meaning of this shabad according to gurbani
shabad meaning
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਦੋ ਪੰਗਤੀਆਂ ‘ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥’ ਲਿਖ ਕੇ ਸ਼ਬਦ ਦੇ ਅਰਥ ਪੁੱਛੇ ਹਨ। ਇਹ ਸ਼ਬਦ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਦਾ, ਧਨਾਸਰੀ ਰਾਗ ਵਿਚ, ਉਚਾਰਨ ਕੀਤਾ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 681ਤੇ ਸੁਸ਼ੋਭਿਤ ਹੈ। ਪੂਰਾ ਸ਼ਬਦ ਤੇ ਉਸ ਦੇ ਅਰਥ ਹੇਠਾਂ ਦਿੱਤੇ ਹਨ ।
ਸ਼ਬਦ ਦੇ ਅਰਥ ਪੜ੍ਹਨ ਤੇ ਇਹ ਹੀ ਲੱਗਦਾ ਹੈ ਕਿ ਅਕਾਲਪੁਰਖ ਆਪਣੇ ਦਾਸਾਂ/ਸੇਵਕਾਂ ਦੀ ਸਦਾ ਰਾਖੀ ਕਰਦਾ ਹੈ ਤੇ ਉਨ੍ਹਾਂ ਨੂੰ ਆਪਣੇ ਗਲ ਨਾਲ ਲੱਗਾ ਕੇ ਉਨ੍ਹਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ। ਉਨ੍ਹਾਂ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਉਨ੍ਹਾਂ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ ਅਤੇ ਉਹ ਜੋ ਕੁੱਝ ਵੀ ਮੰਗਦੇ ਹਨ, ਉਹ ਦੇਂਦਾ ਹੈ।
ਅੱਗੇ ਮਲਾਰ ਰਾਗ ਵਿਚ ਆਪਣੇ ਸ਼ਬਦ ਵਿਚ ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਸਮਝਾਉਂਦੇ ਹਨ ਕਿ ਜਿਸ ਬੱਚੇ ਦਾ ਤੂੰ ਪਿਤਾ ਹੈ, ਉਸ ਨੂੰ ਕੋਈ ਮਾਇਕ ਭੁੱਖ ਨਹੀਂ ਰਹਿ ਜਾਂਦੀ ਅਤੇ ਉਹ ਨਾਮ ਦੀ ਦਾਤ ਹੈ ਮੰਗਦਾ ਹੈ ਹਾਲਾਂ ਕਿ ਦਾਤਾਰ ਪਿਤਾ ਨੇ ਆਗਿਆ ਕੀਤੀ ਹੁੰਦੀ ਹੈ ਕਿ ਬੱਚਾ ਜੋ ਮੰਗੇ, ਉਹ ਦੇ ਦੇਣਾ ਹੈ:
ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥ ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥ ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥ ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥ {ਪੰਨਾ 1266} ਅਰਥਾਤ ਹੇ ਮੇਰੇ ਮਾਲਕ-ਪ੍ਰਭੂ! ਜਿਸ (ਬੱਚੇ) ਦਾ ਤੂੰ ਪਿਤਾ (ਵਾਂਗ ਰਾਖਾ) ਹੈਂ, ਉਸ ਬੱਚੇ ਨੂੰ ਕੋਈ (ਮਾਇਕ) ਭੁੱਖ ਨਹੀਂ ਰਹਿ ਜਾਂਦੀ। ਤੇਰੇ ਘਰ ਵਿਚ ਤੇਰਾ ਨਾਮ-ਖ਼ਜ਼ਾਨਾ ਹੈ (ਇਹੀ ਹੈ) ਨੌ ਖ਼ਜ਼ਾਨੇ। ਉਹ ਜੋ ਕੁਝ ਆਪਣੇ ਮਨ ਵਿਚ (ਤੈਥੋਂ) ਮੰਗਦਾ ਹੈ, ਉਹ ਕੁਝ ਹਾਸਲ ਕਰ ਲੈਂਦਾ ਹੈ।3।
ਹੇ ਭਾਈ! ਕਿਰਪਾਲ ਪਿਤਾ-ਪ੍ਰਭੂ ਨੇ ਇਹ ਹੁਕਮ ਦੇ ਰੱਖਿਆ ਹੈ, ਕਿ ਬਾਲਕ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ। ਹੇ ਪ੍ਰਭੂ! ਤੇਰਾ ਬੱਚਾ ਨਾਨਕ ਤੇਰਾ ਦਰਸਨ ਚਾਹੁੰਦਾ ਹੈ (ਤੇ, ਆਖਦਾ ਹੈ– ਹੇ ਪ੍ਰਭੂ!) ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ।4।
