सिख धर्म और सिख पंथ में क्या अंतर है?
Sikh Panth vs Sikh Dharam
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਸਿੱਖ ਧਰਮ ਤੇ ਸਿੱਖ ਪੰਥ ਵਿਚ ਕੀ ਫ਼ਰਕ ਹੈ?
‘ਧਰਮ’ ਦਾ ਅਰਥ ਹੈ ਕਿ ਮਨੁੱਖ/ਸਿੱਖ ਵਿਚਾਰ ਕਰੇ ਕਿ ਮਨੁੱਖਾ ਜੀਵਨ ਉਸ ਨੂੰ ਕਿਸ ਲਈ ਮਿਲਿਆ ਹੈ ਤੇ ਜੋ ਇਹ ਵਿਚਾਰਦਾ ਹੈ, ਉਹ ਹੀ ਅਸਲ ਵਿੱਚ ਬੰਦਾ ਹੈ। ਗੁਰੂ ਸਾਹਿਬ ਸਿੱਖਿਆ ਦਿੰਦੇ ਹਨ, ‘ਵਖਤੁ ਵੀਚਾਰੇ ਸੁ ਬੰਦਾ ਹੋਇ।। (ਪੰਨਾ 84)’ ਅਰਥਾਤ ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇਂ ਨੂੰ ਵਿਚਾਰਦਾ ਹੈ (ਭਾਵ) ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ, ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ। ਉਹ ਫ਼ਿਰ ਗੁਰੂ ਸਾਹਿਬ ਦੀ ਇਸ ਸਿੱਖਿਆ ‘ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ॥ (ਪੰਨਾ 12)’ ਤੇ ਆਪਣੇ ਤਨ ਤੇ ਮਨ ਨਾਲ ਅਮਲ ਕਰਦਾ ਹੈ। ਕਿਸੇ ਸੂਰਤ ਵਿਚ ਪਿੱਛੇ ਨਹੀਂ ਹਟਦਾ।
ਸੂਖਮਨੀ ਸਾਹਿਬ ਵਿੱਚ ਪੰਜਵੇਂ ਗੁਰੂ ਸਰੀਰ ਗੁਰੂ ਗੁਰੂ ਅਰਜਨ ਸਾਹਿਬ ਉਪਦੇਸ਼ ਦਿੰਦੇ ਹਨ, ‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ 266)’ ਅਰਥਾਤ ਹੇ ਮਨ!) ਪ੍ਰਭੂ ਦਾ ਨਾਮ ਜਪ ਤੇ ਪਵਿਤ੍ਰ ਆਚਰਣ ਬਣਾ। ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।’
ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ, ਗਉੜੀ ਕੀ ਵਾਰ ਮਹਲਾ ੪, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 300 ਤੋਂ 318 ਤੇ ਸੁਸ਼ੋਭਿਤ ਹੈ, ਦੀ ਹੇਠਾਂ ਲਿੱਖੀ ਪਉੜੀ ਵਿਚ ਉਪਦੇਸ਼ ਦਿੰਦੇ ਹਨ ਕਿ ਇਹ ਮਨੁੱਖਾ ਜਨਮ ਧਰਮ ਕਮਾਉਣ ਲਈ ਹੈ ਤੇ ਨਾਲ ਰਸਤਾ ਵੀ ਦੱਸਦੇ ਹਨ:-
ਪਉੜੀ ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥ {ਪੰਨਾ 309}
