-ਸਾਲਾਹ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ। ਹੇ ਭਾਈ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ, ਇਹ ਲਾਭ ਖੱਟੋ। (ਇਸ ਖੱਟੀ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।1।
ਹੇ ਨਾਨਕ! (ਆਖ-) ਹੇ ਪ੍ਰਭੂ! ਤੇਰਾ ਹੀ ਦਿੱਤਾ ਉੱਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ (ਅਸੀਂ ਜੀਵ ਵਰਤ ਸਕਦੇ ਹਾਂ) , ਜੇ ਤੂੰ (ਉੱਦਮ ਸ਼ਕਤੀ ਸਿਆਣਪ) ਦੇਵੇਂ, ਤਾਂ ਹੀ ਮੈਂ ਨਾਮ ਜਪ ਸਕਦਾ ਹਾਂ। ਹੇ ਭਾਈ! ਉਹੀ ਮਨੁੱਖ ਭਗਤ (ਬਣ ਸਕਦੇ ਹਨ) ਉਹੀ ਪਰਮਾਤਮਾ ਦੀ ਭਗਤੀ ਵਿਚ ਲੱਗ ਸਕਦੇ ਹਨ, ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ।2। 56। 79।