Sikhi emphasizes a personal connection with Waheguru. How can Sikhs navigate the balance between maintaining a distinct identity while striving to merge with the divine?
Sikhi emphasizes a personal connection with Waheguru. How can Sikhs navigate the balance between maintaining a distinct identity while striving to merge with the divine?
Share
We do not have a distinct identity. To consider a distinct identity is Haumai. We are all different forms of the Divine and there is unity in diversity. To have and practice this understanding in life is to merge with the Divine.
ਸਤਿਕਾਰ ਯੋਗ ਲੋਵੀ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਉੱਤਰ ਵਿਚ, ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਮਨੁੱਖ ਦੇ ਜੀਵਨ ਦਾ ਟੀਚਾ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਆਤਮਿਕ ਤੌਰ ਤੇ ਇੱਕ ਹੋਣਾ ਹੈ। ਗੁਰੂ ਸਾਹਿਬ ਹੇਠਾਂ ਦਿੱਤੀ ਤੁੱਕ ਤੇ ਉਸ ਦੇ ਅਰਥਾਂ ਵਿਚ ਇਹ ਹੀ ਸਮਝਾ ਰਹੇ ਹਨ:-
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥ ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥ {ਪੰਨਾ 846}
ਅਰਥ: ਹੇ ਭਾਈ! ਜਿਵੇਂ) ਸੂਰਜ ਦੀ ਕਿਰਣ ਨਾਲ ਮਿਲ ਕੇ (ਬਰਫ਼ ਤੋਂ) ਪਾਣੀ ਦਾ ਪਾਣੀ ਬਣ ਜਾਂਦਾ ਹੈ (ਸੂਰਜ ਦੇ ਨਿੱਘ ਨਾਲ ਬਰਫ਼-ਬਣੇ ਪਾਣੀ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ) , (ਤਿਵੇਂ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾ-ਪਨ ਮੁੱਕ ਕੇ ਜੀਵ ਦੀ) ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। (ਤਦੋਂ ਉਸ ਨੂੰ ਹਰ ਥਾਂ) ਪਰਮਾਤਮਾ ਹੀ (ਵੱਸਦਾ) ਨਜ਼ਰੀਂ ਆਉਂਦਾ ਹੈ, (ਹਰੇਕ ਵਿਚ) ਪਰਮਾਤਮਾ ਹੀ (ਬੋਲਦਾ ਉਸ ਨੂੰ) ਸੁਣੀਦਾ ਹੈ (ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ) ਇਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ। (ਉਸ ਨੂੰ ਹਰ ਥਾਂ) ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਪ (ਹੀ ਸਭ ਨੂੰ) ਪੈਦਾ ਕਰਨ ਵਾਲਾ ਹੈ, (ਜੀਵਾਂ ਵਿਚ ਵਿਆਪਕ ਹੋ ਕੇ) ਆਪ (ਹੀ ਸਾਰੇ ਰੰਗ) ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ।
(ਪਰ) ਨਾਨਕ ਬੇਨਤੀ ਕਰਦਾ ਹੈ (ਕਿ ਇਸ ਅਵਸਥਾ ਨੂੰ) ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ।੪।੨।
ਅਲੱਗ ਹੋਂਦ ਦਾ ਹੋਣਾ ਜਾਂ ਮੰਨਣਾ, ਜਿਵੇਂ ਕਿ ਵਿਦਵਾਨ ਭੈਣ ਰਮਨੀਤ ਕੌਰ ਜੀ ਨੇ ਕਿਹਾ ਹੈ, ਹਉਮੈ ਦਾ ਪ੍ਰਤੀਕ ਹੈ। ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਹੇਠਾਂ ਦਿੱਤੇ ਸਲੋਕ ਵਿਚ ਹਉਮੈ ਤੇ ਇਸ ਤੋਂ ਪੈਦਾ ਹੋਣ ਵਾਲੇ ਰੋਗਾਂ ਬਾਰੇ ਸਮਝਾ ਰਹੇ ਹਨ:-
ਸਲੋਕ ਮਃ ੧ ॥ ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥ ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥ ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥ ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥ ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥ {ਪੰਨਾ 466}
ਅਰਥ: (ਜਦ ਤਾਈਂ ਜੀਵ) ‘ਹਉ’ ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ, ਕਦੇ ਜੰਮਦਾ ਹੈ, ਕਦੇ ਮਰਦਾ ਹੈ। ਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ। ਇਸੇ ‘ਮੈਂ, ਮੈਂ’ ਦੇ ਖ਼ਿਆਲ ਵਿਚ (ਕਿ ਇਹ ਕੰਮ ‘ਮੈਂ’ ਕਰਦਾ ਹਾਂ, ‘ਮੈਂ’ ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ।
ਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ ਕਦੇ ਝੂਠਾ ਹੈ ਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ ‘ਮੈ’ ਇਹ ਭਲੇ ਕੰਮ ਕੀਤੇ ਹਨ, ‘ਮੈ’ ਇਹ ਮਾੜੇ ਕੰਮ ਕੀਤੇ ਹਨ) ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।
ਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ) ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ। ਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ।
ਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ (ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ।
ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ ‘ਮਾਇਆ ਮਾਇਆ’ (ਕੂਕਦਾ ਫਿਰਦਾ ਹੈ) , ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ; ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।
ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ, (ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ।
ਹੇ ਨਾਨਕ! ਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ ‘ਹਉ’ ਬਣ ਜਾਂਦੀ ਹੈ, ਪਰ) ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ, (ਭਾਵ ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ ‘ਹਉ’ ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਦੀ ਰਾਹੀਂ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ।1।
ਅੱਗੇ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਸਮਝਾ ਰਹੇ ਹਨ ਕਿ ਹਉਮੈ ਇੱਕ ਦੀਰਘ ਅਰਥਾਤ ਵੱਡਾ ਰੋਗ ਹੈ ਪਰ ਲਾਇਲਾਜ ਨਹੀਂ ਹੈ। ਇਸ ਦਾ ਇਲਾਜ ਹੈ, ਗੁਰੂ ਦਾ ਸਬਦ ਕਮਾਉਣਾ ਅਰਥਾਤ ਸ਼ਬਦ ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਜਾਂ ਬਦਲਣਾ:-
ਮਹਲਾ ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}
ਅਰਥ: ‘ਹਉਮੈ’ ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਕਲਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ। ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ) ।
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ।2।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