m
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
m
ਸਤਿਕਾਰ ਯੋਗ ਭੈਣ ਜਗਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਸੁਪਨੇ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਸਿੱਖੀ (ਗੁਰਮਤਿ) ਵਿੱਚ ਇਸ ਸੰਸਾਰ ਨੂੰ ਇੱਕ ‘ਸੁਪਨਾ’ (ਝੂਠੀ ਖੇਡ ਜਾਂ ਮਾਇਆ) ਮੰਨਿਆ ਗਿਆ ਹੈ ਜੋ ਸਦਾ ਲਈ ਸਥਿਰ ਨਹੀਂ ਹੈ। ਸ਼ਬਦ ਗੁਰੂ ਅਨੁਸਾਰ, ਅਸਲੀ ਜਾਗਰੂਕਤਾ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸੱਚਿਆਰ/ਗੁਣਵਾਨ (ਗੁਰਮੁਖ ਬਣ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਵਿੱਚ ਹੈ। ਦੁਨੀਆਵੀ ਮੋਹ-ਮਾਇਆ ਵਿੱਚ ਫਸਣਾ ਸੁਪਨੇ ਵਾਂਗ ਹੀ ਹੈ, ਜਿਸ ਤੋਂ ਸ਼ਬਦ ਗੁਰੂ ਦੇ ਗਿਆਨ ਦੁਆਰਾ ਹੀ ਜਾਗਿਆ ਜਾ ਸਕਦਾ ਹੈ।
ਸ਼ਬਦ ਗੁਰੂ ਅਨੁਸਾਰ ਸੰਸਾਰ ਦੀ ਅਸਲੀਅਤ, ਰਾਤ ਦੇ ਸੁਪਨੇ ਵਾਂਗ ਅਸਥਾਈ ਅਤੇ ਮਿਥਿਆ ਹੈ। ਜਿਵੇਂ ਸੁਪਨੇ ਵਿੱਚ ਮਿਲੇ ਪਦਾਰਥ ਜਾਗਣ ‘ਤੇ ਖਤਮ ਹੋ ਜਾਂਦੇ ਹਨ, ਉਵੇਂ ਹੀ ਇਹ ਸੰਸਾਰ ਵੀ ਨਾਸ਼ਵਾਨ ਹੈ:
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥ ਅਰਥਾਤ ਹੇ ਨਾਨਕ! (ਆਖ– ਹੇ ਭਾਈ!) ਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ। ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ।23।।
ਮਨੁੱਖ ਇਸ ਸੁਪਨਮਈ ਦੁਨੀਆ ਦੇ ਮੋਹ ਵਿੱਚ ਉਲਝਿਆ ਰਹਿੰਦਾ ਹੈ। ਇਸੇ ਭੁਲੇਖੇ ਨੂੰ ਗੁਰਬਾਣੀ ਵਿੱਚ ‘ਸੁਪਨਾ’ ਕਿਹਾ ਗਿਆ ਹੈ:
ਸੂਹੀ ਮਹਲਾ ੫ ॥ ਕਵਨ ਕਾਜ ਮਾਇਆ ਵਡਿਆਈ ॥ ਜਾ ਕਉ ਬਿਨਸਤ ਬਾਰ ਨ ਕਾਈ ॥੧॥ ਇਹੁ ਸੁਪਨਾ ਸੋਵਤ ਨਹੀ ਜਾਨੈ ॥ ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥ ਅਰਥਾਤ ਹੇ ਭਾਈ! ਇਹ (ਜਗਤ ਇਉਂ ਹੈ, ਜਿਵੇਂ) ਸੁਪਨਾ (ਹੁੰਦਾ) ਹੈ, (ਸੁਪਨੇ ਵਿਚ) ਸੁੱਤਾ ਹੋਇਆ ਮਨੁੱਖ (ਇਹ) ਨਹੀਂ ਜਾਣਦਾ (ਕਿ ਮੈਂ ਸੁੱਤਾ ਪਿਆ ਹਾਂ, ਤੇ ਸੁਪਨਾ ਵੇਖ ਰਿਹਾ ਹਾਂ। ਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ ਗ਼ਾਫ਼ਲ ਹਾਲਤ ਵਿਚ (ਜਗਤ ਦੇ ਮੋਹ ਨਾਲ) ਚੰਬੜਿਆ ਰਹਿੰਦਾ ਹੈ।੧।ਰਹਾਉ।
ਗੁਰਮਤਿ ਦਾ ਉਦੇਸ਼ ਇਸ ਸੁਪਨੇ ਵਿੱਚੋਂ ਬਾਹਰ ਆ ਕੇ ਅਕਾਲਪੁਰਖ ਤੇ ਸ਼ਬਦ ਗੁਰੂ ਨਾਲ ਜੁੜਨਾ ਹੈ। ਜੇ ਸੁਪਨੇ ਵਿਚ ਵੀ ਅਕਾਲਪੁਰਖ ਤੇ ਸ਼ਬਦ ਗੁਰੂ ਨਾਲ ਜੁੜ ਸਕੀਏ ਤਾਂ ਭਲਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਫੁਰਮਾਨ ਹੈ:
ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ।। ਅਰਥਾਤ (ਹੇ ਭਾਈ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ। (ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ।੧।ਰਹਾਉ।
ਇਸ ਸਾਰੀ ਸਿੱਖਿਆ ਦੀ ਤੱਤ ਇਹ ਹੈ ਕਿ ਜਾਗਦੇ ਰਹਿਣਾ ਹੈ ਤੇ ਸੁਪਨੇ ਵਿਚ ਵੀ ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ ਸੱਚਿਆਰ/ਗੁਣਵਾਨ (ਗੁਰਮੁਖ) ਬਣ ਕੇ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣਾ ਹੈ ਅਤੇ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣਾ ਹੈ ਕਿਉਂਕਿ ਸਿੱਖੀ ਵਿਚ ਮਰਨ ਤੋਂ ਬਾਅਦ ਮੁਕਤੀ ਦਾ ਕੋਈ ਸਿਧਾਂਤ ਨਹੀਂ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਤੁਹਾਡਾ ਵੀਰ
According to my understanding, the dreams that we see while sleeping have no meaning in Sikhi. Scientifically, it is our subconscious mind working while we are sleeping.