Please explain this
Please explain this
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਤੁਸੀਂ ਕਾਨੜਾ ਰਾਗ ਵਿਚ ਚੋਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਨ ਕੀਤੇ ਹੋਏ ਸ਼ਬਦ ਦੀ ਇੱਕ ਲਾਈਨ ‘ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥’ ਨੂੰ ਲਿੱਖ ਕੇ ਇਸ ਉੱਪਰ ਵਿਚਾਰ ਪੁੱਛੀ ਹੈ। ਪੂਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1295 ਤੇ ਸੁਸ਼ੋਭਿਤ ਹੈ। ਸ਼ਬਦ ਤੇ ਉਸ ਦੇ ਅਰਥ ਹੇਠਾਂ ਦਿੱਤੇ ਹਨ। ਸ਼ਬਦ ਵਿਚ ਪਰਮਾਤਮਾ ਦੇ ਪਿਆਰ ਦੀ, ਗ੍ਰਿਹਸਤ ਵਿਚ ਰਹਿ ਕੇ ਮਾਇਆ ਦੇ ਮੋਹ ਤੋਂ ਨਿਰਲੇਪ ਰਹਿਣ ਦੀ, ਨਾਮ ਜਪ ਕੇ ਆਨੰਦ ਬਣਨ ਤੇ ਮਨ ਦੇ ਖਿੜਨ ਦੀ ਪਾਪਾਂ ਦੇ ਨਾਸ ਹੋਣ ਦੀ ਗੱਲ ਤਾਂ ਹੈ ਹੀ ਹੈ ਪਰ ਗੁਰੂ ਸਾਹਿਬ ਦੀ ਨਿਮਰਤਾ ਦੇਖੋ ਕਿ ਆਪਣੇ ਆਪ ਨੂੰ ਕੀੜੇ ਤੇ ਪੱਥਰਾਂ ਵਾਂਗ ਭਾਰੇ ਆਖ ਰਹੇ ਹਨ। ਨਾਲ ਹੀ ਇਹ ਕਹਿ ਰਹੇ ਹਨ ਕਿ ਸਾਰੇ ਜੀਵ-ਜੰਤ ਅਸੀਂ ਇਨਸਾਨ ਅਖਵਾਉਣ ਵਾਲਿਆਂ ਨਾਲੋਂ ਉੱਚੇ ਹਨ ਕਿਉਂਕਿ ਅਸੀਂ ਔਗੁਣਾਂ ਤੇ ਵਿਸ਼ੇ-ਵਿਕਾਰਾਂ ਨਾਲ ਭਰੇ ਪਏ ਹਾਂ। ਛੁਟਕਾਰਾ ਪਾਉਣ ਦਾ ਰਸਤਾ ਵੀ ਦੱਸਦੇ ਹਨ ਕਿ ਸਾਧ ਸੰਗਤ ਵਿਚ ਗੁਰੂ ਨਾਲ ਜੁੜ ਕੇ ਔਗੁਣ ਮਿਟਾ ਕੇ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ।
ਉਮੀਦ ਕਰਦਾ ਹਾਂ ਕਿ ਗੁਰਸ਼ਬਦ ਦੀ ਰੋਸ਼ਨੀ ਵਿਚ ਆਪ ਜੀ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਅੱਗੇ ਕੋਈ ਸਵਾਲ ਹੋਵੇ ਤਾਂ ਦੱਸਣਾ ਜੀ।
ਆਦਰ ਸਹਿਤ,
ਆਪ ਦਾ ਵੀਰ
———————–
ਕਾਨੜਾ ਮਹਲਾ ੪ ॥ ਜਪਿ ਮਨ ਰਾਮ ਨਾਮ ਪਰਗਾਸ ॥ ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥੧॥ ਰਹਾਉ ॥ ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥ ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥੧॥ ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥ ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥੨॥ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥ ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥੩॥ ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥ ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥ {ਪੰਨਾ 1295}
