see pic above please.🙏🏻🙏🏻🙏🏻
Please explain following
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਦੀ ਪੰਗਤੀ ‘ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥’ ਲਿੱਖ ਕੇ ਸ਼ਬਦ ਦੀ ਵਿਚਾਰ ਮੰਗੀ ਹੈ।
ਇਹ ਸ਼ਬਦ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ, ਮਾਝ ਰਾਗ ਵਿਚ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 96-97 ਤੇ ਸੁਸ਼ੋਭਿਤ ਹੈ। ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।
ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਬਦ ਬਿਰਹੋਂ ਅਵਸਥਾ ਦਾ ਸ਼ਬਦ ਹੈ ਤੇ ਇਸ ਤਰ੍ਹਾਂ ਦੇ ਕਈ ਹੋਰ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ। ਇਸ ਸ਼ਬਦ ਦੇ ਨਾਲ ਮਨ-ਘੜਤ ਚਿੱਠੀਆਂ ਵਾਲੀ ਕਹਾਣੀ ਜੋੜੀ ਗਈ ਹੈ, ਜੋ ਕਿ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉੱਤਰਦੀ ਨਹੀਂ ਹੈ ਕਿਉਂਕਿ ਕਹਾਣੀ ਵਿਚ ਇਹ ਦੱਸਿਆ ਗਿਆ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਨੇ ਚੌਥੇ ਗੁਰੂ ਸਰੀਰ ਦੇ ਵਿਯੋਗ ਵਿਚ ਉਦੋਂ ਉਚਾਰਿਆ ਜਦੋਂ ਉਹ ਹਾਲੇ ਗੁਰੂ ਬਣੇ ਨਹੀਂ ਸਨ। ਇਹ ਸੰਭਵ ਨਹੀਂ ਹੈ ਕਿਉਂਕਿ ਗੁਰੂ ਬਣੇ ਬਿਨਾਂ ਉਹ ਨਾਨਕ ਛਾਪ ਇਸਤੇਮਾਲ ਨਹੀਂ ਕਰ ਸਕਦੇ ਸਨ।
ਇਸ ਸ਼ਬਦ ਨੂੰ ਗੁਰੂ ਸਾਹਿਬ ਨੇ ਸਿਰਲੇਖ ਵਿਚ ਚਉਪਦੇ ਲਿੱਖਿਆ ਹੈ ਅਰਥਾਤ ਇਸ ਦੇ ਚਾਰ ਬੰਦ ਹਨ। ਆਮ ਤੌਰ ਤੇ ਸ਼ਬਦਾਂ ਵਿਚ ਇੱਕ ਰਹਾਉ ਹੁੰਦਾ ਹੈ, ਜਿਸ ਵਿਚ ਸ਼ਬਦ ਦਾ ਕੇਂਦਰੀ ਵਿਚਾਰ ਹੁੰਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਸ਼ਬਦ ਵਿਚ ਚਾਰ ਰਹਾਉ ਹਨ ਅਰਥਾਤ ਹਰ ਬੰਦ ਦਾ ਕੇਂਦਰੀ ਵਿਚਾਰ ਵੱਖ਼ਰਾ ਹੈ।
ਪਹਿਲੇ ਬੰਦ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੰਤ ਗੁਰੂ ਅਰਥਾਤ ਸ਼ਬਦ ਗੁਰੂ ਦੇ ਦਰਸ਼ਨਾਂ (ਗਿਆਨ) ਤੋਂ ਬਿਨਾਂ ਮੇਰੀ ਆਤਮਿਕ ਤ੍ਰੇਹ ਮਿੱਟਦੀ ਨਹੀਂ ਹੈ।
ਦੂਜੇ ਬੰਦ ਵਿਚ ਪ੍ਰਭੂ ਦੇ ਦਰਸ਼ਨ ਦੀ ਯਾਚਨਾ ਕਰਦੇ ਹਨ ਕਿਉਂਕਿ ਉਸ ਨਾਲ ਆਤਮਿਕ ਅਡੋਲਤਾ ਦੀ ਅਵਸਥਾ ਮਿੱਲਦੀ ਹੈ। ਇਥੇ ਇਹ ਕਹਿਣਾ ਜ਼ਰੂਰੀ ਹੋਵੇਗਾ ਕਿ ਗੁਰਬਾਣੀ ਅਨੁਸਾਰ ਪ੍ਰਭੂ ਪਰਮਾਤਮਾ/ਅਕਾਲਪੁਰਖ ਤੇ ਸ਼ਬਦ ਗੁਰੂ, ਆਤਮਿਕ ਤੌਰ ਤੇ ਇੱਕ ਰੂਪ ਹਨ। ਇਸ ਲਈ ਇੱਥੇ ਵੀ ਗਿਆਨ ਦੀ ਯਾਚਨਾ ਹੀ ਕਰ ਰਹੇ ਹਨ।
ਤੀਜੇ ਬੰਦ ਵਿਚ ਵੀ ਅਕਾਲਪੁਰਖ ਤੇ ਸ਼ਬਦ ਗੁਰੂ ਅਰਥਾਤ ਗਿਆਨ ਦੇ ਹਰ ਵਕਤ ਅੰਗਸੰਗ ਹੋਣ ਵਾਸਤੇ ਯਾਚਨਾ ਕਰ ਰਹੇ ਹਨ ਤੇ ਇੱਕ ਘੜੀ ਦੇ ਵਿਛੋੜੇ ਨੂੰ ਵੀ ਸਹਿਣ ਵਾਸਤੇ ਤਿਆਰ ਨਹੀਂ ਹਨ। ਨਾਲ ਇਹ ਵੀ ਸਮਝਾ ਰਹੇ ਹਨ ਕਿ ਸ਼ਬਦ ਗੁਰੂ ਦੀ ਸ਼ਰਨ ਪਏ ਬਿਨਾਂ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ।
