ਕੀ ਸਿੱਖਾਂ ਲਈ ਕੋਈ ਵਿਸ਼ੇਸ਼ ਦਿਨ ਹਨ ਜਿਨ੍ਹਾਂ 'ਤੇ ਉਹ ਖਾਣ-ਪੀਣ ਜਾਂ ਪਰਹੇਜ਼ ਕਰਦੇ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
For Sikhs all days are pious and there are no restrictions for any specific days.
ਸਤਿਕਾਰ ਯੋਗ ਕਰਿਸ਼ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਤੁਹਾਡਾ ਧਿਆਨ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ ਰਾਮਕਲੀ ਰਾਗ ਵਿਚ ਉਚਾਰੀ ਬਾਣੀ ਦੀ ਇੱਕ ਤੁੱਕ ਤੇ ਉਸ ਦੇ ਅਰਥ ਹੇਠਾਂ ਦੇ ਰਿਹਾ ਹੈ ਜਿਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਸਮਾਂ ਹਮੇਸ਼ਾਂ ਇੱਕੋ ਜਿਹਾ ਹੈ:-
ਰਾਮਕਲੀ ਮਹਲਾ ੧ ਅਸਟਪਦੀਆ
ੴ ਸਤਿਗੁਰ ਪ੍ਰਸਾਦਿ ॥ ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥ (ਪੰਨਾ 902-03) ਅਰਥਾਤ (ਜਿਸ ਅਸਲ ਕਲਿਜੁਗ ਦਾ ਜ਼ਿਕਰ ਅਸਾਂ ਕੀਤਾ ਹੈ ਉਸ) ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ (ਕਿਉਂਕਿ ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ, ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ।1।
ਸਮੇਂ ਦੀ ਵੰਡ ਹਿੰਦੂ ਧਰਮ ਦਾ ਸਿਧਾਂਤ ਹੈ ਜਿਸ ਅਨੁਸਾਰ ਸਤਿਜੁਗ ਦੀ ਉਮਰ 17,28,000 ਵਰ੍ਹੇ, ਤ੍ਰੇਤਾ ਦੀ 12,96,000 ਵਰ੍ਹੇ, ਦਵਾਪਰ ਦੀ 8,64,000 ਵਰ੍ਹੇ ਅਤੇ ਕਲਿਜੁਗ ਦੀ 4,32,000 ਵਰ੍ਹੇ ਹੈ ਪਰ ਗੁਰਮਤਿ ਨੇ ਸਤਿਜੁਗ ਨੂੰ ਕੋਈ ਬੀਤਿਆ ਹੋਇਆ ਜੁਗ ਨਹੀਂ ਮੰਨਿਆ ਹੈ ਅਤੇ ਨ ਹੀ ਕਲਿਜੁਗ ਨੂੰ ਵਰਤਮਾਨ ਜੁਗ ਸਮਝਿਆ ਹੈ।
ਗੁਰਮਤਿ ਅਨੁਸਾਰ ਸਮਾਂ ਕਿਉਂਕਿ ਹਮੇਸ਼ਾਂ ਇੱਕੋ ਜਿਹਾ ਹੈ, ਇਸ ਲਈ ਮਨੁੱਖ ਆਪਣੇ ਮਨ ਦੀ ਦਸ਼ਾ ਅਨੁਸਾਰ ਕਹੇ ਜਾਂਦੇ ਸਤਿਜੁਗ ਜਾਂ ਕਲਿਜੁਗ ਵਿਚ ਹੈ। ਜੇ ਮਨ ਸਤਿ ਤੇ ਸੰਤੋਖ ਵਿਚ ਹੈ ਤਾਂ ਹਮੇਸ਼ਾਂ ਸਤਿਜੁਗ ਵਿਚ ਹੀ ਹੈ ਪਰ ਜੇ ਝੂਠ, ਫ਼ਰੇਬ ਤੇ ਠੱਗੀ ਵਿਚ ਹੈ ਤਾਂ ਹਮੇਸ਼ਾਂ ਕਲਿਜੁਗ ਵਿਚ ਹੀ ਰਹੇਗਾ ਅਰਥਾਤ ਗੁਰਮਤਿ ਅਨੁਸਾਰ ਜਿਥੇ ਅਤੇ ਜਦੋਂ ਵੀ ਲੋਕ ਅਧਰਮ ਵਿਚ ਮਗਨ ਹੁੰਦੇ ਹਨ, ਉਥੇ ਉਦੋਂ ਕਲਿਜੁਗ ਹੀ ਸਮਝਣਾ ਚਾਹੀਦਾ ਹੈ।
ਜਿਥੋਂ ਤੱਕ ਖਾਣਾ ਖਾਣ ਦਾ ਪ੍ਰਸ਼ਨ ਹੈ, ਗੁਰੂ ਸਾਹਿਬ ਦੀ ਸਿੱਖਿਆ ਹੈ ਕਿ ਮਨੁੱਖ ਕਿਸੇ ਸਮੇਂ ਕੁੱਝ ਵੀ ਖਾ ਸਕਦਾ ਹੈ ਪਰ ਉਹ ਨਹੀਂ ਖਾਣਾ ਹੈ ਜਿਸ ਨਾਲ ਸਰੀਰ ਰੋਗੀ ਹੁੰਦਾ ਹੋਵੇ ਅਤੇ ਮਨ ਵਿਚ ਵਿਕਾਰ ਤੁਰ ਪੈਂਦੇ ਹੋਣ:-
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ (ਪੰਨਾ 16) ਅਰਥਾਤ ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। ਰਹਾਉ।
ਇੱਕ ਹੋਰ ਚੀਜ਼ ਜਿਸ ਨੂੰ ਖਾਣ ਤੋਂ ਗੁਰੂ ਸਾਹਿਬ ਨੇ ਮਨ੍ਹਾ ਕੀਤਾ ਹੈ, ਉਹ ਹੈ ਪਰਾਇਆ ਹੱਕ। ਹੱਕ ਹਲਾਲ ਦੀ ਕਮਾਈ ਕਰਨੀ ਹੈ ਤੇ ਖਾਣੀ ਹੈ:-
ਮਃ ੧ ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ {ਪੰਨਾ 141} ਅਰਥਾਤ ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ। (ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ।2।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