ਹੋਰ ਅੱਗੇ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ, ਰਾਗ ਰਾਮਕਲੀ ਕੀ ਵਾਰ ਵਿਚ ਆਪਣੇ ਸਲੋਕ ਵਿਚ ਫੁਰਮਾਉਂਦੇ ਹਨ:
ਮਃ ੫ ॥ ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥ {ਪੰਨਾ 958} ਅਰਥਾਤ ਅਰਥ: ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਤੈਥੋਂ) ਕੁਝ ਹੋਰ ਮੰਗਣਾ ਭਾਰੇ ਦੁੱਖ ਸਹੇੜਨੇ ਹਨ; (ਹੇ ਪ੍ਰਭੂ!) ਮੈਨੂੰ ਆਪਣਾ ਨਾਮ ਦੇਹ ਤਾਂ ਜੁ ਮੈਨੂੰ ਸੰਤੋਖ ਆ ਜਾਏ ਤੇ ਮੇਰੇ ਮਨ ਦੀ ਤ੍ਰਿਸ਼ਨਾ ਮੁੱਕ ਜਾਏ।
ਹੇ ਨਾਨਕ! ਜਿਸ ਗੁਰੂ ਨੇ ਜੰਗਲ ਤੇ (ਜੰਗਲ ਦਾ ਸੁੱਕਾ) ਘਾਹ ਹਰਾ ਕਰ ਦਿੱਤਾ, ਮਨੁੱਖਾਂ ਨੂੰ ਹਰਾ ਕਰਨਾ ਉਸ ਦੇ ਵਾਸਤੇ ਕੇਹੜੀ ਵੱਡੀ ਗੱਲ ਹੈ?।2।
ਇਸ ਲਈ ਜੇ ਦਾਤੇ ਕੋਲੋਂ ਕੁੱਝ ਮੰਗਣਾ ਹੈ ਤਾਂ ਨਾਮ ਦੀ ਦਾਤ ਹੀ ਮੰਗੀਏ ਤਾਂ ਜੋ ਸੰਤੋਖ ਆ ਜਾਵੇ ਤੇ ਮਨ ਦੀ ਤ੍ਰਿਸ਼ਨਾ ਮੁੱਕ ਜਾਵੇ। ਹੋਰ ਦੁਨਿਆਵੀ ਪਦਾਰਥਾਂ ਨੂੰ ਮੰਗਣ ਵਿਚ ਦੁੱਖ ਹੀ ਦੁੱਖ ਹਨ।
ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਜ਼ਰੂਰੀ ਹੈ ਕਿ ਮਨੁੱਖ/ਸਿੱਖ ਵਿਕਾਰਾਂ ਤੋਂ ਛੁਟਕਾਰਾ ਪਾਵੇ, ਸਚਿਆਰ/ਗੁਣਵਾਨ (ਗੁਰਮੁਖ) ਬਣੇ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜੇ ਤੇ ਆਤਮਿਕ ਅਡੋਲਤਾ ਤੇ ਆਤਮਿਕ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚੇ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੀ ਜੀਉਂਦੇ ਜੀਅ ਆਤਮਿਕ ਤੌਰ ਤੇ ਮੁਕਤ ਹੋਣਾ ਹੈ ਕਿਉਂਕਿ ਸਿੱਖੀ ਵਿਚ ਮਰ ਕੇ ਮੁਕਤ ਹੋਣ ਦਾ ਕੋਈ ਸਿਧਾਂਤ ਨਹੀਂ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਤੁਹਾਡਾ ਵੀਰ
——————
ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ {ਪੰਨਾ 681}
ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ। (ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ।ਰਹਾਉ।
ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ।੧।
ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ! ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ।੨।੧੪।੪੫।