Why do we often prioritize short-term pleasure over long-term well-being, despite knowing it may harm our future selves?
Why do we often prioritize short-term pleasure over long-term well-being, despite knowing it may harm our future selves?
Share
ਸਤਿਕਾਰ ਯੋਗ ਹੈਪੀ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਹੇਠਾਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ 751 ਦੇ ਸ਼ਬਦ ਵਿਚੋਂ ਇੱਕ ਤੁੱਕ ਤੇ ਉਸ ਦੇ ਅਰਥ ਹੇਠਾਂ ਦੇ ਰਿਹਾ ਹੈ ਜਿਸ ਵਿਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਮਾਇਆ ਵਿਚ ਫ਼ਸੇ ਮਨੁੱਖ ਦਾ ਮਨ ਸਦਾ ਖੁਸ਼ੀਆਂ ਤੇ ਸੁਖ ਮੰਗਦਾ ਹੈ ਪਰ ਜਦੋਂ ਤੱਕ ਅਕਾਲਪੁਰਖ ਉਸ ਦੇ ਮਨ ਵਿਚ ਨਹੀਂ ਵੱਸਦਾ, ਉਦੋਂ ਤੱਕ ਉਸ ਨੂੰ ਮੁੜ ਮੁੜ ਦੁੱਖ ਵਿਆਪਦੇ ਰਹਿੰਦੇ ਹਨ। ਪਰ ਜਦੋਂ ਅਕਾਲਪੁਰਖ ਉਸ ਦੇ ਮਨ ਵਿਚ ਵਸ ਜਾਂਦਾ ਹੈ ਤਾਂ ਉਹ ਵਿਕਾਰਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਤੇ ਸੰਤੋਖੀ ਹੋ ਜਾਂਦਾ ਹੈ। ਫ਼ਿਰ ਉਸ ਨੂੰ ਸੁੱਖ ਤੇ ਦੁੱਖ ਵਿਚ ਕੋਈ ਫ਼ਰਕ ਨਹੀਂ ਲੱਗਦਾ ਤੇ ਉਹ ਸੁੱਖਾਂ ਦੀ ਲਾਲਸਾ ਹੀ ਨਹੀਂ ਕਰਦਾ।
ਇੱਥੇ ਸਾਨੂੰ ਗੁਰਮੁਖ ਤੇ ਮਨਮੁਖ ਦੇ ਵਿਚ ਫ਼ਰਕ ਸਮਝਣਾ ਪਵੇਗਾ। ਗੁਰਬਾਣੀ ਅਨੁਸਾਰ, ਗੁਰਮੁਖ ਉਹ ਮਨੁੱਖ ਹੈ ਜਿਸ ਦਾ ਮੂੰਹ ਗੁਰੂ ਵਲ ਹੈ ਅਰਥਾਤ ਜੋ ਹਮੇਸ਼ਾਂ ਗੁਰੂ ਦੇ ਸਨਮੁਖ ਹੈ ਅਰਥਾਤ ਆਪਣੇ ਜੀਵਨ ਦੀ ਗੱਡੀ ਨੂੰ ਗੁਰੂ ਦੀ ਸਿੱਖਿਆ ਅਨੁਸਾਰ ਚਲਾਂਦਾ ਹੈ ਕਦੇ ਗੁਰੂ ਵੱਲ ਪਿੱਠ ਨਹੀਂ ਕਰਦਾ ਤੇ ਗੁਰੂ ਦੀ ਸਿੱਖਿਆ ਤੇ ਚੱਲ ਕੇ, ਵਿਕਾਰਾਂ/ਔਗੁਣਾਂ ਤੋਂ ਛੁਟਕਾਰਾ ਪਾ ਕੇ, ਸੰਸਾਰ ਸਮੁੰਦਰ ਵਿਚੋਂ ਪਾਰ ਹੋ ਜਾਂਦਾ ਹੈ ਤੇ ਆਤਮਿਕ ਤੌਰ ਤੇ ਜੀਵਨ ਮੁਕਤ ਹੋ ਜਾਂਦਾ ਹੈ।
