
Please explain?
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਪੰਗਤੀ ‘ਦੁੰਦਰ ਬਾਧਹੁ ਸੁੰਦਰ ਪਾਵਹੁ’ ਲਿੱਖ ਕੇ ਵਿਚਾਰ ਮੰਗੀ ਹੈ।
ਕਬੀਰ ਜੀ ਦੇ ਪੂਰੇ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1159-60 ਤੇ ਸੁਸ਼ੋਭਿਤ ਹੈ, ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ। ਦੁੰਦਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਕਈ ਦਫ਼ਾ ਆਇਆ ਹੈ ਤੇ ਇਸ ਦਾ ਅਰਥ ਹੈ ‘ਲੜਾਕਾ, ਝਗੜਾਲੂ ਆਦਿ’ ਪਰ ਇਸ ਸ਼ਬਦ ਵਿਚ ਅਰਥ ‘ਰੌਲਾ ਪਾਣ ਵਾਲੇ ਕਾਮਾਦਿਕ, ਲਿਆ ਗਿਆ ਹੈ।
ਇਸ ਸ਼ਬਦ ਵਿਚ ਕਬੀਰ ਜੀ ਉਪਦੇਸ਼ ਦੇ ਰਹੇ ਹਨ ਕਿ ਪ੍ਰਭੂ ਨੂੰ ਸਤਵੇਂ ਅਸਮਾਨ ਤੇ ਨਾਂਹ ਜਾਣ ਬਲਕਿ ਹਾਜ਼ਰ ਨਾਜ਼ਰ ਜਾਣ ਕਿਉਂਕਿ ਪ੍ਰਭੂ ਉਹ ਹੈ, ਜੋ ਸਭ ਵਿਚ ਵਿਆਪਕ ਹੈ ਤੇ ਸਭ ਦਾ ਸਾਂਝਾ ਹੈ। ਕਬੀਰ ਜੀ ਸਿੱਖਿਆ ਦਿੰਦੇ ਹਨ ਕਿ ਜੇ ਤੂੰ ਉਸ ਪ੍ਰਭੂ ਨਾਲ ਸਾਂਝ ਪਾਉਣਾਂ ਚਾਹੁੰਦਾ ਹੈ ਤਾਂ ਤੂੰ ਮਨ ਨੂੰ ਵੱਸ ਕਰਨ ਦਾ ਜਤਨ ਕਰ ਕੇ, ਕਾਮਾਦਿਕ ਤੇ ਹੋਰ ਵਿਕਾਰਾਂ ਨੂੰ ਕਾਬੂ ਵਿਚ ਰੱਖ। ਗੁਣ ਧਾਰਨ ਕਰ ਤਾਂ ਜੋ ਮੌਤ ਦੇ ਸਹਿਮ/ਡਰ, ਜਿਸ ਤੋਂ ਸਾਰਾ ਸੰਸਾਰ ਕੰਬਦਾ ਹੈ, ਤੋਂ ਅਜ਼ਾਦ ਹੋ ਜਾਵੇਂ। ਗੁਰਬਾਣੀ ਦਾ ਸੁਨੇਹਾ ਇਹ ਹੀ ਹੈ ਕਿ ਔਗੁਣਾਂ/ਵਿਕਾਰਾਂ ਤੋਂ ਛੁਟਕਾਰਾ ਪਾ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ ਅਰਥਾਤ ਜੀਵਨ ਮੁਕਤ ਹੋ ਜਾ ਕਿਉਂਕਿ ਸਿੱਖੀ ਵਿਚ ਮਰ ਕੇ ਮੁਕਤ ਹੋਣ ਦਾ ਕੋਈ ਸਿਧਾਂਤ ਨਹੀਂ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
———————–
ਸੋ ਮੁਲਾਂ ਜੋ ਮਨ ਸਿਉ ਲਰੈ ॥ ਗੁਰ ਉਪਦੇਸਿ ਕਾਲ ਸਿਉ ਜੁਰੈ ॥ ਕਾਲ ਪੁਰਖ ਕਾ ਮਰਦੈ ਮਾਨੁ ॥ ਤਿਸੁ ਮੁਲਾ ਕਉ ਸਦਾ ਸਲਾਮੁ ॥੧॥ ਹੈ ਹਜੂਰਿ ਕਤ ਦੂਰਿ ਬਤਾਵਹੁ ॥ ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥ ਕਾਜੀ ਸੋ ਜੁ ਕਾਇਆ ਬੀਚਾਰੈ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥ ਸੁਪਨੈ ਬਿੰਦੁ ਨ ਦੇਈ ਝਰਨਾ ॥ ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥ ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥ ਬਾਹਰਿ ਜਾਤਾ ਭੀਤਰਿ ਆਨੈ ॥ ਗਗਨ ਮੰਡਲ ਮਹਿ ਲਸਕਰੁ ਕਰੈ ॥ ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥ ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮੁ ਉਚਰੈ ॥ ਮੁਸਲਮਾਨ ਕਾ ਏਕੁ ਖੁਦਾਇ ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥ {ਪੰਨਾ 1159-1160}
ਅਰਥ: (ਹੇ ਮੁੱਲਾਂ!) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀ ਉਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿਉਂ (ਬੈਠਾ) ਦੱਸਦੇ ਹੋ? ਜੇ ਉਸ ਸੁਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿਚ ਰੱਖੋ।1। ਰਹਾਉ।
ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ) , ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ, ਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ। ਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ।1।
ਅਸਲ ਕਾਜ਼ੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ, ਸਰੀਰ ਵਿਚ ਪ੍ਰਭੂ ਦੀ ਜੋਤ ਨੂੰ ਰੌਸ਼ਨ ਕਰੇ, ਸੁਪਨੇ ਵਿਚ ਭੀ ਕਾਮ ਦੀ ਵਾਸ਼ਨਾ ਮਨ ਵਿਚ ਨਾਹ ਆਉਣ ਦੇਵੇ। ਅਜਿਹੇ ਕਾਜ਼ੀ ਨੂੰ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ।2।
ਅਸਲ ਸੁਲਤਾਨ (ਬਾਦਸ਼ਾਹ) ਉਹ ਹੈ ਜੋ (ਗਿਆਨ ਤੇ ਵੈਰਾਗ ਦੇ) ਦੋ ਤੀਰ ਤਾਣਦਾ ਹੈ, ਬਾਹਰ ਦੁਨੀਆ ਦੇ ਪਦਾਰਥਾਂ ਵਲ ਭਟਕਦੇ ਮਨ ਨੂੰ ਅੰਦਰ ਵਲ ਲੈ ਆਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਹੈ। ਉਹ ਸੁਲਤਾਨ ਆਪਣੇ ਸਿਰ ਤੇ (ਅਸਲ) ਛਤਰ ਝੁਲਵਾਉਂਦਾ ਹੈ।3।
ਜੋਗੀ (ਪ੍ਰਭੂ ਨੂੰ ਵਿਸਾਰ ਕੇ) ਗੋਰਖ ਗੋਰਖ ਜਪਦਾ ਹੈ, ਹਿੰਦੂ (ਸ੍ਰੀ ਰਾਮ ਚੰਦਰ ਦੀ ਮੂਰਤੀ ਵਿਚ ਹੀ ਮਿਥੇ ਹੋਏ) ਰਾਮ ਦਾ ਨਾਮ ਉਚਾਰਦਾ ਹੈ, ਮੁਸਲਮਾਨ ਨੇ (ਸਤਵੇਂ ਅਸਮਾਨ ਵਿਚ ਬੈਠਾ ਹੋਇਆ) ਨਿਰਾ ਆਪਣਾ (ਮੁਸਲਮਾਨਾਂ ਦਾ ਹੀ) ਰੱਬ ਮੰਨ ਰੱਖਿਆ ਹੈ। ਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ, ਜੋ ਸਭ ਵਿਚ ਵਿਆਪਕ ਹੈ (ਤੇ ਸਭ ਦਾ ਸਾਂਝਾ ਹੈ) ।4।3।11।