Do Sikhs have permission to wear jewelry? Historical images depict Sikhs in the 19th and early 20th centuries adorned with jewelry, so why is its use discouraged in contemporary times?
Do Sikhs have permission to wear jewelry? Historical images depict Sikhs in the 19th and early 20th centuries adorned with jewelry, so why is its use discouraged in contemporary times?
Share
Sikhism does not prohibit anything. It is personal choice.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਵਿਦਵਾਨ ਭੈਣ ਰਮਨੀਤ ਕੌਰ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਸਿੱਖੀ ਵਿਚ ਸ਼ਿੰਗਾਰ ਕਰਣ ਲਈ ਗਹਿਣੇ ਪਹਿਨਣ ਵਿਚ ਕੋਈ ਮਨਾਹੀ ਨਹੀਂ ਹੈ ਅਤੇ ਆਪਣਾ ਫ਼ੈਸਲਾ ਲੈਣ ਦੀ ਪੂਰੀ ਅਜ਼ਾਦੀ ਹੈ।
ਪਰ ਗੁਰਬਾਣੀ ਮਨੁੱਖ ਨੂੰ ਕਿਹੋ ਜਿਹਾ ਸ਼ਿੰਗਾਰ ਕਰਨ ਦਾ ਉਪਦੇਸ਼ ਦਿੰਦੀ ਹੈ, ਉਹ ਤੁਸੀਂ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੇ ਆਸਾ ਰਾਗ ਵਿਚ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 400 ਤੇ ਸੁਸ਼ੋਭਿਤ ਹੈ, ਵਿਚ ਦੇਖ ਸਕਦੇ ਹੋ। ਸ਼ਬਦ ਦਾ ਮੂਲ ਪਾਠ ਤੇ ਅਰਥ, ਤੁਹਾਡੇ ਵਿਚਾਰ ਵਾਸਤੇ ਹੇਠਾਂ ਦਿੱਤੇ ਹਨ ਜੀ।
ਤੁਸੀਂ ਦੇਖ ਸਕਦੇ ਹੋ ਕਿ ਗੁਰਬਾਣੀ, ਅਕਾਲਪੁਰਖ ਦੇ ਰੰਗ ਵਿਚ ਆਪਣੇ ਮਨ ਨੂੰ ਰੰਗ ਕੇ, ਸੁੰਦਰ ਬਣਾਉਣ ਦੀ ਸਿੱਖਿਆ ਦੇ ਰਹੀ ਹੈ ਅਰਥਾਤ ਹਮੇਸ਼ਾਂ, ਅਕਾਲਪੁਰਖ ਦੇ ਹੁਕਮ ਵਿਚ ਰਹਿ ਕੇ, ਆਪਣੇ ਆਤਮਿਕ ਜੀਵਨ ਨੂੰ ਉੱਚਾ ਚੁੱਕਣ ਲਈ ਸ਼ਿੰਗਾਰ ਕਿਵੇਂ ਕਰਨਾ ਹੈ, ਇਹ ਸਿਖਾ ਰਹੀ ਹੈ।
ਸਨਿਮਰਤਾ ਸਹਿਤ ਬੇਨਤੀ ਹੈ ਕਿ ਸਰੀਰ ਦਾ ਸ਼ਿੰਗਾਰ ਕਰਨ ਦੇ ਨਾਲ ਨਾਲ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਪੱਲੇ ਬੰਨ੍ਹ ਕੇ, ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਲਈ ਉਪਰਾਲਾ ਕਰੋ ਤਾਂ ਜੋ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ ਮਨੁੱਖ ਬਣ ਕੇ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਉੱਚੀ ਆਤਮਿਕ ਅਵਸਥਾ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ) ਤੇ ਪਹੁੰਚ ਸਕੋ ਤੇ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣ ਦੀ ਆਖ਼ਰੀ ਮੰਜ਼ਿਲ ਨੂੰ ਪ੍ਰਾਪਤ ਕਰ ਸਕੋ।
ਅਕਾਲਪੁਰਖ ਮਿਹਰ ਕਰਣ! ਇਹ ਹੀ ਅਰਦਾਸ ਹੈ ਜੀ!
ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਰਹਿ ਗਈ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————
ਆਸਾ ਮਹਲਾ ੫ ॥ ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥ ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥ ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥ ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥ ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥ ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥ ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥ {ਪੰਨਾ 400}
ਅਰਥ: ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ, ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ) , ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ।1। ਰਹਾਉ।
ਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ = ਬੱਸ! ਇਹ ਕਰਤੱਬ ਸਿੱਖ, ਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ।1।
ਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ– ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ। ਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ– (ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ।2।
ਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ। ਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ।3।
ਹੇ ਨਾਨਕ! (ਆਖ–) ਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ। ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ।4। 16। 118।