ਜੇ ਕੋਈ ਬੁਝਰ ਕੁਰਹਿਤ ਕਰਕੇ ਦੁਬਾਰਾ ਅਮ੍ਰਿਤ ਸ਼ਕ ਲਵੇ, ਕੀ ਉਹ ਪਰਲੋਕ ਵਿੱਚ ਬਖ਼ਸ਼ਿਆ ਜਾਂਦਾ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਭੈਣ ਪਰਮਜੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ, ਕਿ ਬਜਰ ਕੁਰਹਿਤਾਂ, ਦੁਬਾਰਾ ਅੰਮ੍ਰਿਤ ਛੱਕਣਾ ਆਦਿ ਇਹ ਸਭ ਕਰਮ ਰਹਿਤ ਮਰਿਆਦਾ ਦੀ ਦੇਣ ਹਨ, ਜੋ ਕਿ ਸਿਆਣੇ ਮਨੁੱਖਾਂ ਨੇ ਬਣਾਈ ਹੈ। ਪਰਲੋਕ ਦਾ ਡਿਕਸ਼ਨਰੀ ਅਰਥ ਹੈ ਕਿ ਉਹ ਸਥਾਨ ਜਿਥੇ ਲੋਕ ਮਰਨ ਉਪਰੰਤ ਜਾਂਦੇ ਹਨ ਅਰਥਾਤ ਕਲਪਿਤ ਸਵਰਗ ਜਾਂ ਨਰਕ, ਜਿਨ੍ਹਾਂ ਨੂੰ ਗੁਰਬਾਣੀ ਰੱਦ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 969 ਤੇ ਕਬੀਰ ਜੀ ਫੁਰਮਾਉਂਦੇ ਹਨ:-
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥ ਅਰਥਾਤ (ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ; ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ।5।
ਇਸ ਲਈ ਅਸੀਂ ਕਲਪਿਤ ਸਵਰਗ ਜਾਂ ਨਰਕ ਦੇ ਚੱਕਰ ਵਿਚ ਪੈਣ ਦੀ ਬਜਾਏ ਗੁਰਬਾਣੀ ਦੀ ਸਿੱਖਿਆ ਨੂੰ ਸਮਝੀਏ। ਗੁਰਬਾਣੀ ਅਨੁਸਾਰ:-
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥ {ਪੰਨਾ 60-61} ਅਰਥਾਤ (ਹੇ ਬਾਬਾ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਮਤਿ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ, ਉਸਦੇ ਅੰਦਰ (ਪਰਮਾਤਮਾ ਦਾ) ਪ੍ਰੇਮ ਬਣ ਜਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ।8।12।
ਅੱਗੇ ਦਾਸ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦਾ ਸੋਰਠਿ ਰਾਗ ਵਿਚ ਉਚਾਰਿਆ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 624 ਤੇ ਸੁਸ਼ੋਭਿਤ ਹੈ, ਤੇ ਉਸ ਦੇ ਅਰਥ ਹੇਠਾਂ ਦੇ ਰਿਹਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਿੱਖਿਆ ਦੇ ਰਹੇ ਹਨ ਕਿ ਅਸੀਂ ਸਾਰੇ ਉਸ ਦੇ ਬੱਚੇ ਹਾਂ ਤੇ ਭੁੱਲਣਹਾਰ ਹਾਂ। ਉਹ ਇੱਕ ਦੁਨਿਆਵੀ ਪਿਤਾ ਦੀ ਤਰ੍ਹਾਂ ਝਿੜਕਦਾ ਵੀ ਹੈ ਪਰ ਮੁੜ ਗੱਲੇ ਲੱਗਾ ਲੈਂਦਾ ਹੈ ਤੇ ਅੱਗੇ ਰਾਹ ਪਾਉਂਦਾ ਹੈ। ਇੱਥੇ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਬੱਚਾ ਆਪਣੀਆਂ ਭੁੱਲਾਂ ਦਾ ਸੁਧਾਰ ਕਰ ਲਵੇ ਤੇ ਅੱਗੇ ਉਨ੍ਹਾਂ ਭੁੱਲਾਂ ਨੂੰ ਦੁਬਾਰਾ ਨਾਂਹ ਦੁਹਰਾਏ।
