Considering that Sikhi teaches that the ultimate goal of human life is to attain oneness with God, it’s puzzling to me why souls would have initially become separated from God.
Considering that Sikhi teaches that the ultimate goal of human life is to attain oneness with God, it’s puzzling to me why souls would have initially become separated from God.
Share
ਸਤਿਕਾਰ ਯੋਗ ਤੇਜਪਾਲ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਅਕਾਲਪੁਰਖ ਦੇ ਹੁਕਮ ਵਿਚ ਹੋਈ ਤੇ ਉਸ ਦੇ ਹੁਕਮ ਵਿਚ ਹੀ ਸਭ ਕੁੱਝ ਚਲ ਰਿਹਾ ਹੈ। ਜਦੋਂ ਹੁਕਮ ਹੋਵੇਗਾ ਤਾਂ ਸਾਰਾ ਕੁੱਝ ਸਮੇਟਿਆ ਜਾਵੇਗਾ।
ਵਿਗਿਆਨ ਅਨੁਸਾਰ ਸੰਸਾਰ ਸੁੰਨ (Nothingness) ਤੋ ਪੈਦਾ ਹੋਇਆ। ਇਹ ਇਕ ਬਹੁਤ ਵਿਸ਼ਾਲ ਗਰਮ ਮਾਦੇ ਦੇ ਰੂਪ ਵਿਚ ਸੀ। ਇਹ ਮਾਦਾ ਇਤਨੇ ਜ਼ੋਰ ਨਾਲ ਫੈਲਿਆ ਕਿ ਇਕ ਵਿਸ਼ਾਲ ਧਮਾਕਾ (Big Bang) ਹੋਇਆ ਜਿਸ ਨਾਲ ਇਹ ਮਾਦਾ ਅਣਗਿਣਤ ਛੋਟੇ ਵੱਡੇ ਟੁਕੜਿਆ ਵਿਚ ਫੱਟ ਗਿਆ। ਇਹ ਟੁਕੜੇ ਹੋਲੀ ਹੋਲੀ ਠੰਡੇ ਹੋਕੇ ਸਥੂਲ ਆਕਾਰ ਬਣ ਗਏ ਅਤੇ ਅਕਾਸ਼ ਗੰਗਾਵਾਂ, ਤਾਰਿਆਂ, ਸੂਰਜੀ ਮੰਡਲਾਂ, ਨਖੱਤਰਾਂ ਅਤੇ ਅਨੇਕ ਛੋਟੇ ਵੱਡੇ ਆਕਾਰਾਂ ਵਿਚ ਇਹ ਆਪਣੇ ਤੋਂ ਵੱਡੇ ਆਕਾਰਾਂ ਦੁਆਲੇ ਘੁੰਮਣ ਲਗ ਪਏ।
(ੳ) ਆਓ ਹੁਣ ਗੁਰਬਾਣੀ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ:-
1.ਗੁਰੂ ਗ੍ਰੰਥ ਸਾਹਿਬ ਅਨੁਸਾਰ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਦੀ ਦਸ਼ਾ?
ਮਾਰੂ ਰਾਗ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ:-
ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥1॥ (ਪੰਨਾ 1035)
ਅਰਥ: (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ। ਤਦੋਂ ਨਾਂਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਂਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਤਦੋਂ ਨਾਹ ਦਿਨ ਸੀ ਨਾਂਹ ਰਾਤ ਸੀ, ਨਾਂਹ ਚੰਦ ਸੀ ਨਾਂਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ।1।
2. ਗੁਰੂ ਗ੍ਰੰਥ ਸਾਹਿਬ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ?
ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਨੇ ਜਪੁ ਬਾਣੀ ਵਿਚ ਫੁਰਮਾਇਆ ਹੈ:
ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ (ਪੰਨਾ 3)
ਅਰਥ: ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰੀਆ ਬਣ ਗਏ।
3. ਗੁਰੂ ਗ੍ਰੰਥ ਸਾਹਿਬ ਅਨੁਸਾਰ ਸ੍ਰਿਸ਼ਟੀ ਬਣਾ ਕੇ ਅਕਾਲਪੁਰਖ ਨੇ ਕਿਸ ਚੀਜ਼ ਦੀ ਰਚਨਾ ਕੀਤੀ?
ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਸਿਰੀ ਰਾਗ ਵਿਚ ਫੁਰਮਾਉਂਦੇ ਹਨ:
ਸਾਚੇ ਤੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥ (ਪੰਨਾ 19)
ਅਰਥ: (ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।3।
4. ਗੁਰੂ ਗ੍ਰੰਥ ਸਾਹਿਬ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਕਰਕੇ ਅਕਾਲਪੁਰਖ ਨੇ ਆਪਣੇ ਆਪ ਨੂੰ ਕਿੱਥੇ ਰੱਖਿਆ?
ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਵਿਚ ਫੁਰਮਾਉਂਦੇ ਹਨ:
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ।।੧॥ (ਪੰਨਾ 290)
ਅਰਥ: ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ। ਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ।1।।
5. ਗੁਰੂ ਗ੍ਰੰਥ ਸਾਹਿਬ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ?
ਇਸ ਬਾਰੇ ਧਰਮ-ਸ਼ਾਸਤਰੀ ਅਤੇ ਵਿਗਿਆਨੀ ਯਕੀਨ ਨਾਲ ਕੁਝ ਨਹੀ ਦਸ ਸਕਦੇ। ਸਾਰੇ ਅੰਦਾਜ਼ੇ ਲਾਉਂਦੇ ਹਨ ਜੋ ਇਕ ਦੂਜੇ ਨਾਲ ਨਹੀ ਰਲਦੇ। ਗੁਰਬਾਣੀ ਅਨੁਸਾਰ ਇਸ ਬਾਰੇ ਕੇਵਲ ਰਚਨਹਾਰ ਹੀ ਜਾਣਦਾ ਹੈ। ਜਪੁ ਬਾਣੀ ਵਿਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ:
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ ( ਪੰਨਾ 4)
ਅਰਥ: ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰਨਾ 4)
ਅਰਥ: (ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।
6. ਗੁਰੂ ਗ੍ਰੰਥ ਸਾਹਿਬ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਤੋਂ ਬਾਅਦ ਇਹ ਮਨੁੱਖਾ ਸਰੀਰ ਕਿਵੇਂ ਬਣਿਆ?
ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਮਾਰੂ ਰਾਗ ਵਿਚ ਫੁਰਮਾਉਂਦੇ ਹਨ:
ਪੰਚ ਤਤੁ ਸੁੰਨਹੁ ਪਰਗਾਸਾ ॥ ਦੇਹ ਸੰਜੋਗੀ ਕਰਮ ਅਭਿਆਸਾ ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥ (ਪੰਨਾ 1037)
ਅਰਥ: ਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ। ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ। ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ।14।
7. ਕੀ ਅਕਾਲਪੁਰਖ ਦੀ ਰਚਨਾ ਦਾ ਕੋਈ ਅੰਤ ਪਾਇਆ ਜਾ ਸਕਦਾ ਹੈ?