ਇਸ ਦੇ ਉੱਲਟ ਮਨਮੁਖ, ਉਹ ਮਨੁੱਖ ਹੈ ਜਿਸ ਦਾ ਮੂੰਹ ਆਪਣੇ ਮਨ ਵਲ ਹੈ, ਗੁਰੂ ਤੋਂ ਬੇਮੁੱਖ ਅਰਥਾਤ ਗੁਰੂ ਵੱਲ ਉਸ ਦੀ ਪਿੱਠ ਹੈ, ਗੁਰੂ ਦੀ ਸਿੱਖਿਆ ਤਾਂ ਲੈਣੀ ਦੂਰ ਰਹੀ, ਉਸ ਦੇ ਨੇੜੇ ਵੀ ਨਹੀਂ ਜਾਂਦਾ, ਹਉਮੈ/ਔਗੁਣਾਂ ਵਿਚ ਫ਼ਸਿਆ ਰਹਿੰਦਾ ਹੈ, ਮਾਇਆ ਦੇ ਬੰਧਨਾਂ/ਵਿਕਾਰਾਂ ਵਿਚ ਫ਼ਸਿਆ ਹੋਇਆ ਹੀ ਆਪਣਾ ਜੀਵਨ ਗੁਜ਼ਾਰ ਜਾਂਦਾ ਹੈ ਤੇ ਠੇਡੇ ਖਾਂਦਾ ਹੋਇਆ ਹੀ ਆਪਣੇ ਜੀਵਨ ਦੀ ਬਾਜ਼ੀ ਹਾਰ ਕੇ ਚਲਾ ਜਾਂਦਾ ਹੈ।
ਇਥੋਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਮਨੁੱਖਾਂ ਦੀ ਬਹੁਗਿਣਤੀ ਮਨਮੁਖਾਂ ਦੀ ਹੈ ਜੋ ਮਾਇਆ ਵਿਚ ਫ਼ਸੇ ਹੋਣ ਕਰਕੇ ਹਰ ਵਕਤ ਸੁੱਖਾਂ ਦੀ ਮੰਗ ਕਰਦੇ ਹਨ ਪਰ ਉਨ੍ਹਾਂ ਦੀ ਸਾਰੀ ਉਮਰ ਦੁੱਖਾਂ ਵਿਚ ਬੀਤ ਜਾਂਦੀ ਹੈ।
ਇਸ ਲਈ ਜ਼ਰੂਰੀ ਹੈ ਗੁਰਮੁਖ ਬਣਨ ਦੀ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜੇ ਰਹਿ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚ ਕੇ ਦੁੱਖ ਤੇ ਸੁੱਖ ਦੇ ਚੱਕਰ ਵਿਚੋਂ ਨਿਕਲ ਕੇ ਅੰਤ ਵਿਚ ਆਤਮਿਕ ਤੌਰ ਤੇ ਜੀਵਨ ਮੁਕਤ ਹੋਣ ਦੀ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————————
ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ ॥ ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥ ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥੪॥ (ਪੰਨਾ 751)
ਅਰਥ: (ਮਾਇਆ-ਵੇੜ੍ਹੇ ਮਨੁੱਖ ਦਾ) ਮਨ ਸਦਾ ਦੁਨੀਆ ਵਾਲੇ ਚਾਉ-ਮਲ੍ਹਾਰ ਹੀ ਕਰਦਾ ਹੈ ਤੇ ਸਦਾ ਸੁਖ ਹੀ ਮੰਗਦਾ ਹੈ, ਪਰ (ਜਿਤਨਾ ਚਿਰ) ਕਰਤਾਰ ਉਸ ਦੇ ਚਿੱਤ ਵਿਚ ਨਹੀਂ ਵੱਸਦਾ, ਉਸ ਨੂੰ ਮੁੜ ਮੁੜ ਦੁੱਖ ਵਿਆਪਦੇ ਰਹਿੰਦੇ ਹਨ।
(ਹਾਂ,) ਜਿਸ ਮਨ ਵਿਚ ਸੁਖ ਦੁਖ ਦੇਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ (ਤੇ ਉਹ ਸੁਖਾਂ ਦੀ ਲਾਲਸਾ ਨਹੀਂ ਕਰਦਾ) ।੪।