Is perceiving God as formless spirit or consciousness wrong or is there a better approach? Is there anything that needs to be changed in this perspective?
Is perceiving God as formless spirit or consciousness wrong or is there a better approach? Is there anything that needs to be changed in this perspective?
Share
ਸਤਿਕਾਰ ਯੋਗ ਮਨਕਰਨ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਤੁਹਾਡਾ ਧਿਆਨ ਸੁਖਮਨੀ ਸਾਹਿਬ ਦੀ ਆਖਰੀ ਅਸ਼ਟਪਦੀ ਦੀ ਪਹਿਲੀ ਪਉੜੀ ਵੱਲ ਦਿਵਾਉਣਾ ਚਾਹੁੰਦਾ ਹੈ, ਜਿਸ ਵਿਚ ਸ਼ਬਦ ਗੁਰੂ ਉਪਦੇਸ਼ ਦੇ ਰਹੇ ਹਨ ਕਿ ਅਕਾਲਪੁਰਖ ਨੂੰ ਹਰ ਥਾਂ ਆਪਣੇ ਨੇੜੇ ਜਾਣ ਕੇ ਦੇਖ। ਇਹ ਸਿੱਖਿਆ ਪੱਲੇ ਬੰਨ੍ਹਣੀ ਪਵੇਗੀ ਤਾਂ ਜੋ ਚੇਤਨਾ (Consciousness) ਵਿਚ ਇਹ ਪੱਕੇ ਤੌਰ ਤੇ ਬੈਠ ਜਾਵੇ ਕਿ ਅਕਾਲਪੁਰਖ ਹਰ ਵੇਲੇ ਮੇਰੇ ਨਾਲ ਹੈ ਤੇ ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਹੈ ਜਿਸ ਨਾਲ ਮੇਰੀ ਆਤਮਿਕ ਮੌਤ ਹੋ ਜਾਵੇ। ਬਲਕਿ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲ ਕੇ ਗੁਰਮੁਖ ਬਣਨਾ ਹੈ ਤੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚਣਾ ਹੈ ਤਾਂ ਜੋ ਇਸੇ ਜੀਵਨ ਵਿਚ ਜੀਵਨ ਮੁਕਤ ਹੋਇਆ ਜਾ ਸਕੇ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————————-
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।
ਸਤਿਕਾਰ ਯੋਗ ਮਨਕਰਨ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਉਪਰਲੇ ਮੈਸੇਜ ਦੇ ਨਾਲ ਨਾਲ ਤੁਹਾਡਾ ਧਿਆਨ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੇ ਆਸਾ ਰਾਗ ਦੇ ਇੱਕ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 394 ਤੇ ਸੁਸ਼ੋਭਿਤ ਹੈ, ਵੱਲ ਵੀ ਦਿਵਾਉਣਾ ਚਾਹੁੰਦਾ ਹੈ, ਜਿਸ ਦੀ ਰਹਾਉ ਦੀ ਤੁੱਕ ਵਿਚ ਗੁਰੂ ਸਾਹਿਬ ਗੁਰੂ ਦੇ ਹਮੇਸ਼ਾਂ ਨਾਲ ਹੋਣ ਦੀ ਸਿੱਖਿਆ ਦੇ ਰਹੇ ਹਨ। ਗੁਰੂ ਸਾਹਿਬ ਨੇ ਸਾਡੇ ਨਾਲ ਸਰੀਰਕ ਤੌਰ ਤੇ ਹੋਣਾ ਨਹੀਂ ਹੈ ਪਰ ਗੁਰੂ ਸਾਹਿਬ ਦੀ ਸਿੱਖਿਆ ਹਮੇਸ਼ਾਂ ਸਾਡੇ ਨਾਲ ਹੋਣੀ ਹੈ ਤੇ ਇਸ ਗੱਲ ਨੂੰ ਅਸੀਂ ਆਪਣੀ ਚੇਤਨਾ (Consciousness) ਵਿਚ ਰੱਖਣਾ ਹੈ ਕਿ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਰੂਪ ਹਨ, ਹਮੇਸ਼ਾਂ ਸਾਡੇ ਨਾਲ ਹਨ, ਤੇ ਅਸੀਂ ਕੁੱਝ ਵੀ ਅਜਿਹਾ ਨਹੀਂ ਕਰਨਾ ਹੈ, ਜਿਸ ਨਾਲ ਸਾਡਾ ਆਤਮਿਕ ਮੌਤ ਹੁੰਦੀ ਹੋਵੇ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————————
ਆਸਾ ਘਰੁ ੭ ਮਹਲਾ ੫ ॥ ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥ ਸੰਗੀ ਸਾਥੀ ਸਗਲ ਤਰਾਂਈ ॥੧॥ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥੧॥ ਰਹਾਉ ॥ ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥ {ਪੰਨਾ 394}
ਅਰਥ: (ਹੇ ਭਾਈ! ਮੇਰਾ) ਗੁਰੂ ਸਦਾ ਮੇਰੇ ਨਾਲ ਵੱਸਦਾ ਹੈ ਮੇਰੇ ਅੰਗ-ਸੰਗ ਰਹਿੰਦਾ ਹੈ (ਗੁਰੂ ਦੀ ਹੀ ਕਿਰਪਾ ਨਾਲ) ਮੈਂ ਉਸ (ਪਰਮਾਤਮਾ) ਨੂੰ ਸਦਾ ਸਿਮਰ ਕੇ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।1।
(ਹੇ ਭਾਈ! ਅੰਗ-ਸੰਗ ਵੱਸਦੇ ਗੁਰੂ ਦੀ ਹੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਧਿਆਉਂਦਾ ਹਾਂ (ਇਸ ਤਰ੍ਹਾਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਹਾਂ) ਆਪਣੇ ਸੰਗੀਆਂ ਸਾਥੀਆਂ (ਗਿਆਨ-ਇੰਦ੍ਰਿਆਂ) ਨੂੰ ਪਾਰ ਲੰਘਾਣ ਜੋਗਾ ਬਣ ਰਿਹਾ ਹਾਂ।1।
(ਹੇ ਪ੍ਰਭੂ! ਇਹ ਤੇਰੇ ਮਿਲਾਏ ਹੋਏ ਗੁਰੂ ਦੀ ਮੇਹਰ ਹੈ ਕਿ) ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ ਤੇ (ਤੇਰਾ ਦਾਸ) ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ।2। 42। 93।