ਇਸ ਲਈ ਪਰਲੋਕ, ਜੋ ਕਿ ਕਲਪਿਤ ਹੈ ਤੇ ਜਿਸ ਨੂੰ ਗੁਰਬਾਣੀ ਨਹੀਂ ਮੰਨਦੀ, ਬਾਰੇ ਪ੍ਰੇਸ਼ਾਨ ਹੋਣ ਦੀ ਬਜਾਏ ਇਸੇ ਜੀਵਨ ਵਿਚ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਦੀ ਲੋੜ ਹੈ ਅਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣ ਦੀ ਲੋੜ ਹੈ। ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————
ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥ {ਪੰਨਾ 624}
ਅਰਥ: ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ।ਰਹਾਉ।
ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ।੧।
ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ।੧।
ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ।
ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ।੩।
ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ।
ਹੇ ਦਾਸ ਨਾਨਕ! ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ।੪।੧੨।੬੨।
ਚੰਗੇ ਕਰਮ, ਮੰਦੇ (ਭੈੜੇ) ਕਰਮ, ਉਨ੍ਹਾਂ ਦਾ ਪ੍ਰਭਾਵ ਅਤੇ ਪਿੱਛਲਾ ਜਨਮ
ਆਪਣੀ ਸਮਝ ਅਨੁਸਾਰ, ਦਾਸ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਗੁਰਸਿੱਖੀ ਵਿਚ ‘ਕਰਣੀ’ ਅਰਥਾਤ ‘ਕਰਮ’ ਪ੍ਰਧਾਨ ਹੈ ਤੇ ਗੁਰਸਿੱਖੀ ਅੱਜ ਵਿਚ ਅਤੇ ਅਕਾਲਪੁਰਖ ਦੇ ਹੁਕਮ ਤੇ ਗੁਰੂ ਉਪਦੇਸ਼ ਅਨੁਸਾਰ ਜੀਵਨ ਜੀਉਣਾ ਸਿਖਾਉਂਦੀ ਹੈ। ਚੰਗੇ ਕਰਮ ਵੀ ਮਨੁੱਖ ਨੇ ਗੁਰੂ ਦੀ ਮੱਤ (ਗੁਰਮਤਿ) ਲੈ ਕੇ ਆਪ ਹੀ ਕਰਨੇ ਹਨ ਤੇ ਮਾੜੇ ਕਰਮ ਵੀ ਮਨ ਦੀ ਮੱਤ (ਮਨਮਤਿ) ਲੈ ਕੇ ਆਪ ਹੀ ਕਰਨੇ ਹਨ ਅਰਥਾਤ ਗੁਰਮੁਖ ਜਾਂ ਮਨਮੁਖ ਆਪ ਹੀ ਬਣਨਾ ਹੈ।
ਗੁਰੂ ਸਾਹਿਬ ਸਮਝਾਉਂਦੇ ਹਨ, ‘ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ॥ (ਪੰਨਾ 406)’ ਅਰਥਾਤ ‘ਕੀਤੇ ਵਿਕਾਰਾਂ ਦਾ ਮਾਨਸਕ ਸਿੱਟਾ ਨਿਕਲਦਿਆਂ ਰਤਾ ਭੀ ਸਮਾ ਨਹੀਂ ਲੱਗਦਾ, ਜੋ ਕੁਝ ਇਹ ਹੱਥ ਕਰਦਾ ਹੈ ਉਸ ਦਾ ਫਲ ਇਹੀ ਹੱਥ ਪਾ ਲੈਂਦਾ ਹੈ।’
ਹੋਰ ਅੱਗੇ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ, ‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ (ਪੰਨਾ 134)’ ਅਰਥਾਤ ‘ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ।’