ਅਰਥ: ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ। ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ। (ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ (ਇਸ ਤਰ੍ਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿਚ ਇੱਕੋ ਸੂਤਰ ਹੁੰਦਾ ਹੈ। (ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ। ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ। 16।
ਗੁਰੂ ਗ੍ਰੰਥ ਸਾਹਿਬ, ਜੋ ਕਿ ਸਿੱਖ ਧਰਮ ਦਾ ਸੋਮਾ ਹੈ, ਮਨੁੱਖ/ਸਿੱਖ ਨੂੰ ਜੀਵਨ ਜਾਚ ਦੇਂਦਾ ਹੈ ਤੇ ਉਸ ਉੱਪਰ ਚੱਲਣ ਦਾ ਰਸਤਾ ਵੀ ਦੱਸਦਾ ਹੈ ਤੇ ਰਸਤਾ/ਮਾਰਗ ਹੀ ਗੁਰਬਾਣੀ ਅਨੁਸਾਰ ਪੰਥ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸ਼ਬਦ ‘ਮਾਰਗ’ ‘ਰਸਤਾ’ ਅਤੇ ‘ਪੰਥ’ ਇਕੋ ਹੀ ਅਰਥ ਵਿਚ ਵਰਤੇ ਗਏ ਹਨ। ਹੇਠਾਂ ਦਿੱਤੀਆਂ ਉਦਾਹਰਣਾਂ ਤੁਹਾਨੂੰ ਇਹ ਗੱਲ ਬਿਲਕੁਲ ਸਪੱਸ਼ਟ ਕਰ ਦੇਣਗੀਆਂ।
ਮੰਨੈ ਮਗੁ ਨ ਚਲੈ ਪੰਥੁ॥ (ਪੰਨਾ 3)
ਪਦ ਅਰਥ: ਮਗੁ = ਮਾਰਗ, ਰਸਤਾ (ਸੰਸਕ੍ਰਿਤ ਤੋਂ ਪ੍ਰਾਕ੍ਰਿਤ ਸ਼ਬਦ ‘ਮੱਗ’ ਹੈ) । ਪੰਥੁ = ਰਸਤਾ।
ਮਾਰਗਿ ਪੰਥ ਚਲੇ ਗੁਰ ਸਤਿਗੁਰ ਸੰਗਿ ਸਿਖਾ। (ਪੰਨਾ 1116)
ਮਾਰਗਿ = ਮਾਰਗ ਉਤੇ, ਰਸਤੇ ਤੇ। ਪੰਥਿ = ਰਸਤੇ ਤੇ, ਰਾਹ ਤੇ।
ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥ (ਪੰਨਾ 1116)
ਪਦ ਅਰਥ: ਗੁਰ ਮਾਰਗਿ = ਗੁਰੂ ਦੇ ਦੱਸੇ ਰਸਤੇ ਉਤੇ। ਗੁਰ ਪੰਥਿ = ਗੁਰੂ ਦੇ ਰਾਹ ਉਤੇ।
ਮੁੰਧ ਨੈਣ ਭਰੇਦੀ, ਗੁਣ ਸਾਰੇਦੀ , ਕਿਉਂ ਪ੍ਰਭ ਮਿਲਾ ਪਿਆਰੇ।
ਮਾਰਗੁ ਪੰਥੁ ਨ ਜਾਣਉ ਬਿਖੜਾ, ਕਿਉ ਪਾਈਐ ਪਿਰ ਪਾਰੇ। (ਪੰਨਾ 1111)
ਪਦ ਅਰਥ: ਮਾਰਗੁ = ਰਸਤਾ। ਪੰਥੁ = ਰਸਤਾ।
ਦਾਸ ਨੇ ਤੁਹਾਨੂੰ ਗੁਰਬਾਣੀ ਅਨੁਸਾਰ ਸਿੱਖ ਧਰਮ ਅਤੇ ਪੰਥ ਬਾਰੇ ਵਿਚਾਰ ਉੱਪਰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਦਾਸ ਵਿਦਵਾਨ ਵੀਰਾਂ ਤੇ ਭੈਣਾਂ ਨੂੰ ਸਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਉਹ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਦੇਣ ਤਾਂ ਜੋ ਦਾਸ ਵੀ ਕੁੱਝ ਸਿੱਖ ਸਕੇ।
ਆਦਰ ਸਹਿਤ,
ਆਪ ਦਾ ਵੀਰ