ਚੌਥੇ ਬੰਦ ਵਿਚ ਸ਼ਬਦ ਗੁਰੂ ਦੇ ਗਿਆਨ ਸਦਕਾ ਪਰਮਾਤਮਾ ਨੂੰ ਆਪਣੇ ਹਿਰਦੇ ਘਰ ਵਿਚ ਲੱਭਣਾ ਸਿਖਾ ਰਹੇ ਹਨ ਤੇ ਪਰਮਾਤਮਾ ਦੇ ਸੇਵਕਾਂ ਦੀ ਸੇਵਾ ਦੀ ਦਾਤ ਵਾਸਤੇ ਯਾਚਨਾ ਕਰ ਰਹੇ ਹਨ ਤੇ ਇਕ ਸੈਕਿੰਡ ਵਾਸਤੇ ਵੀ ਇਸ ਸੇਵਾ ਤੋਂ ਹੱਟਣਾ ਨਹੀਂ ਚਾਹੁੰਦੇ। ਆਖ਼ਰੀ ਰਹਾਉ ਦੀ ਪੰਗਤੀ, ਜਿਸ ਦੀ ਤੁਸੀਂ ਵਿਚਾਰ ਮੰਗੀ ਹੈ, ਦੇ ਵਿਚ ਪ੍ਰਭੂ ਪਰਮਾਤਮਾ ਦੇ ਸੇਵਕਾਂ ਤੋਂ ਸਦਕੇ/ਕੁਰਬਾਣ ਜਾਣ ਦੀ ਸਿੱਖਿਆ ਦੇ ਰਹੇ ਹਨ।
ਤੁਸੀਂ ਦੇਖ ਸਕਦੇ ਹੋ ਕਿ ਇਸ ਸ਼ਬਦ ਵਿਚ ਸ਼ਬਦ ਗੁਰੂ ਦੇ ਉਪਦੇਸ਼ ਸਦਕਾ ਪ੍ਰਭੂ ਪਰਮਾਤਮਾ/ਅਕਾਲਪੁਰਖ ਨੂੰ ਹਰ ਵੇਲੇ ਅੰਗਸੰਗ ਜਾਣਨ ਦੀ ਸਿੱਖਿਆ ਦੇ ਰਹੇ ਹਨ ਤੇ ਪ੍ਰਭੂ ਪਰਮਾਤਮਾ ਦੇ ਸੇਵਕਾਂ ਦੀ ਵਡਿਆਈ ਕਰ ਰਹੇ ਹਨ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————
ਮਾਝ ਮਹਲਾ ੫ ਚਉਪਦੇ ਘਰੁ ੧ ॥ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥ ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ਚਿਰੁ ਹੋਆ ਦੇਖੇ ਸਾਰਿੰਗਪਾਣੀ ॥ ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥ ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥ ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ {ਪੰਨਾ 96-97}
ਅਰਥ: ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ (ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ। ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ।1।
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ।1। ਰਹਾਉ।
ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤਿ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ। ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ। ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ।2।
ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ।1। ਰਹਾਉ।
ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ (ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ, ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ। (ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ।3।
ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ।1। ਰਹਾਉ।
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
ਹੇ ਦਾਸ ਨਾਨਕ! (ਆਖ– ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ।4।
ਹੇ ਦਾਸ ਨਾਨਕ! (ਆਖ– ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ।1। ਰਹਾਉ।