ਗੁਰੂ ਸਾਹਿਬ ਦਾ ਫੁਰਮਾਨ ਹੈ, ‘ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}’ ਅਰਥਾਤ ‘(ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਭੈੜ ਆਪਣੇ ਕਰਮਾਂ ਵਿਚ ਹੀ ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) । 21।’
ਗੁਰੂ ਸਾਹਿਬ ਅੱਗੇ ਸਿੱਖਿਆ ਦਿੰਦੇ ਹਨ, ‘ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥ (ਪੰਨਾ 4);;;’ ਅਰਥਾਤ ‘ਹੇ ਨਾਨਕ! ‘ਪੁੰਨ’ ਜਾਂ ‘ਪਾਪ’ ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ) ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ। ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ। (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ। 20।’
ਜਪੁ ਬਾਣੀ ਦੀ ਪਹਿਲੀ ਪਉੜੀ ਵਿਚ ਤੁਕ ਆਈ ਹੈ, ‘ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ’। ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, ‘ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’।
ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਾਫ਼ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨਿਯਮਾਂ ਵਿਚ ਚੱਲ ਰਹੀ ਹੈ। ਇਹਨਾਂ ਨਿਯਮਾਂ ਦਾ ਨਾਮ ਸਤਿਗੁਰੂ ਜੀ ਨੇ ‘ਹੁਕਮ’ ਰੱਖਿਆ ਹੈ। ਉਹ ਨਿਯਮ ਇਹ ਹਨ ਕਿ ‘ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ।’
ਸਿੱਖ ਇਤਿਹਾਸ ਸਾਨੂੰ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਕਰਕੇ ਹਿੰਦੂ ਸੰਸਕਾਰਾਂ ਤੇ ਕਰਮ ਕਾਂਡਾਂ ਵਿਚ ਲਗੇ ਹੋਣ ਦੇ ਬਾਰੇ ਦਸਦਾ ਹੈ। ਪਰ ਗੁਰੂ ਅੰਗਦ ਸਾਹਿਬ ਜੀ ਪਾਰਸ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕਰਕੇ ਪਿਛਲੇ ਹਿੰਦੂ ਸੰਸਕਾਰ ਛਡ ਕੇ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਾਪਤ ਕਰਨ ਦੇ ਪਾਤਰ ਬਣ ਗਏ। ਇਹ ਹੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਹੋਇਆ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ (ਅਰਥ) ਕਰਨ ਤੋਂ ਬਾਅਦ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ‘ਕਰਮ ਅਤੇ ਉਹਨਾਂ ਦਾ ਪ੍ਰਭਾਵ’ ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”