ਅਕਾਲਪੁਰਖ ਦੀ ਰਚਨਾ ਬੇਅੰਤ ਹੈ । ਧਰਤੀਆਂ, ਨਖੱਤਰਾਂ, ਸੂਰਜਾਂ, ਤਾਰਿਆਂ ਆਕਾਸ਼ਾਂ ਪਾਤਾਲਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀ ਲਗਾ ਸਕਦਾ । ਆਪਣੀ ਰਚਨਾ ਬਾਰੇ ਉਹ ਕਰਤਾ ਪੁਰਖ ਆਪ ਹੀ ਜਾਣਦਾ ਹੈ। ਜਪੁ ਬਾਣੀ ਵਿਚ ਫੁਰਮਾਨ ਹੈ:
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥ ਪੰਨਾ 5)
ਅਰਥ: (ਸਾਰੇ) ਵੇਦ ਇੱਕ = ਜ਼ਬਾਨ ਹੋ ਕੇ ਆਖਦੇ ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ (ਪੰਨਾ 5)
ਅਰਥ: (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ”। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥ (ਪੰਨਾ 5)
ਅਰਥ: ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। 22।
8. ਗੁਰੂ ਗ੍ਰੰਥ ਸਾਹਿਬ ਅਨੁਸਾਰ ਅਕਾਲਪੁਰਖ ਦੁਆਰਾ ਬਣਾਈ ਗਈ ਰਚਨਾ ਦਾ ਅੰਤ ਕੀ ਹੈ?
ਰਚਨਾ ਰਚਨਹਾਰ ਤੋ ਬਣੀ ਅਤੇ ਫ਼ਿਰ ਉਸੇ ਵਿਚ ਸਮਾ ਜਾਵੇਗੀ।ਇਹ ਉਸਦਾ ਸਰਗੁਣ ਸਰੂਪ ਹੈ। ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਮਾਰੂ ਰਾਗ ਵਿਚ ਫੁਰਮਾਉਂਦੇ ਹਨ:
ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥ (ਪੰਨਾ 1037)
ਅਰਥ: ਪ੍ਰਭੂ ਨਿਰੋਲ ਆਪਣੇ ਆਪੇ ਤੋਂ ਹੀ ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਬਣਾਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ। ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿਚ ਹੀ ਸਮਾ ਜਾਂਦੀ ਹੈ। ਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁਝ ਅਜੇਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ। ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ।7।
(ਅ) ਮਨੁੱਖ ਅਕਾਲਪੁਰਖ ਦੀ ਸਭ ਤੋਂ ਸ੍ਰੇਸ਼ਟ ਰਚਨਾ (Supreme Creation) ਹੈ ਕਿਉਂਕਿ ਇਸ ਵਿਚ ਰੱਬੀ ਗੁਣ ਹਨ। ਮਨੁੱਖ/ਸਿੱਖ ਦਾ ਫ਼ਰਜ਼ ਹੈ ਕਿ ਉਹ ਗੁਰੂ ਦੀ ਸਿਖਿਆ ਦੁਆਰਾ ਅਕਾਲਪੁਰਖ ਦੇ ਹੁਕਮ (Laws of Universal Order) ਨੂੰ ਸਮਝੇ ਤੇ ਹੁਕਮ/ਰਜ਼ਾ/ਭਾਣੇ ਨੂੰ ਮੰਨੇ। ਇਸ ਨਾਸ਼ਮਾਨ ਸੰਸਾਰ ਵਿਚ ਰਹਿੰਦਿਆਂ ਗੁਰੂ ਦੀ ਸਿੱਖਿਆ ਦੁਆਰਾ ਅਬਿਨਾਸ਼ੀ ਪਦ ਦੀ ਪ੍ਰਾਪਤੀ ਕਰਨਾ ਮਨੁੱਖ ਦਾ ਉਦੇਸ਼ ਹੈ ਅਰਥਾਤ ਔਗੁਣਾਂ/ਵਿਕਾਰਾਂ ਨੂੰ ਛੱਡ ਕੇ, ਗੁਣ ਧਾਰਨ ਕਰਕੇ ਸੰਸਾਰ ਸਮੁੰਦਰ ਵਿਚੋਂ ਪਾਰ ਹੋਣਾ ਹੈ ਅਰਥਾਤ ਜੀਵਨ ਮੁਕਤ ਹੋਣਾ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
I think it is to experience colors and shades of life. It is also to face and solve the challenges of life so that we can realize our own self and go back home peacefully and joyfully. We are on a journey and the destination is the abode of Divine. In my perspective, it is just like parents send their children to school and then to the world to earn their living but parents are always at their back. This is totally my understanding. I may be wrong.