ਅਰਥ: ਹੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਂਦਾ ਹੈ) । ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ (ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ) ਪਿਆਰ ਬਣ ਜਾਂਦਾ ਹੈ, ਉਹ ਗ੍ਰਿਹਸਤ ਵਿਚ ਹੀ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ।1। ਰਹਾਉ।
ਹੇ ਭਾਈ! ਕਿਰਪਾਲ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਅਸਾਂ ਹਿਰਦੇ ਵਿਚ ਉਸ ਦਾ ਨਾਮ ਜਪਿਆ। (ਨਾਮ ਦੀ ਬਰਕਤਿ ਨਾਲ) ਹਰ ਵੇਲੇ (ਸਾਡੇ ਅੰਦਰ) ਆਨੰਦ ਬਣ ਗਿਆ, (ਸਾਡਾ) ਮਨ ਖਿੜ ਪਿਆ, (ਸਿਮਰਨ ਦਾ ਹੋਰ) ਉੱਦਮ ਹੁੰਦਾ ਗਿਆ, (ਪ੍ਰਭੂ ਨੂੰ) ਮਿਲਣ ਦੀ ਆਸ ਬਣਦੀ ਗਈ।1।
ਹੇ ਭਾਈ! ਅਸਾਂ ਜਿਨ੍ਹਾਂ ਜੀਵਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ (ਤੇ) ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਨਾਮ ਜਪਿਆ, ਉਹਨਾਂ ਦੇ) ਇਕ ਖਿਨ ਵਿਚ ਹੀ ਸਾਰੇ ਪਾਪ ਸੜ ਗਏ, ਮਾਇਆ ਦੀਆਂ ਫਾਹੀਆਂ ਟੁੱਟ ਗਈਆਂ।2।
ਪਰ, ਹੇ ਭਾਈ! ਅਸਾਂ ਜੀਵਾਂ ਦੀ ਕੀਹ ਪਾਂਇਆਂ ਹੈ? ਅਸੀਂ ਤਾਂ ਕੀੜੇ ਹਾਂ। ਅਸੀਂ ਕੀਹ ਕਰਮ ਕਰ ਸਕਦੇ ਹਾਂ? ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ (ਆਪ ਹੀ) ਰੱਖਿਆ ਕਰਦਾ ਹੈ। ਅਸੀਂ ਔਗੁਣਾਂ ਨਾਲ ਭਰੇ ਰਹਿੰਦੇ ਹਾਂ, (ਔਗੁਣਾਂ ਦੇ ਭਾਰ ਨਾਲ) ਪੱਥਰ ਵਰਗੇ ਭਾਰੇ ਹਾਂ (ਅਸੀਂ ਕਿਵੇਂ ਇਸ ਸੰਸਾਰ-ਸਮੁੰਦਰ ਵਿਚੋਂ ਤਰ ਸਕਦੇ ਹਾਂ?) ਸਾਧ ਸੰਗਤਿ ਵਿਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ, (ਉਹ ਮਾਲਕ) ਪਾਰ ਲੰਘਾਂਦਾ ਹੈ।3।
ਹੇ ਭਾਈ! ਜਗਤ ਦੇ ਮਾਲਕ-ਪ੍ਰਭੂ ਨੇ ਜਿਤਨੀ ਭੀ ਸ੍ਰਿਸ਼ਟੀ ਰਚੀ ਹੈ (ਇਸ ਦੇ) ਸਾਰੇ ਜੀਵ ਜੰਤ (ਅਸਾਂ ਮਨੁੱਖ ਅਖਵਾਣ ਵਾਲਿਆਂ ਨਾਲੋਂ) ਉੱਚੇ ਹਨ, ਅਸੀਂ ਵਿਸ਼ੇ-ਵਿਕਾਰਾਂ ਵਿਚ ਪੈ ਕੇ ਨੀਵੇਂ ਹਾਂ। ਹੇ ਦਾਸ ਨਾਨਕ! ਪ੍ਰਭੂ ਸਾਡੇ ਔਗੁਣ ਗੁਰੂ ਦੀ ਸੰਗਤਿ ਵਿਚ ਮਿਟਾਂਦਾ ਹੈ। ਗੁਰੂ ਸਾਨੂੰ ਪ੍ਰਭੂ ਨਾਲ ਮਿਲਾਂਦਾ ਹੈ।4।3।