ਕਰਮਾਂ ਦੀ ਮਹੱਤਤਾ ਇਸ ਗੱਲ ਤੋਂ ਵੀ ਪਤਾ ਲੱਗਦੀ ਹੈ ਕਿਉਂਕਿ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ, ਗੁਰੂ ਗ੍ਰੰਥ ਵਿਚ ਮੁੱਢਲੀ ਬਾਣੀ ਜਪੁ ਵਿਚ, ਕਰਮ ਖੰਡ ਵਾਲੀ ਪਉੜੀ ਦੇ ਖ਼ਤਮ ਹੋਣ ਤੇ ਨਾਨਕ ਨਾਮ ਦੀ ਛਾਪ ਵੀ ਨਹੀਂ ਹੈ ਤੇ ਨਾਂਹ ਹੀ ਪਉੜੀ ਖ਼ਤਮ ਹੋਣ ਦਾ ਅੰਕ ਹੈ। ਸਿੱਧਾ ਹੀ ਸਚਖੰਡ ਵਾਲੀ ਪਉੜੀ ਸ਼ੁਰੂ ਹੋ ਗਈ ਹੈ ਤੇ ਸਚਖੰਡ ਵਾਲੀ ਪਉੜੀ ਖ਼ਤਮ ਹੋਣ ਤੇ ਨਾਨਕ ਨਾਮ ਦੀ ਛਾਪ ਵੀ ਹੈ ਤੇ ਪਉੜੀ ਦਾ ਨੰਬਰ ਵੀ ਹੈ।
ਇਸ ਤੋਂ ਕਰਮਾਂ ਦੀ ਮਹੱਤਤਾ ਦੀ ਸਮਝ ਆਉਂਦੀ ਹੈ ਕਿ ਆਪਣੇ ਕਰਮ ਸੁਧਾਰ ਕੇ ਹੀ ਮਨੁੱਖ/ਸਿੱਖ ਬਖ਼ਸ਼ਸ਼ ਲਈ ਯੋਗ ਬਣ ਸਕਦਾ ਹੈ ਤੇ ਸਚਖੰਡ ਅਰਥਾਤ ਅਕਾਲਪੁਰਖ ਨਾਲ ਇੱਕ ਰੂਪ ਹੋਣ ਦੀ ਅਵਸਥਾ ਵਿਚ ਪਹੁੰਚ ਸਕਦਾ ਹੈ।
ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਹਿੰਦੂ ਸੰਸਕਾਰ ਉਨ੍ਹਾਂ ਨੇ ਗ੍ਰਹਿਣ ਕੀਤੇ ਸਨ, ਉਹ ਮਿਟਾ ਦਿੱਤੇ ਤੇ ਕਿਰਪਾ ਦੇ ਪਾਤਰ ਬਣ ਗਏ ਅਰਥਾਤ ਉਨ੍ਹਾਂ ਨੇ ਆਪਣਾ ਪਿੱਛਲਾ ਜਨਮ ਮਿਟਾ ਦਿੱਤਾ ਤੇ ਗੁਰੂ ਦੇ ਘਰ ਵਿਚ ਨਵਾਂ ਜਨਮ ਲੈ ਲਿਆ। ਇਸ ਵਿਚਾਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਸਿੱਖੀ ਅਨੁਸਾਰ ਜਨਮ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਹੀ ਪਿੱਛਲਾ ਜਨਮ ਹੈ।
ਇਸੇ ਤਰ੍ਹਾਂ ਅਸੀਂ ਵੀ ਗੁਰਸ਼ਬਦ ਦੀ ਰੋਸ਼ਨੀ ਵਿਚ ਆਪਣੇ ਜੀਵਨ ਨੂੰ ਬਦਲਣ ਦਾ ਉਪਰਾਲਾ ਕਰ ਸਕਦੇ ਹਾਂ ਤੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਮੰਦੇ ਸੰਸਕਾਰ ਗ੍ਰਹਿਣ ਕੀਤੇ ਹਨ, ਉਹ ਮਿਟਾ ਕੇ ਇਸੇ ਜੀਵਨ ਵਿਚ ਗੁਰੂ ਸਾਹਿਬ ਦੇ ਘਰ ਵਿਚ ਨਵਾਂ ਜਨਮ ਲੈ ਕੇ, ਆਪਣੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ ਮਨੁੱਖ (ਗੁਰਮੁਖ) ਬਣ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਉੱਚੀ ਆਤਮਿਕ ਅਵਸਥਾ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ) ਪ੍ਰਾਪਤ ਕਰ ਸਕਦੇ ਹਾਂ ਤੇ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਜੀਵਨ ਮੁਕਤ ਹੋ ਸਕਦੇ ਹਾਂ ਕਿਉਂਕਿ ਮਰ ਕੇ ਮੁਕਤ ਹੋਣਾ ਗੁਰਸਿੱਖੀ ਸਿਧਾਂਤ ਨਹੀਂ ਹੈ।
First Gurbani reject all after life theories and myths. I think thee no such thing as BAZAR KUREHAT in SIKHI. Say you had to shave part of body hair for surgery. It is not KUREHAT, you will grow back the hair. Say if you start smoking the I think you were never AMRITDHAREE, you never had AMRIT OF SHABAD, BANI..